Nazrana Times

ਪੰਜਾਬੀ

ਸਮੂਹ ਪੰਥਕ ਧਿਰਾਂ 2027 ਦੀਆਂ ਚੋਣਾਂ ਲਈ ਏਕਤਾ ਦਾ ਸਬੂਤ ਦੇਣ

09 Sep, 2026 09:44 PM

ਸਾਡੇ ਕੋਲ ਬਾਰਾਂ ਸਿੱਖ ਮਿਸਲਾਂ ਦਾ ਇਤਿਹਾਸ ਵੀ ਪਿਆ ਹੈ ਕਿ ਭਾਵੇਂ ਉੱਹਨਾਂ ਦੇ ਆਪਸ ਵਿੱਚ ਲੱਖਾਂ ਵਖਰੇਵੇਂ ਵੀ ਹੁੰਦੇ ਸਨ , ਪਰ ਜਦੋਂ ਓਹਨਾ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਕੋਈ ਬਾਹਰੀ ਦੁਸ਼ਮਣ ਸਾਡੇ ਉੱਤੇ ਦੇਸ਼ ਪੰਜਾਬ ਉੱਤੇ ਹਮਲਾਵਰ ਹੋ ਕੇ ਆ ਰਿਹਾ ਹੈ ਤਾਂ ਓਹ ਇਕਦਮ ਸਾਰੇ ਹੀ ਵਖਰੇਵੇਂ ਅਤੇ ਦੁਸ਼ਮਣੀਆਂ ਭੁੱਲ ਕੇ ਇਕੱਠੇ ਹੋ ਜਾਂਦੇ ਸਨ ਅਤੇ ਓਸ ਬਾਹਰੀ ਹਮਲਾਵਰ ਦਾ ਡਟ ਕੇ ਮੁਕਾਬਲਾ ਕਰਦੇ ਸਨ ਉੱਸ ਬਾਹਰੀ ਦੁਸ਼ਮਣ ਨੂੰ ਪੰਜਾਬ ਵਿੱਚੋਂ ਭਜਾ ਦਿੰਦੇ ਸਨ। 
ਜੂਨ 1984 ਵਿੱਚ ਵੀਵਬਾਹਰੀ ਦੁਸ਼ਮਣ ਨੇ ਦੇਸ਼ ਪੰਜਾਬ ਉੱਤੇ ਟੈਂਕਾਂ ਤੋਪਾਂ ਹੈਲੀਕਾਪਟਰਾਂ ਮਾਰਟਰ ਗੰਨਾ ਨਾਲ ਹਮਲਾ ਕੀਤਾ ਸੀ ਉੱਸ ਸਮੇਂ ਵੀ ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਬੱਬਰ ਖਾਲਸਾ ਵਰਗੀਆਂ ਹੋਰ ਵੀ ਸਿੱਖ ਜਥੇਬੰਦੀਆਂ ਨੇ ਓਹਨਾ ਬਾਹਰੀ ਦੁਸ਼ਮਣ ਪਰ ਕਹਿਣ ਨੂੰ ਆਪਣਿਆਂ ਦੇ ਏਹੋ ਜਿਹੇ ਦੰਦ ਖੱਟੇ ਕੀਤੇ ਸਨ ਕਿ ਦੁਸ਼ਮਣ ਅੱਜ ਤੱਕ ਵੀ ਯਾਦ ਕਰਦਾ ਰਹਿੰਦਾ। ਦੁਸ਼ਮਣ ਫੌਜਾਂ ਦੇ ਜਰਨੈਲ ਵੀ ਖਾਲਸੇ ਦੇ ਜਵਾਬੀ ਹਮਲੇ ਤੋਂ ਤਰਾਹ ਤਰਾਹ ਕਰ ਉੱਠੇ ਸਨ । 
ਓਸ ਤੋਂ ਚਾਲੀ ਸਾਲ ਬੀਤਣ ਤੋਂ ਬਾਅਦ ਵੀ ਸਾਡੇ ਦੁਸ਼ਮਣ ਨੇ ਸਾਨੂੰ ਸਿੱਖਾਂ ਨੂੰ ਮਾਰਨ ਕੁੱਟਣ ਲੁੱਟਣ ਅਤੇ ਜਲੀਲ ਕਰਨਾ ਅੱਜ ਵੀ ਜਾਰੀ ਰੱਖਿਆ ਹੋਇਆ ਹੈ। ਸਿੱਖ ਕੌਮ ਵੀ ਆਪਣੇ ਨਵੀਨ ਢੰਗ ਤਰੀਕਿਆਂ ਨਾਲ ਲਗਾਤਾਰ ਹੀ ਸੰਘਰਸ਼ ਕਰਦੀ ਆ ਰਹੀ ਹੈ ਅਤੇ ਪੂਰੀ ਦੁਨੀਆਂ ਵਿੱਚ ਬੈਠੇ ਸਿੱਖ ਜਾਗਰੂਕ ਵੀ ਹਨ ਤੱਤਪਰ ਵੀ ਹਨ ਅਤੇ ਇਕੱਠੇ ਵੀ ਹਨ , ਕੋਈ ਸਾਡੇ ਵਾਂਗ ਖੁੱਲ੍ਹ ਕੇ ਗੱਲ ਕਰ ਰਿਹਾ ਹੈ ਅਤੇ ਕੋਈ ਦੱਬਵੀਂ ਆਵਾਜ਼ ਵਿੱਚ ਗੱਲ ਕਰ ਰਿਹਾ ਹੈ। 
ਹੁਣ ਵਿਸ਼ੇ ਵੱਲ ਆਈਏ ਜੀ ਤੇ ਹੁਣ ਜੰਗ ਦਾ ਬਿਗਲ ਵੱਜ ਗਿਆ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਦੀਆਂ ਦਾ , ਬੱਸ ਤਰੀਕ ਦਾ ਐਲਾਨ ਹੋਣਾ ਹੀ ਬਾਕੀ ਹੈ ਤੇ ਆਸ ਹੈ ਕਿ ਫਰਵਰੀ ਜਾਂ ਮਾਰਚ 2027 ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਖਾਲਸਾ ਪੰਥ ਬਹੁਤ ਹੀ ਵਿਸ਼ਾਲ ਹੈ ਅਤੇ ਕਰੀਬ ਦੁਨੀਆਂ ਦੇ 160 ਦੇਸ਼ਾਂ ਵਿੱਚ ਵਸ ਚੁੱਕਿਆ ਹੈ। ਹੁਣ ਪਰਖ ਦੀ ਘੜੀ ਹੈ ਸਾਰੀਆਂ ਪੰਥਕ ਸਿਆਸੀ ਪਾਰਟੀਆਂ ਅਤੇ ਸਿੱਖ ਸੰਸਥਾਵਾਂ ਲਈ । ਸਮਝੌਤੇ ਕਰਨੇ ਅਤੇ ਏਕਤਾ ਕਰਨੀ ਏਹ ਦੋ ਲਫਜ ਕਹਿਣ ਲਈ ਬਹੁਤ ਸੌਖੇ ਹਨ ਲੇਕਿਨ ਅਸਲ ਵਿੱਚ ਕਰਨੇ ਅਤੇ ਕਮਾਉਣ ਲਈ ਬਹੁਤ ਹੀ ਔਖੇ ਹਨ ਬਹੁਤ ਹੀ ਔਖੇ ਹਨ । 
ਜੇਕਰ ਵਾਕਿਆ ਹੀ ਪੰਥਕ ਧਿਰਾਂ ਅਤੇ ਪੰਥਕ ਸਿਆਸੀ ਪਾਰਟੀਆਂ ਨੂੰ ਦਿਲੋਂ ਪੰਥ ਅਤੇ ਪੰਜਾਬ ਦਾ ਦਰਦ ਹੈ ਫੇਰ ਤਾਂ ਸੀਟਾਂ ਉੱਤੇ ਸਮਝੌਤਾ ਅਤੇ ਏਕਤਾ ਜਰੂਰ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਹੀ ਅਕਾਲੀ ਦਲ ਵੀ ਏਕਤਾ ਕਰ ਲੈਣ ਤਾਂ ਵੀ ਫਤਹਿ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਹਿਣਾ ਚਾਹਾਂਗੇ ਕਿ ਹੁਣ ਹੀ ਵਗਦੀ ਗੰਗਾ ਵਿੱਚ ਨਹਾ ਕੇ ਆਪਣੇ ਪਾਪ ਅਤੇ ਗੁਨਾਹ ਬਖਸ਼ਾ ਲਵੋ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੋਣ ਨਤੀਜਿਆਂ ਤੋਂ ਤਾਂ ਲੱਗਦਾ ਹੈ ਕਿ ਇਹ ਲੋਕ ਆਪਣਾ ਪੰਜਾਬ ਅਤੇ ਸਿੱਖਾਂ ਨਾਲ ਗਦਾਰੀ ਕਰਨ ਵਾਲਾ ਰਸਤਾ ਨਹੀਂ ਤਿਆਗਣਗੇ । 
ਅਕਾਲੀ ਦਲ ਵਾਰਿਸ ਪੰਜਾਬ ਦੇ , ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਇਹ ਤਿੰਨ ਪੰਥਕ ਜਥੇਬੰਦੀਆਂ ਚੋਣਾਂ ਵਿੱਚ ਜੋਰ ਅਜਮਾਈ ਕਰ ਰਹੀਆਂ ਹਨ। ਇਹ ਤਿਨੋਂ ਵੀ ਇਕੱਠੇ ਹੋ ਜਾਣ ਤਾਂ ਵੀ ਪਰਾਪਤੀ ਹੋ ਸਕਦੀ ਹੈ। ਬਾਕੀ ਏਹਨਾ ਵਿੱਚੋਂ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲੇ ਨੰਬਰ ਤੇ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੂਜੇ ਨੰਬਰ ਤੇ ਲੱਗਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਗਰਾਫ ਤਾਂ ਹਾਲੇ ਕਾਫੀ ਤੋਂ ਵੀ ਜਿਆਦਾ ਥੱਲੇ ਲੱਗਦਾ ਹੈ। 
ਬਾਕੀ ਪੁਰਾਣੀਆਂ ਸਿਆਸੀ ਪਾਰਟੀਆਂ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਵੀ ਸ਼ਾਮ ਦਾਮ ਦੰਡ ਭੇਦ ਵਾਲੇ ਸਾਰੇ ਹੀ ਦਾਅ ਪੇਚ ਜਰੂਰ ਵਰਤਣਗੇ । ਜੇਕਰ ਪੰਥਕ ਧਿਰਾਂ ਹਉਮੇ ਅਤੇ ਚੌਧਰਾਂ ਦਾ ਮੋਹ ਤਿਆਗ ਕੇ ਇਕਜੁੱਟ ਹੋ ਜਾਣਗੀਆਂ ਤਾਂ ਵਿਰੋਧੀ ਧਿਰਾਂ ਏਹਨਾਂ ਮੂਹਰੇ ਕਦੇ ਵੀ ਟਿਕ ਨਹੀਂ ਸਕਣਗੀਆਂ। 
ਬਾਕੀ ਸਾਰਾ ਕੁੱਝ ਹੀ ਸਮੇਂ ਦੇ ਗਰਭ ਵਿੱਚ ਹੀ ਪਿਆ ਹੈ। ਅਕਾਲੀ ਦਲ ਵਾਰਿਸ ਪੰਜਾਬ ਵਾਲੇ , ਉੱਹਨਾਂ ਦੀ ਸੀਨੀਅਰ ਅਤੇ ਜੂਨੀਅਰ ਲੀਡਰਸ਼ਿਪ ਅਗਰ ਕੰਮ ਨੂੰ ਸੌ ਪ੍ਰਤੀਸ਼ਤ ਖਿੱਚ ਕੇ ਰੱਖੇਗੀ ਅਤੇ ਅਖੀਰ ਤੱਕ ਏਕਤਾ ਬਣਾਈ ਰੱਖੇਗੀ ਤਾਂ ਵੀ ਚੜ੍ਹਦੀ ਕਲਾ ਹੋ ਜਾਵੇਗੀ। ਕਿਉਂਕਿ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਉਣ ਲਈ ਪੰਜਾਬੀ ਪੱਬਾਂ ਭਾਰ ਹੋਏ ਪਏ ਹਨ । ਏਸ ਕਰਕੇ ਏਕਤਾ ਵਿੱਚ ਹੀ ਬਰਕਤਾਂ ਹੁੰਦੀਆਂ ਹਨ । ਪਾਰਟੀਆਂ ਅਤੇ ਨੇਤਾ ਇਕੱਠੇ ਹੋ ਜਾਣ ਤਾਂ ਕੌਮ ਤਾਂ ਆਪਣੇ ਆਪ ਹੀ ਇਕਜੁੱਟ ਹੋ ਹੀ ਜਾਵੇਗੀ ਜੀ 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ

Latest News