Nazrana Times

ਪੰਜਾਬੀ

ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਜਾਏਗਾ ਭਾਈ ਪਰਮਜੀਤ ਸਿੰਘ ਦਾ ਸ਼ਹੀਦੀ ਦਿਹਾੜਾ : ਬੀਬੀ ਕੁਲਵਿੰਦਰ ਕੌਰ/ਭਾਈ ਰਣਜੀਤ ਸਿੰਘ

07 Apr, 2026 10:03 PM

ਅੰਮ੍ਰਿਤਸਰ, 7 ਅਪ੍ਰੈਲ ( ਨਜ਼ਰਾਨਾ ਟਾਈਮਜ ) - ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਹਥਿਆਰਬੰਦ ਸੰਘਰਸ਼ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਆਰਮਡ ਫੋਰਸ ਦੇ ਲੈਫਟੀਨੈਂਟ ਜਨਰਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਦਾ 35ਵਾਂ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਤੁਗਲਵਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ 9 ਅਪ੍ਰੈਲ 2026 ਨੂੰ ਪੂਰੇ ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਜਾਏਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਬਾਬਾ ਨੰਦ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਅਤੇ ਢਾਡੀ-ਕਵੀਸ਼ਰ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਫਿਰ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਬੁਲਾਰੇ ਸਿੱਖ ਸੰਘਰਸ਼ ਤੇ ਮੌਜੂਦਾ ਹਲਾਤਾਂ ਸੰਬੰਧੀ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਭਾਈ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਜੋ 9 ਅਪ੍ਰੈਲ 1991 ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹਾਦਤ ਪਾ ਗਏ ਸਨ। ਭਾਈ ਪਰਮਜੀਤ ਸਿੰਘ ਪੰਮਾ ਜੋ ਪੁਲਿਸ ਦੀ ਨੌਕਰੀ ਤਿਆਗ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸੰਘਰਸ਼ ਵਿੱਚ ਕੁੱਦੇ ਸਨ। ਉਹਨਾਂ ਨੇ ਅਨੇਕਾਂ ਜੁਝਾਰੂ ਕਾਰਨਾਮੇ ਕੀਤੇ, ਜੇਲ੍ਹਾਂ ਕੱਟੀਆਂ ਅਤੇ ਤਸ਼ੱਦਦ ਝੱਲੇ ਸਨ। ਇਸੇ ਤਰ੍ਹਾਂ ਬੀਬੀ ਕੁਲਵਿੰਦਰ ਕੌਰ ਖਾਲਸਾ ਦਾ ਵੀ ਸਾਰਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ, ਬੀਬੀ ਜੀ ਨੇ ਵੀ ਆਪਣੇ ਪਤੀ ਅਤੇ ਹੋਰ ਜੁਝਾਰੂ ਸਿੰਘਾਂ ਦਾ ਸਾਥ ਦਿੰਦਿਆਂ ਪੰਥ ਦੇ ਅਜ਼ਾਦੀ ਸੰਘਰਸ਼ ਵਿੱਚ ਯੋਗਦਾਨ ਪਾਇਆ, ਪਿੰਡੇ 'ਤੇ ਤਸ਼ੱਦਦ ਹੰਢਾਇਆ ਅਤੇ ਉਹ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਰਹੇ ਹਨ। ਹੁਣ ਵੀ ਬੀਬੀ ਕੁਲਵਿੰਦਰ ਕੌਰ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਰਾਹੀਂ ਪੰਥ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਭਾਈ ਰਣਜੀਤ ਸਿੰਘ ਅਤੇ ਬੀਬੀ ਕੁਲਵਿੰਦਰ ਕੌਰ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਨੂੰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ। ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਹੋਵੇਗਾ ਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #