Nazrana Times

ਪੰਜਾਬੀ

ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਦਾਤਰ ਦੀ ਨੋਕ 'ਤੇ ਸਕੂਟੀ ਸਵਾਰ ਔਰਤ ਪਾਸੋਂ ਨਕਦੀ ਅਤੇ ਮੋਬਾਈਲ ਫੋਨ ਵਾਲਾ ਪਰਸ ਖੋਹ ਕੇ ਫ਼ਰਾਰ

13 Sep, 2026 08:41 PM

ਅੱਪਰਾ,13 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਅੱਪਰਾ ਤੇ ਆਸ ਪਾਸ ਦੇ ਪਿੰਡਾਂ ਵਿੱਚ ਆਏ ਦਿਨ ਅਣਪਛਾਤੇ ਲੁਟੇਰੇ ਤੇ ਚੋਰ ਦਿਨ ਦਿਹਾੜੇ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ, ਜਦਕਿ ਪੁਲਿਸ ਪ੍ਰਸ਼ਾਸਨ "ਕੁੰਭਕਰਨੀ" ਨੀਂਦ ਸੁੱਤਾ ਪਿਆ ਹੈ। ਪੁਲਿਸ ਪ੍ਰਸ਼ਾਸਨ ਸਿਰਫ "ਸੱਪ" ਲੰਘ ਜਾਣ ਤੋਂ ਬਾਅਦ "ਲਕੀਰ" ਨੂੰ ਪਿੱਟਣ ਤੇ ਵਾਰਦਾਤਾਂ ਉਪਰੰਤ ਥਾਂ ਥਾਂ ਨਾਕੇ ਲਗਾ ਕੇ ਆਮ ਲੋਕਾਂ ਨੂੰ ਖੱਜਲ ਖੁਆਰ ਕਰਨ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਬੀਤੇ ਦਿਨ ਵੀ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਦਾਤਰ ਦੀ ਨੋਕ 'ਤੇ ਇੱਕ ਸਕੂਟੀ ਸਵਾਰ ਔਰਤ ਪਾਸੋਂ ਨਕਦੀ ਤੇ ਮੋਬਾਈਲ ਫੋਨ ਵਾਲਾ ਪਰਸ ਖੋਹ ਕੇ ਫ਼ਰਾਰ ਹੋ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਵਾਸੀ ਪਿੰਡ ਭਾਰਸਿੰਘਪੁਰਾ ਨੇ ਦੱਸਿਆ ਕਿ ਬੀਤੇ ਦਿਨ ਦੁਪਿਹਰ ਲਗਭਗ 1-15 ਵਜੇ ਮੇਰੀ ਪਤਨੀ ਚਰਨਜੀਤ ਕੌਰ ਮੇਰੇ ਭਤੀਜੇ, ਭਤੀਜ ਨੂੰਹ ਤੇ ਮੇਰੀ ਨੰਨੀ ਬੇਟੀ ਨੂੰ ਅੱਪਰਾ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਲੈ ਕੇ ਸਕੂਟੀ ਤੇ ਸਵਾਰ ਹੋ ਕੇ ਵਾਪਸ ਪਿੰਡ ਨੂੰ ਆ ਰਹੇ ਸਨ। ਇਸ ਦੌਰਾਨ ਪਿੰਡ ਚੱਕ ਸਾਹਬੂ ਨਹਿਰ ਪੁਲ 'ਤੇ ਜਦੋਂ ਉਨ੍ਹਾਂ ਮੋੜ ਮੁੜਨ ਲਈ ਸਕੂਟੀ ਘੱਟ ਰਫਤਾਰ ਤੇ ਕੀਤੀ ਤਾਂ ਪਿੱਛੋਂ ਆ ਰਹੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਾਤਰ ਨਾਲ ਉਨਾਂ ਤੇ ਹਮਲਾ ਕਰ ਦਿੱਤਾ। ਇਸ ਮੌਕੇ ਮੇਰੀ ਪਤਨੀ ਚਰਨਜੀਤ ਕੌਰ, ਭਤੀਜਾ, ਭਤੀਜ ਨੂੰਹ ਤੇ ਮੇਰੀ ਬੇਟੀ ਪੁਲ ਦੇ ਕਿਨਾਰੇ ਸੜਕ ਤੇ ਡਿੱਗ ਪਏ। ਇਸ ਦੌਰਾਨ ਅਣਪਛਾਤੇ ਲੁਟੇਰੇ ਦਾਤਰ ਦੀ ਨੋਕ ਤੇ ਮੇਰੀ ਪਤਨੀ ਦਾ ਪਰਸ, ਜਿਸ ਵਿੱਚ 10 ਹਜ਼ਾਰ ਰੁਪਏ, ਇੱਕ ਮੋਬਾਈਲ ਫੋਨ, ਬੈਂਕ ਦੀ ਪਾਸ ਬੁੱਕ ਲੈ ਕੇ ਰਫੂ ਚੱਕਰ ਹੋ ਗਏ। ਰਾਜ ਕੁਮਾਰ ਨੇ ਅੱਗੇ ਦੱਸਿਆ ਕਿ ਉਕਤ ਘਟਨਾ ਦੌਰਾਨ ਉਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਮੇਰੀ ਬੇਟੀ ਦਾ ਵੀ ਵਾਲ ਵਾਲ ਬਚਾਅ ਹੋ ਗਿਆ, ਕਿਉਂਕਿ ਜਦੋਂ ਉਹ ਪੁਲ ਕਿਨਾਰੇ ਸੜਕ ਤੇ ਡਿੱਗੀ ਤਾਂ ਨਹਿਰ ਵਿੱਚ ਪਾਣੀ ਵਗ ਰਿਹਾ ਸੀ। ਘਟਨਾ ਸੰਬੰਧੀ ਅੱਪਰਾ ਪੁਲਿਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ।

Posted By: GURBHEJ SINGH ANANDPURI

Latest News