ਬਾਦਲਾਂ ਨੇ ਪੰਥ ਨੂੰ ਫਿਰ ਵੰਗਾਰਿਆ, ਚਿੜਾਇਆ ਤੇ ਮਿਹਣਾ ਮਾਰਿਆ
ਪਿਛਲੇ ਦਿਨੀਂ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸਨ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਬਹੁਤਾਂਤ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ, ਹਾਲਾਂਕਿ ਉਹਨਾਂ ਉੱਤੇ ਧੱਕੇਸ਼ਾਹੀ ਅਤੇ ਹੇਰਾਫੇਰੀ ਦੇ ਦੋਸ਼ ਵੀ ਲੱਗੇ। ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਨੇ ਵੀ ਕਈ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਭਾਜਪਾ ਨੇ ਵੀ ਆਪਣਾ ਖਾਤਾ ਖੋਲ੍ਹਿਆ। ਅਜ਼ਾਦ ਉਮੀਦਵਾਰਾਂ ਨੇ ਵੀ ਕਾਫ਼ੀ ਜਗ੍ਹਾ ਸਫ਼ਲਤਾ ਹਾਸਲ ਕਰਦਿਆਂ ਜਿੱਤ ਦੇ ਝੰਡੇ ਗੱਡੇ। ਇਸ ਦੌਰਾਨ ਹੀ ਬਾਦਲ ਦਲ ਨੇ ਵੀ ਕੁਝ ਕੁ ਸੀਟਾਂ ਕੀ ਜਿੱਤ ਲਈਆਂ, ਇਹਨਾਂ ਦਾ ਹੰਕਾਰ ਫਿਰ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ ਤੇ ਉਹਨਾਂ ਨੇ ਪੰਥ ਨੂੰ ਫਿਰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਦਲ ਦਲ ਦੇ ਆਗੂਆਂ ਨੇ ਬਰਗਾੜੀ ਇਲਾਕੇ ਵਿੱਚ ਸੀਟ ਜਿੱਤਣ ਤੋਂ ਬਾਅਦ ਤਾਂ ਇੱਥੋਂ ਤੱਕ ਆਖ ਦਿੱਤਾ ਕਿ "ਇਹ ਉਹਨਾਂ ਲੋਕਾਂ ਦੇ ਮੂੰਹ ਉੱਤੇ ਚਪੇੜ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਇਨਸਾਫ਼ ਲਈ ਧਰਨੇ-ਮੋਰਚੇ ਲਗਾਉਂਦੇ ਸਨ ਤੇ ਸੰਘਰਸ਼ ਕਰਦੇ ਸਨ।"
ਬਾਦਲਕਿਆਂ ਨੇ ਇਹ ਗੱਲ ਆਖ ਕੇ ਇੱਕ ਕਿਸਮ ਦਾ ਪੰਥ ਨੂੰ ਮਿਹਣਾ ਮਾਰਿਆ, ਵੰਗਾਰਿਆ ਅਤੇ ਚਿੜਾਇਆ ਕਿ ਵੇਖ ਲਵੋ ਸਾਡੇ ਰਾਜ ਵਿੱਚ ਬੇਅਦਬੀਆਂ ਵੀ ਹੋਈਆਂ, ਅਸੀਂ ਦੋਸ਼ੀਆਂ ਦਾ ਕੱਖ ਨਹੀਂ ਵਿਗੜਨ ਦਿੱਤਾ, ਇਨਸਾਫ਼ ਮੰਗਦੇ ਸਿੰਘਾਂ-ਸਿੰਘਣੀਆਂ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ, ਗੋਲ਼ੀਆਂ ਚਲਾ ਕੇ ਦੋ ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖ਼ਮੀ ਕਰ ਦਿੱਤੇ, ਤੁਹਾਡਾ ਗੁਰੂ ਸੜਕਾਂ ਉੱਤੇ ਰੁਲਵਾ ਦਿੱਤਾ ਤੇ ਸਮਾਂ ਪਾ ਕੇ ਤੁਹਾਨੂੰ ਸਾਰਾ ਕੁਝ ਭੁੱਲ-ਭਲਵਾ ਵੀ ਦਿੱਤਾ। ਹੁਣ ਤੁਸੀਂ ਫਿਰ ਗੁਰੂ ਦੀ ਬੇਅਦਬੀ ਨੂੰ ਭੁੱਲ ਕੇ ਆਪਣੇ ਨਿੱਜੀ ਮੁਫ਼ਾਦਾਂ ਤੇ ਸਿਆਸੀ ਹਿੱਤਾਂ ਲਈ ਸਾਨੂੰ ਵੋਟਾਂ ਪਾ ਦਿੱਤੀਆਂ। ਅਸੀਂ ਡੇਰਾ ਮੁਖੀ ਨਾਲ ਫਿਰ ਯਾਰੀ ਨਿਭਾਵਾਂਗੇ, ਭਾਜਪਾ ਨਾਲ ਵੀ ਛੇਤੀ ਹੱਥ ਮਿਲਾਵਾਂਗੇ, ਬਸ ਸਾਡੀ ਸਰਕਾਰ ਆਉਣ ਲੈਣ ਦਿਓ, ਅਸੀਂ ਤੁਹਾਡੇ ਸਾਰਿਆਂ ਤੋਂ ਗਿਣ-ਗਿਣ ਕੇ ਬਦਲੇ ਲਵਾਂਗੇ। ਤੁਸੀਂ ਓਦੋਂ ਗੁਰੂ ਦੀ ਬੇਅਦਬੀ ਦਾ ਇਨਸਾਫ਼ ਮੰਗਦੇ ਸੀ, ਸਾਡੀ ਸਰਕਾਰ ਦਾ ਵਿਰੋਧ ਕਰਦੇ ਸੀ, ਤੁਸੀਂ ਸਾਡੇ ਕੋਲ ਸੱਤਾ ਖੋਹੀ, ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਝੁਕਣ ਲਈ ਮਜ਼ਬੂਰ ਕੀਤਾ, ਸਾਨੂੰ ਤਨਖਾਹ ਲਗਵਾਈ। ਹੁਣ ਸਾਨੂੰ ਥੋੜ੍ਹਾ ਜਿਹਾ ਉੱਠ ਲੈਣ ਦਿਓ, ਕਿਸੇ ਤਰੀਕੇ ਨਾਲ ਸਰਕਾਰ ਬਣਾ ਲੈਣ ਦਿਓ, ਫਿਰ ਅਸੀਂ ਤੁਹਾਨੂੰ ਝੂਠੇ ਮੁਕਾਬਲਿਆਂ 'ਚ ਮਾਰਾਂਗੇ, ਫਾਂਸੀਆਂ ਉੱਤੇ ਚਾੜ੍ਹਾਂਗੇ। ਤੁਸੀਂ ਔਰੰਗਜ਼ੇਬ, ਮੱਸਾ ਰੰਘੜ, ਜ਼ਕਰੀਆ ਖ਼ਾਂ, ਲਖਪਤ ਰਾਏ, ਮੀਰ ਮੰਨੂ, ਜਨਰਲ ਡਾਇਰ, ਇੰਦਰਾ ਗਾਂਧੀ ਤੇ ਬੁੱਚੜ ਬੇਅੰਤ ਸਿਹੁੰ ਨੂੰ ਭੁੱਲ ਜਾਓਗੇ ਤੇ ਇੱਕੋ ਨਾਮ ਯਾਦ ਰੱਖੋਗੇ ਸੁਖਬੀਰ ਸਿੰਘ ਬਾਦਲ। ਓਦੋਂ ਫਿਰ ਸ਼ਾਇਦ ਤੁਹਾਨੂੰ ਭਾਈ ਨਰਾਇਣ ਸਿੰਘ ਚੌੜੇ ਦੀ ਯਾਦ ਵੀ ਆਵੇਗੀ ਤੇ ਤੁਸੀਂ ਕਿਹਾ ਕਰੋਗੇ ਕਿ ਇਹ ਸਿਆਪਾ ਓਦੋਂ ਹੀ ਮੁੱਕ ਜਾਂਦਾ ਤਾਂ ਚੰਗਾ ਸੀ। ਜੇ ਅੱਜ ਡਾਇਨਾਸੌਰ ਇਸ ਧਰਤੀ ਉੱਤੇ ਆ ਜਾਣ ਤਾਂ ਉਹ ਬਾਕੀ ਮਨੁੱਖਾਂ, ਜੀਵਾਂ, ਜੰਤੂਆਂ ਨੂੰ ਖਾ ਜਾਣਗੇ। ਇਸੇ ਤਰ੍ਹਾਂ ਜੇ ਸੁਖਬੀਰ ਬਾਦਲ ਵੀ ਭਵਿੱਖ ਵਿੱਚ ਦੁਬਾਰਾ ਸੱਤਾ ਵਿੱਚ ਆਉਂਦਾ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਰੇਕ ਸਿੱਖ ਦਾ ਜੀਣਾ ਮੁਸ਼ਕਲ ਕਰ ਦੇਵੇਗਾ, ਪੰਥ ਦੇ ਸਿਧਾਂਤਾਂ ਨੂੰ ਰੋਲੇਗਾ ਤੇ ਪੰਜਾਬ ਨੂੰ ਬਰਬਾਦ ਕਰ ਦੇਵੇਗਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.
Posted By: GURBHEJ SINGH ANANDPURI