Nazrana Times

ਪੰਜਾਬੀ

ਐਸ.ਓ.ਆਈ ਵੱਲੋਂ ਭਾਜਪਾ ਦੀ ਏਬੀਵੀਪੀ ਦੀ ਹਮਾਇਤ, ਥੈਲੀਓ ਬਿੱਲੀ ਪੂਰਨ ਰੂਪ ਵਿਚ ਬਾਹਰ : ਟਿਵਾਣਾ

31 Aug, 2026 09:16 PM

ਫ਼ਤਹਿਗੜ੍ਹ ਸਾਹਿਬ, 31 ਅਗਸਤ , ਨਜ਼ਰਾਨਾ ਟਾਈਮਜ਼ ਬਿਊਰੋ  -“ਜਿਨ੍ਹਾਂ ਬਾਦਲ ਦਲੀਆ ਨੇ ਬੀਤੇ ਸਮੇ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੁੱਧ ਸੈਂਟਰ ਵੱਲੋ ਰਚੀਆ ਸਾਜਿਸਾਂ ਵਿਚ ਪੂਰੀ ਤਰ੍ਹਾਂ ਭਾਈਵਾਲ ਬਣਕੇ ਸਾਥ ਦਿੱਤਾ । ਆਪਣੇ ਮਾਲੀ, ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬੀਆਂ ਤੇ ਸਿੱਖ ਕੌਮ ਨਾਲ ਨਿਰੰਤਰ ਧੋਖੇ ਕਰਦੇ ਆ ਰਹੇ ਹਨ । ਇਥੋ ਤੱਕ ਇਖਲਾਕ ਤੋ ਡਿੱਗ ਚੁੱਕੇ ਹਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਵਾਉਣ ਵਾਲੇ ਬਲਾਤਕਾਰੀ ਤੇ ਕਾਤਲ ਸਿਰਸੇਵਾਲੇ ਸਾਧ ਨੂੰ ਗੈਰ ਸਿਧਾਤਿਕ ਤਰੀਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੇ ਮੀਰੀ-ਪੀਰੀ ਦੇ ਸਿਧਾਂਤ ਦਾ ਅਪਮਾਨ ਕਰਕੇ ਇਸ ਮਹਾਨ ਸੰਸਥਾਂ ਤੋ ਜਬਰੀ ਮੁਆਫ ਕਰਵਾਇਆ ਅਤੇ ਐਸ.ਜੀ.ਪੀ.ਸੀ ਦੇ ਖਜਾਨੇ ਅਤੇ ਸਾਧਨਾਂ ਦੀ ਨਿਰੰਤਰ ਦੁਰਵਰਤੋ ਕਰਦੇ ਆ ਰਹੇ ਹਨ । ਹੁਣ ਜਦੋ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆ ਦੀਆਂ ਚੋਣਾਂ ਹੋ ਰਹੀਆ ਹਨ ਤਾਂ ਬਾਦਲ ਦਲ ਨਾਲ ਸੰਬੰਧਤ ਨੌਜਵਾਨਾਂ ਦੀ ਜਥੇਬੰਦੀ ਐਸ.ਓ.ਆਈ ਨੇ ਬੀਜੇਪੀ-ਆਰ.ਐਸ.ਐਸ ਦੇ ਯੂਨਿਟ ਏਬੀਵੀਪੀ ਨਾਲ ਸਮਝੌਤਾ ਕਰ ਲਿਆ ਹੈ ਅਤੇ ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ ਹਕੂਕਾ ਅਤੇ ਸੱਚਾਈ ਤੇ ਨਿਰੰਤਰ ਦ੍ਰਿੜਤਾ ਨਾਲ ਸੰਘਰਸ ਕਰਦੀ ਆ ਰਹੀ ਵਿਦਿਆਰਥੀ ਜਥੇਬੰਦੀ ‘ਸੱਥ’ ਹੈ, ਨੂੰ ਹਕੂਮਤੀ ਦਿਸ਼ਾ ਨਿਰਦੇਸ ਉਤੇ ਵਿਰੋਧਤਾ ਕਰਨ ਤੋ ਪ੍ਰਤੱਖ ਹੈ ਕਿ ਪੰਜਾਬੀਆਂ ਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਉਪਰੰਤ ਵੀ ਇਹ ਬਾਦਲ ਦਲੀਏ ਅੱਜ ਵੀ ਧੋਖੇ ਫਰੇਬ ਕਰਨ ਤੋ ਬਾਜ ਨਹੀ ਆ ਰਹੇ । ਇਸ ਲਈ ਪੰਜਾਬੀਆਂ ਤੇ ਸਿੱਖ ਕੌਮ ਨੂੰ ਹੁਣ ਬਾਦਲ ਦਲੀਆ ਅਤੇ ਇਨ੍ਹਾਂ ਦੇ ਹੋਰ ਵਿੰਗਾ ਤੇ ਯੂਨਿਟਾਂ ਉਤੇ ਕਤਈ ਵਿਸਵਾਸ ਨਹੀ ਕਰਨਾ ਚਾਹੀਦਾ । ਕਿਉਂਕਿ ਇਹ ਪੰਜਾਬ ਹਕੂਮਤ ਉਤੇ ਕਾਬਜ ਹੋਣ ਲਈ ਇਸ ਤੋ ਵੀ ਥੱਲ੍ਹੇ ਗਿਰ ਸਕਦੇ ਹਨ । ਇਸ ਲਈ ਇਨ੍ਹਾਂ ਤੋ ਸੁਚੇਤ ਰਹਿਣ ਦੇ ਨਾਲ-ਨਾਲ ਇਨ੍ਹਾਂ ਨੂੰ ਆਉਣ ਵਾਲੇ ਸਮੇ ਵਿਚ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ ਜੁਆਬ ਦੇਣ ਲਈ ਤਿਆਰ ਵੀ ਰਹਿਣਾ ਪਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਬਾਦਲ ਦਲ ਦੀ ਵਿਦਿਆਰਥੀ ਜਥੇਬੰਦੀ ਐਸ.ਓ.ਆਈ ਵੱਲੋ ਭਾਜਪਾ-ਆਰ.ਐਸ.ਐਸ ਦੇ ਵਿਦਿਆਰਥੀ ਯੂਨਿਟ ਏਬੀਵੀਪੀ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਹਮਾਇਤ ਕਰਨ ਦੇ ਅਮਲਾਂ ਉਤੇ ਤਿੱਖੀ ਨੁਕਤਾ ਚੀਨੀ ਕਰਦੇ ਹੋਏ ਅਤੇ ਇਨ੍ਹਾਂ ਸੈਟਰ ਦੇ ਹੁਕਮਰਾਨਾਂ ਦੇ ਗੁਲਾਮ ਬਣੇ ਪੱਗੜੀਧਾਰੀ ਸਿੱਖਾਂ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਜਾਬੀਆਂ ਤੇ ਸਿੱਖਾਂ ਨੇ ਇਨ੍ਹਾਂ ਨੂੰ ਲਮਾਂ ਸਮਾਂ ਰਾਜ ਭਾਗ ਦੇ ਕੇ ਹਰ ਖੇਤਰ ਵਿਚ ਚੰਗੀ ਤਰ੍ਹਾਂ ਪਰਖ-ਜਾਂਚ ਲਿਆ ਹੈ ਕਿ ਇਹ ਬਾਦਲ ਦਲੀਏ ਹਕੂਮਤ ਉਤੇ ਕਾਬਜ ਹੋਣ ਲਈ ਆਪਣੇ ਇਖਲਾਕ ਤੋ ਵੀ ਗਿਰਕੇ ਕਾਰਵਾਈਆ ਕਰ ਸਕਦੇ ਹਨ ਫਿਰ ਅਜਿਹੀ ਪਾਰਟੀ ਤੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਉਣ ਵਾਲੇ ਸਮੇ ਵਿਚ ਵੀ ਕਿਸੇ ਤਰ੍ਹਾਂ ਦੀ ਉਮੀਦ ਨਹੀ ਰੱਖਣੀ ਚਾਹੀਦੀ ਕਿ ਉਹ ਪੰਜਾਬੀਆਂ, ਸਿੱਖ ਕੌਮ, ਕਿਸਾਨਾਂ, ਵਿਦਿਆਰਥੀਆ, ਮਜਦੂਰਾਂ, ਮੁਲਾਜਮਾਂ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆ ਨੂੰ ਹੱਲ ਕਰਨਗੇ । ਕਿਉਂਕਿ ਇਨ੍ਹਾਂ ਵਿਚ ਨਾ ਤਾਂ ਉਹ ਪਹੁੰਚ ਹੈ ਅਤੇ ਨਾ ਹੀ ਸਮਰੱਥਾਂ ਸ਼ਕਤੀ ਹੈ ਕਿ ਇਹ ਸੈਟਰ ਦੇ ਪੰਜਾਬ ਸੂਬੇ ਪ੍ਰਤੀ ਅਤੇ ਸਿੱਖ ਕੌਮ ਪ੍ਰਤੀ ਮਸਲਿਆ ਉਤੇ ਸੈਟਰ ਦੇ ਹੁਕਮਰਾਨਾਂ ਦੀ ਵਿਰੋਧਤਾ ਕਰ ਸਕਣ ਅਤੇ ਆਪਣੇ ਸੂਬੇ ਤੇ ਬਸਿੰਦਿਆ ਦੀ ਸਹੀ ਦਿਸ਼ਾ ਵੱਲ ਅਗਵਾਈ ਕਰ ਸਕਣ । ਇਸ ਲਈ ਸੂਬੇ ਦੇ ਸਮੁੱਚੇ ਨਿਵਾਸੀਆ ਨੂੰ ਚਾਹੀਦਾ ਹੈ ਕਿ ਸਿੱਖੀ ਦਾ ਮੁਖੋਟਾ ਪਹਿਨੇ ਹੋਏ ਇਨ੍ਹਾਂ ਹਿੰਦੂਤਵ ਸੋਚ ਦੇ ਗੁਲਾਮ ਬਣੇ ਆਗੂਆ ਦੀਆਂ ਕਾਰਵਾਈਆ ਨੂੰ ਮੱਦੇਨਜਰ ਰੱਖਦੇ ਹੋਏ ਪੰਥਕ ਸੋਚ ਵਾਲੇ ਪਾਰਟੀ ਅਤੇ ਨੁਮਾਇੰਦਿਆ ਨੂੰ ਆਉਣ ਵਾਲੀ ਅਸੈਬਲੀ ਵਿਚ ਹਰ ਤਰ੍ਹਾਂ ਮਦਦ ਕਰਕੇ ਅੱਗੇ ਲਿਆਉਣ ਤਾਂ ਕਿ ਲੰਮੇ ਸਮੇ ਤੋ ਸੂਬੇ ਅਤੇ ਨਿਵਾਸੀਆ ਦੇ ਲਟਕਦੇ ਆ ਰਹੇ ਮਸਲਿਆ ਨੂੰ ਦ੍ਰਿੜਤਾ ਨਾਲ ਹੱਲ ਕਰਵਾਇਆ ਜਾ ਸਕੇ ਅਤੇ ਸੂਬੇ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਦੇ ਹੋਏ ਹਰ ਵਰਗ ਦੀ ਬਿਨ੍ਹਾ ਕਿਸੇ ਭੇਦਭਾਵ ਤੋ ਸਰਬੱਤ ਦੇ ਭਲੇ ਦੀ ਸੋਚ ਅਧੀਨ ਤਰੱਕੀ ਹੋ ਸਕੇ।

Posted By: GURBHEJ SINGH ANANDPURI

Latest News