ਦਿਲਜੀਤ ਦੋਸਾਂਝ ਨੇ ਆਪਣੇ ਦਿੱਲੀ ਸ਼ੋਅ ਦੀ ਤਾਰੀਖ ਬਦਲ ਕੇ 30 ਅਕਤੂਬਰ ਕੀਤੀ
ਦਿੱਲੀ ਦੇ ਜੇ.ਐੱਲ.ਐੱਨ. ਸਟੇਡੀਅਮ ਵਿੱਚ ਹੋਵੇਗਾ ਪ੍ਰੋਗਰਾਮ
ਬਿੰਦਰ ਸਿੰਘ ਖੁੱਡੀ ਕਲਾਂ
ਨਵੀਂ ਦਿੱਲੀ ,11 ਅਕਤੂਬਰ
:ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਦੀ ਤਾਰੀਖ ਵਿੱਚ ਬਦਲਾਅ ਕਰ ਦਿੱਤਾ ਹੈ।ਇਹ ਸੋ਼ੋਅ ਹੁਣ 1 ਨਵੰਬਰ 2026 ਦੀ ਬਜਾਏ ਦੋ ਦਿਨ ਪਹਿਲਾਂ 30 ਅਕਤੂਬਰ 2026 ਨੂੰ ਦਿੱਲੀ ਦੇ ਇਤਿਹਾਸਕ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਵੇਗਾ।
ਇਸ ਤਬਦੀਲੀ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦਿਲਜੀਤ ਦੁਸਾਂਝ ਨੇ ਲਿਖਿਆ ਕਿ ਤਾਰੀਖ ਬਦਲਣ ਦਾ ਫ਼ੈਸਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੂੰ ਪੱਤਰ ਲਿਖ ਕੇ ਕੰਸਰਟ ਦੀ ਤਾਰੀਖ ਬਦਲਣ ਦੀ ਅਪੀਲ ਕੀਤੀ ਸੀ।ਇਸ ਦੇ ਨਾਲ ਹੀ
ਪੰਜਾਬੀ ਪ੍ਰਮੋਸ਼ਨ ਕੌਂਸਲ ਨੇ ਲਿਖਿਆ ਸੀ ਪੱਤਰ
ਕੌਂਸਲ ਨੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ 1 ਨਵੰਬਰ ਦਾ ਦਿਨ ਸਿੱਖ ਭਾਈਚਾਰੇ ਦੇ ਕਈ ਪਰਿਵਾਰਾਂ ਲਈ ਦਰਦਨਾਕ ਯਾਦਾਂ ਨਾਲ ਜੁੜਿਆ ਹੈ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ ਦੀਆਂ ਯਾਦਾਂ ਅੱਜ ਵੀ ਪੀੜਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਲਈ ਸੰਵੇਦਨਸ਼ੀਲ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਲੱਖਾ ਸਿਧਾਣਾ ਸਮੇਤ ਬਹੁਤ ਸਾਰੇ ਆਗੂਆਂ ਅਤੇ ਸੰਸਥਾਵਾਂ ਵੱਲੋਂ ਦਿਲਜੀਤ ਨੂੰ ਆਪਣੇ ਸੋ਼ੋਅ ਦੀ ਮਿਤੀ 'ਚ ਤਬਦੀਲੀ ਕਰਨ ਦੀ ਅਪੀਲ ਕੀਤੀ ਗਈ ਸੀ।
ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤਾਰੀਖ ਵਿੱਚ ਤਬਦੀਲੀ ਦਾ ਐਲਾਨ ਕਰਦਿਆਂ ਟਿਕਟਿੰਗ ਪਲੇਟਫਾਰਮ ਨੇ ਆਪਣੇ ਅਪਡੇਟ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਗਾਇਕ ਪੂਰੇ ਜੋਸ਼ ਨਾਲ ਉਨ੍ਹਾਂ ਲਈ ਲਾਈਵ ਪਰਫਾਰਮ ਕਰਨਗੇ।ਇਸ ਬਦਲਾਅ ਤੋਂ ਬਾਅਦ ਉਨ੍ਹਾਂ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰ ਲਈਆਂ ਸਨ। ਬੁੱਕਮਾਈਸ਼ੋ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਖਰੀਦੀਆਂ ਗਈਆਂ ਸਾਰੀਆਂ ਟਿਕਟਾਂ ਨਵੀਂ ਤਾਰੀਖ 30 ਅਕਤੂਬਰ ਨੂੰ ਹੋਣ ਵਾਲੇ ਸ਼ੋਅ ਲਈ ਪੂਰੀ ਤਰ੍ਹਾਂ ਵੈਧ ਅਤੇ ਮਾਨਤਾ ਪ੍ਰਾਪਤ ਰਹਿਣਗੀਆਂ। ਪ੍ਰਸ਼ੰਸਕਾਂ ਨੂੰ ਦੁਬਾਰਾ ਨਵੀਆਂ ਟਿਕਟਾਂ ਖਰੀਦਣ ਦੀ ਕੋਈ ਲੋੜ ਨਹੀਂ ਪਵੇਗੀ। ਹਾਲਾਂਕਿ, ਜਿਹੜੇ ਪ੍ਰਸ਼ੰਸਕ ਤਾਰੀਖ ਬਦਲਣ ਕਾਰਨ ਇਸ ਨਵੇਂ ਦਿਨ ਯਾਨੀ 30 ਅਕਤੂਬਰ ਨੂੰ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ, ਉਨ੍ਹਾਂ ਦੀ ਸਹੂਲਤ ਲਈ ਪਲੇਟਫਾਰਮ ਵੱਲੋਂ ਰਿਫੰਡ ਸਬੰਧੀ ਵੀ ਪ੍ਰਬੰਧ ਕੀਤੇ ਗਏ ਹਨ। ਅਜਿਹੇ ਲੋਕਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਇੱਕ ਰਿਫੰਡ ਬੇਨਤੀ ਲਿੰਕ ਭੇਜਿਆ ਜਾਵੇਗਾ। ਜਿਸ ਰਾਹੀਂ ਉਹ ਆਪਣੇ ਪੈਸੇ ਵਾਪਸ ਲੈਣ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਦਿਲਜੀਤ ਦੋਸਾਂਝ ਦਾ ਇਹ ਦਿੱਲੀ ਕੰਸਰਟ ਉਨ੍ਹਾਂ ਦੇ ਪੂਰੇ ਭਾਰਤ ਵਿੱਚ ਚੱਲ ਰਹੇ ਵਿਸ਼ਾਲ ‘ਆਰਾ ਇੰਡੀਆ ਟੂਰ’ ਦਾ ਇੱਕ ਅਹਿਮ ਹਿੱਸਾ ਹੈ।ਜਿਸ ਤਹਿਤ ਉਨ੍ਹਾਂ ਨੇ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨਾ ਹੈ। ਦਿੱਲੀ ਵਿੱਚ ਹੋਣ ਵਾਲੇ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦੇ ਟੂਰ ਦੇ ਅੱਗੇ ਦੇ ਪ੍ਰੋਗਰਾਮਾਂ ਵਿੱਚ ਇੰਦੌਰ,ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਰਗੇ ਵੱਡੇ ਸ਼ਹਿਰ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਚੰਡੀਗੜ੍ਹ ਸ਼ਹਿਰ ਨੂੰ ਵੀ ਇਸ ਟੂਰ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਚੰਡੀਗੜ੍ਹ ਦੇ ਕੰਸਰਟ ਦੀ ਅੰਤਿਮ ਤਾਰੀਖ ਅਤੇ ਜਗ੍ਹਾ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਣਾ ਬਾਕੀ ਹੈ।
ਦਿੱਲੀ ਸ਼ੋਅ ਦੀ ਤਾਰੀਖ ਨੂੰ ਦੋ ਦਿਨ ਅੱਗੇ ਯਾਨੀ 1 ਨਵੰਬਰ ਤੋਂ ਬਦਲ ਕੇ 30 ਅਕਤੂਬਰ ਕਰਨ ਨਾਲ ਪ੍ਰਸ਼ੰਸਕਾਂ ਨੂੰ ਹੁਣ ਆਪਣੀ ਯੋਜਨਾ ਉਸੇ ਹਿਸਾਬ ਨਾਲ ਤਿਆਰ ਕਰਨੀ ਪਵੇਗੀ। ਸੰਗੀਤ ਪ੍ਰੇਮੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਉਲਝਣ ਤੋਂ ਬਚਣ ਲਈ ਆਪਣੇ ਰਜਿਸਟਰਡ ਸੰਪਰਕ ਵੇਰਵਿਆਂ ਅਤੇ ਮੋਬਾਈਲ ਸੁਨੇਹਿਆਂ ਨੂੰ ਧਿਆਨ ਨਾਲ ਚੈੱਕ ਕਰਦੇ ਰਹਿਣ ਤਾਂ ਜੋ ਉਨ੍ਹਾਂ ਨੂੰ ਸ਼ੋਅ ਦੇ ਸਮੇਂ ਅਤੇ ਰਿਫੰਡ ਬਾਰੇ ਸਹੀ ਸਮੇਂ 'ਤੇ ਸੂਚਨਾ ਮਿਲ ਸਕੇ।
Posted By: GURBHEJ SINGH ANANDPURI