Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਵਾਲਿਓ! ਆਖ਼ਰਕਾਰ ਕਿੱਥੇ ਨੇ ਲਾਪਤਾ 328 ਪਾਵਨ ਸਰੂਪ ?

09 Jan, 2026 12:26 AM

ਚੋਰ ਮਚਾਏ ਸ਼ੋਰ, ਚੋਰ ਦੀ ਦਾਹੜੀ ਵਿੱਚ ਕਿਣਕਾ, ਚੋਰ ਦੇ ਪੈਰ ਨਹੀਂ ਹੁੰਦੇ, ਚੋਰਾਂ ਦੇ ਘਰਾਂ ਵਿੱਚ ਕਦੇ ਦੀਵਾ ਨਹੀਂ ਬਲਦਾ, ਚੋਰ ਯਾਰੀ ਕਦੇ ਵੀ ਗੁੱਝੇ ਨਹੀਂ ਰਹਿੰਦੇ, ਚੋਰ ਕੀ ਹਾਮਾ ਭਰੇ ਨਾ ਕੋਇ, ਇਹ ਸਾਰੀਆਂ ਹੀ ਗੱਲਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਚੋਰਾਂ ਦੇ ਉੱਤੇ ਹੀ ਢੁੱਕਦੀਆਂ ਹਨ ਜਿਹੜੇ-ਜਿਹੜੇ ਵੀ ਅੱਜ ਏਹ ਗੱਲ ਦੱਸਣ ਤੋਂ ਹੀ ਇਨਕਾਰੀ ਹਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੱਥੇ ਹਨ। ਅਗਰ ਕੁਰੱਪਸ਼ਨ ਹੋਈ ਹੈ ਉੱਹ ਤਾਂ ਪੈਸਿਆਂ ਦੀ ਹੋਈ ਹੈ ਪਰ ਸਰੂਪ ਕਿੱਥੇ ਗਏ , ਕਿਉਂ ਗਏ , ਕਿੱਦਾਂ ਗਏ ? ਪਹਿਲਾਂ ਜਥੇਦਾਰ ਹਰਪ੍ਰੀਤ ਸਿੰਘ ਬਾਦਲਾਂ ਨੂੰ ਬਚਾਉਣ ਦੀ ਤਨਖਾਹ ਲੈਂਦੇ ਰਹੇ ਅਤੇ ਬਚਾਅ ਵੀ ਕਰਦੇ ਰਹੇ , ਫੇਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਬਾਦਲਾਂ ਦੇ ਸਿਪਾਹੀ ਦਾ ਵੀ ਜ਼ੋਰ ਲੱਗਿਆ ਹੋਇਆ ਹੈ, ਬਾਦਲਾਂ ਨੂੰ ਆਂਚ ਨਹੀਂ ਆਉਣ ਦੇਣੀ , ਹੁਣ ਰਾਤ ਦੇ ਹਨੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਗੈਰਹਾਜ਼ਰੀ ਵਿੱਚ ਬਣੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਏਸੇ ਗੱਲ ਦੀ ਤਨਖਾਹ ਲੈ ਰਹੇ ਹਨ ਕਿ ਬਾਦਲਾਂ ਨੂੰ ਆਂਚ ਨਹੀਂ ਆਉਣ ਦੇਣੀ। ਜਦੋਂ ਦਾ ਵੀ ਬਾਦਲਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਬਜ਼ਾ ਹੋਇਆ ਹੈ ਉੱਦੋਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਤੇ ਜਥੇਦਾਰਾਂ ਨੂੰ ਬਾਦਲਾਂ ਦੀ ਢਾਲ ਵਜੋਂ ਹੀ ਵਰਤਿਆ ਜਾਂਦਾ ਹੈ । ਪਹਿਲੇ ਸਮੇਂ ਵਿੱਚ ਪੰਜਾਂ ਹੀ ਤਖਤਾਂ ਦੇ ਜਥੇਦਾਰ ਇਕੱਠੇ ਹੋ ਕੇ ਕੋਈ ਵੀ ਫੈਸਲਾ ਸੁਣਾਇਆ ਕਰਦੇ ਸਨ। ਅੱਜ ਕੱਲ੍ਹ ਪੰਜ ਜਥੇਦਾਰਾਂ ਦੀ ਜਗ੍ਹਾ ਪੰਜ ਸਿੰਘ ਸਾਹਿਬਾਨ ਨੇ ਲੈ ਲਈ ਹੈ । ਅਗਰ ਹੁਣ ਜਾਂਚ ਦਾ ਕੰਮ ਸਹੀ ਢੰਗ ਨਾਲ ਚੱਲ ਹੀ ਪਿਆ ਹੈ ਤਾਂ ਹੁਣ ਜਾਂਚ ਟੀਮ ਦੀ ਸਹਿਯੋਗ ਦੇਣ ਤੋਂ ਸ਼੍ਰੋਮਣੀ ਕਮੇਟੀ ਕਿਉਂ ਭੱਜ ਰਹੀ ਹੈ ? ਅਗਰ ਇਹ ਸੱਚੇ ਹਨ ਤਾਂ ਦੱਸਣ ਕਿ ਸਰੂਪ ਕਿੱਥੇ ਹਨ ? ਅਗਨਭੇਂਟ ਹੋਏ ਸਰੂਪਾਂ ਦਾ ਥੋੜੇ ਥੋੜ੍ਹੇ ਕਰਕੇ ਚੋਰੀ ਸੰਸਕਾਰ ਕਿਉਂ ਕੀਤਾ ਗਿਆ । ਹੋਰ ਸਰੂਪ ਅਤੇ ਹੁਕਮਾਨੇ ਵੀ ਗਾਇਬ ਕਿਉਂ ਹਨ ? ਸ਼੍ਰੋਮਣੀ ਕਮੇਟੀ ਦਾ ਪੈਸਾ ਗੁਰੂ ਕੀ ਗੋਲਕ ਦਾ ਪੈਸਾ ਸੰਗਤ ਦਾ ਪੈਸਾ ਬਾਦਲਾਂ ਲਈ , ਬਾਦਲਾਂ ਦੀਆਂ ਵੋਟਾਂ ਲਈ ਕਿਉਂ ਵਰਤਿਆ ਜਾਂਦਾ ਹੈ ? ਏਥੇ ਤਾਂ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਦੇ ਭੋਗ ਤੇ ਲੰਗਰ ਵੀ ਸ਼ਰੋਮਣੀ ਕਮੇਟੀ ਵਲੋਂ ਲਾਇਆ ਗਿਆ ਸੀ । ਇਹਨਾਂ ਦੇ ਮੁਲਾਜ਼ਮ ਸ਼ਰਾਬ ਕਿਉਂ ਪੀਂਦੇ ਹਨ , ਮੀਟ ਕਿਉਂ ਖਾਂਦੇ ਹਨ , ਡਿਊਟੀ ਤੇ ਪਹੁੰਚ ਕਿ ਕਿਰਪਾਨ ਪਾ ਲੈਂਦੇ ਹਨ ਅਤੇ ਵਾਪਸ ਜਾਣ ਲੱਗੇ ਲਾਹ ਦਿੰਦੇ ਹਨ । ਕੀ ਇਹਨਾਂ ਦੀ ਟਾਸਕ ਫੋਰਸ ਸਿਰਫ ਸਿੱਖਾਂ ਨੂੰ ਹੀ ਕੁੱਟਣ ਲਈ ਬਣੀ ਹੋਈ ਹੈ ? ਇਹ ਗੱਲਾਂ ਅੱਜ ਤੋਂ ਵੀਹ ਤੀਹ ਸਾਲ ਪਹਿਲਾਂ ਤੋਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਕਦੀ ਲਿਖੀਆਂ ਨਹੀਂ ਸਨ , ਕਿਉਂਕਿ ਆਪਣਾ ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਸੀ । ਜਦੋਂ ਹੁਣ ਸਿੱਖਾਂ ਦੀ ਲੰਬੀ ਚੌੜੀ ਜੱਦੋਜਹਿਦ ਦੇ ਬਾਅਦ ਇਹਨਾਂ ਪਾਪੀਆਂ ਗਲਵੇਂ ਨੂੰ ਹੱਥ ਪੈਣ ਹੀ ਲੱਗਾ ਹੈ ਤੇ ਫੇਰ ਹੁਣ ਚੀਕਾਂ ਕਿਉਂ ਵੱਜਦੀਆਂ ਹਨ । ਇਹ ਕੋਈ ਜਵਾਬ ਨਹੀਂ ਹੈ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇ ਦਿੱਤੀਆਂ ਸਨ । ਕੀ 328 ਸਰੂਪਾਂ ਦੀ ਗੁੰਮਸ਼ੁਦਗੀ ਦੀ ਸਜ਼ਾ ਇਹ ਹੈ ਕਿ ਦੋਸ਼ੀ ਸਸਪੈਂਡ ਕਰ ਦਿੱਤੇ ? ਪਰ ਸਰੂਪ ਕਿੱਥੇ ਗਏ ? ਦੋਸ਼ੀਆਂ ਨੂੰ ਕਾਨੂੰਨੀ ਸਜ਼ਾ ਕਿਉਂ ਨਹੀਂ ? ਮਸਲਾ ਇਹ ਹੈ ਸੱਚ ਇਹ ਹੈ ਕਿ 328 ਸਰੂਪ ਜਿੱਥੇ ਵੀ ਗਏ ਉੱਹ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਉੱਤੇ ਹੀ ਗਏ ਹਨ । ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰੀ ਜਾਂਚ ਹੁਣ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣੀ ਹੈ , ਏਹ ਚੀਕ ਚਿਹਾੜਾ ਏਸ ਕਰਕੇ ਹੀ ਪੈ ਰਿਹਾ ਹੈ ਕਿ ਅਸੀਂ ਸਰਕਾਰ ਨੂੰ ਅਸੀਂ ਪੁਲੀਸ ਪ੍ਰਸ਼ਾਸਨ ਨੂੰ ਕੋਈ ਸਬੂਤ ਨਹੀਂ ਦੇਣਾ, ਕੋਈ ਸਹਿਯੋਗ ਨਹੀਂ ਦੇਣਾ । ਅਗਰ ਧਾਮੀ ਸਾਹਬ ਵਕੀਲ ਸਾਹਿਬ ਤੁਸੀਂ ਸੱਚੇ ਹੋ ਤਾਂ ਸਬੂਤ ਵੀ ਦਿਓ ਤੇ ਸਹਿਯੋਗ ਵੀ ਦਿਓ ਪੁਲੀਸ ਪ੍ਰਸ਼ਾਸਨ ਦਾ । ਤੁਸੀਂ ਚੋਰ ਹੋ ਤੁਹਾਡੇ ਸਾਥੀ ਚੋਰ ਹਨ ਤੁਹਾਡਾ ਪਰਧਾਨ ਸੁਖਬੀਰ ਸਿੰਘ ਬਾਦਲ ਇੰਸਾ ਵੀ ਚੋਰ ਹੈ , ਤੁਸੀਂ ਗੁਰੂ ਦੇ ਪੰਥ ਦੇ ਸੰਗਤਾਂ ਸਿੱਖ ਧਰਮ ਦੇ ਦੋਖੀ ਹੋ । ਤੁਹਾਡੀਆਂ ਅੱਖਾਂ ਦੇ ਉੱਪਰ ਬਾਦਲ ਪੱਟੀ ਬੱਝੀ ਹੋਈ ਹੈ । ਬਾਦਲ ਹੀ ਪਿਤਾ ਬਾਦਲ ਹੀ ਮਾਤਾ ਬਾਦਲ ਹੀ ਗੁਰੂ ਹੈ ਤੁਹਾਡੇ ਲਈ ਅਤੇ ਅਸੀਂ ਤੁਹਾਨੂੰ ਸੰਨ 1985 -1986 ਤੋਂ ਜਾਣਦੇ ਹਾਂ ਅਤੇ ਤੁਹਾਡੇ ਹੋਰ ਗਦਾਰਾਂ ਅਤੇ ਟਾਊਟ ਸਾਥੀਆਂ ਨੂੰ ਜਾਣਦੇ ਹਾਂ । ਬਾਦਲ ਦਲ ਕਦੇ ਵੀ ਕੌਮ ਅਤੇ ਪੰਜਾਬ ਦਾ ਭਲਾ ਨਹੀਂ ਕਰ ਸਕਦਾ । ਇਹ ਖਾਨਦਾਨੀ ਗਦਾਰ ਲਾਣਾ ਹੈ । ਬੱਸ ਪੰਥ ਦਾ ਬੁਰਕਾ ਪਾ ਕੇ ਇਹ ਭੋਲੇ ਭਾਲੇ ਸਿੱਖਾਂ ਕੋਲੋਂ ਵੋਟਾਂ ਬਟੋਰ ਲੈਂਦੇ ਹਨ । ਇਹ ਘੁਣ ਵਾਂਗ ਸਿਉਂਕ ਵਾਂਗ ਪੰਥ ਅਤੇ ਪੰਜਾਬ ਨੂੰ ਖਾ ਰਹੇ ਹਨ । ਇਹਨਾਂ ਨੂੰ ਹੁਕਮ ਆਰ ਐਸ ਐਸ ਦੇ ਮੁੱਖ ਦਫਤਰ ਨਾਗਪੁਰ ਯੂਪੀ ਤੋਂ ਆਉਂਦੇ ਹਨ । ਆਰ ਐਸ ਐਸ ਸ਼੍ਰੋਮਣੀ ਕਮੇਟੀ ਨੂੰ ਚਲਾ ਰਹੀ ਹੈ ਅਤੇ ਸਿੱਖਾਂ ਵਿੱਚ ਖਾਨਾਜੰਗੀ ਕਰਵਾ ਰਹੀ ਹੈ । ਹੌਲੀ ਹੌਲੀ ਦਰਬਾਰ ਸਾਹਿਬ ਵਿੱਚੋਂ ਇਹ ਚੋਰ ਸਭ ਕੁੱਝ ਹੀ ਚੁੱਕ ਕੇ ਲੈ ਜਾਣਗੇ ਅਤੇ ਫੇਰ ਸਿੱਖ ਅੱਖਾਂ ਵਿੱਚ ਗੁੱਠੂ ਦੇ ਦੇ ਕੇ ਰੋਇਆ ਕਰਨਗੇ । ਬਾਕੀ ਵੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਗੰਭੀਰ ਮਸਲਾ ਕਿੱਧਰ ਨੂੰ ਜਾਂਦਾ ਹੈ। ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਤਿਕਾਰ ਕਮੇਟੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੁੱਦਾ ਚੁੱਕੀ ਰੱਖਿਆ ਤੇ ਲੰਬਾ ਸੰਘਰਸ਼ ਕੀਤਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਤਰਲੋਚਨ ਸਿੰਘ ਸੋਹਲ ਅਤੇ ਹੋਰ ਕਈ ਸਿੰਘਾਂ ਸਿੰਘਣੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਜੁਲਮ ਵੀ ਆਪਣੇ ਪਿੰਡੇ ਉੱਤੇ ਹੰਡਾਇਆ ਹੈ ਪਰ ਅੱਜ ਉਹਨਾਂ ਦੇ ਸੰਘਰਸ਼ ਨੂੰ ਸਫਲਤਾ ਮਿਲੀ ਹੈ। ਸ਼੍ਰੋਮਣੀ ਕਮੇਟੀ ਭਾਵੇਂ ਇਹਨਾਂ ਸਿੰਘਾਂ ਨੂੰ ਬਦਨਾਮ ਕਰਨ ਲਈ ਕਈ ਪ੍ਰਕਾਰ ਦੇ ਯਤਨ ਕਰ ਰਹੀ ਹੈ ਪਰ ਖਾਲਸਾ ਪੰਥ ਨੂੰ ਇਹਨਾਂ ਯੋਧਿਆਂ ਤੇ ਮਾਣ ਹੈ ਤੇ 328 ਸਰੂਪਾਂ ਦੇ ਦੋਸ਼ੀਆਂ ਨੂੰ ਸਿੱਖ ਕੌਮ ਸਜ਼ਾ ਦਿਵਾ ਕੇ ਰਹੇਗੀ। ਸ਼੍ਰੋਮਣੀ ਕਮੇਟੀ ਵਾਲਿਓ 328 ਸਰੂਪਾਂ ਦਾ ਮਾਮਲਾ ਤੁਹਾਡੇ ਉੱਤੇ ਕਲੰਕ ਹੈ, ਸੰਗਤਾਂ ਨੂੰ ਦੱਸੋ ਕੀ ਪਾਵਨ ਸਰੂਪ ਕਿੱਥੇ ਹਨ, ਨਹੀਂ ਤਾਂ ਤੁਹਾਡਾ ਸਿਆਸੀ ਅੰਤ ਲਾਜਮੀ ਹੋਵੇਗਾ। 
 

            ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI

Latest News

Loading…
Loading the web debug toolbar…
Attempt #