Nazrana Times

ਪੰਜਾਬੀ

ਸਾਵਧਾਨ ਪੰਜਾਬੀਓ ! ਵਿਦੇਸ਼ 'ਚ ਸੱਦ ਕੇ ਬੰਦੀ ਬਣਾਏ ਜਾ ਰਹੇ ਨੌਜਵਾਨ, ਅੰਬੈਸੀ ਵਲੋਂ ALERT ਜਾਰੀ

30 Jun, 2025 08:25 PM

ਇੰਟਰਨੈਸ਼ਨਲ ਡੈਸਕ- ਵਿਦੇਸ਼ਾਂ 'ਚ ਭਾਰਤੀਆਂ ਨਾਲ ਨੌਕਰੀ ਦੇ ਨਾਂ 'ਤੇ ਠੱਗੀ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਦੌਰਾਨ ਭਾਰਤ ਸਰਕਾਰ ਦੇ ਬੈਂਕਾਕ ਸਥਿਤ ਅੰਬੈਸੀ ਵੱਲੋਂ ਇੱਕ ਅਹਿਮ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ 'ਚ ਮੋਟੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦਾ ਝਾਂਸੇ ਦੇ ਕੇ ਡਿਜੀਟਲ ਮਾਰਕੀਟਿੰਗ ਜਾਂ ਸੇਲਜ਼ ਦੀਆਂ ਪੋਸਟਾਂ ਲਈ ਭਰਤੀ ਕੀਤਾ ਜਾ ਰਿਹਾ ਹੈ।

ਇਹ ਭਰਤੀ ਮੁੱਖ ਤੌਰ 'ਤੇ ਭਾਰਤ, ਦੁਬਈ ਅਤੇ ਬੈਂਕਾਕ 'ਚ ਬੈਠੇ ਕੁਝ ਠੱਗ ਏਜੰਟਾਂ ਦੁਆਰਾ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜ਼ਿਆਦਾ ਤਨਖਾਹ, ਹੋਟਲ ਵਿੱਚ ਰਹਿਣ ਦੀ ਸੁਵਿਧਾ, ਵਾਪਸੀ ਦੀ ਟਿਕਟ ਅਤੇ ਵੀਜ਼ਾ ਫੈਸਿਲਿਟੀ ਵਾਂਗ ਵੱਡੇ ਲਾਲਚ ਦਿੱਤੇ ਜਾ ਰਹੇ ਹਨ।

ਅੰਬੈਸੀ ਅਨੁਸਾਰ ਇਹ ਨੌਕਰੀਆਂ ਅਸਲ ਵਿੱਚ ਕਾਲ ਸੈਂਟਰ ਫਰੌਡ ਅਤੇ ਕ੍ਰਿਪਟੋ ਕਰੰਸੀ ਧੋਖਾਧੜੀ ਨਾਲ ਜੁੜੀਆਂ ਹੁੰਦੀਆਂ ਹਨ। ਇੱਥੇ ਸੱਦਣ ਮਗਰੋਂ ਭਾਰਤੀ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਮਿਆਂਮਾਰ ਦੀ ਸਰਹੱਦ ਪਾਰ ਕਰਵਾ ਕੇ ਬੰਦੀ ਬਣਾ ਲਿਆ ਜਾਂਦਾ ਹੈ, ਜਿੱਥੇ ਉਨ੍ਹਾਂ ਤੋਂ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਔਖਾ ਕੰਮ ਕਰਵਾਇਆ ਜਾਂਦਾ ਹੈ।

ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਦਾਖ਼ਲ ਹੋਣ ਕਾਰਨ ਵੀ ਕਈ ਲੋਕਾਂ ਨੂੰ ਥਾਈ ਅਧਿਕਾਰੀਆਂ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਬੈਸੀ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ Visa on Arrival ਲੈਣ ਵਾਲੇ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਤੇ ਨਾ ਹੀ ਅਜਿਹੇ ਵੀਜ਼ੇ 'ਤੇ ਕੋਈ ਵੀ ਵੈਲਿਡ ਵਰਕ ਪਰਮਿਟ ਵੀ ਨਹੀਂ ਦਿੱਤਾ ਜਾਂਦਾ, ਇਸ ਕਾਰਨ ਲੋਕ ਅਜਿਹੇ ਲੋਕਾਂ ਦੇ ਝਾਂਸੇ 'ਚ ਆਉਣ ਤੋਂ ਬਚਣ।

ਅਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਵਿਦੇਸ਼ 'ਚ ਰੁਜ਼ਗਾਰ ਲਈ ਜਾਣਾ ਹੈ ਤਾਂ ਪਹਿਲਾਂ ਰੁਜ਼ਗਾਰ ਦੇ ਰਹੀ ਕੰਪਨੀ ਤੇ ਉਸ ਦੇ ਪਿਛੋਕੜ ਬਾਰੇ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ, ਉਸ ਤੋਂ ਬਾਅਦ ਹੀ ਉੱਥੇ ਜਾਣ ਬਾਰੇ ਸੋਚਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਧੋਖੇ ਤੋਂ ਬਚਿਆ ਜਾ ਸਕੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #