ਸ਼ੇਖੂਪੁਰ ਵਿਖੇ ਚਰਚ ਦੀ ਉਸਾਰੀ ਨੂੰ ਰੋਕਣ ਦੀ ਚਰਚ ਬਚਾਓ ਮੋਰਚਾ ਵੱਲੋਂ ਨਿਖੇਧੀ
ਧਾਰਮਿਕ ਆਜ਼ਾਦੀ ਹਰ ਭਾਰਤੀ ਦਾ ਸੰਵਿਧਾਨਕ ਅਧਿਕਾਰ, ਇਸ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ -ਅਟਵਾਲ
ਕਪੂਰਥਲਾ, 26 ਸਤੰਬਰ ਗੌਰਵ ਮੜੀਆ
ਕਪੂਰਥਲਾ ਅੰਦਰ ਪੈਂਦੇ ਸ਼ੇਖੂਪੁਰ ਵਿਖੇ ਚਰਚ ਇਮਾਰਤ ਦੀ ਚੱਲ ਰਹੀ ਉਸਾਰੀ ਨੂੰ ਰੋਕਣ ਲਈ ਨਗਰ ਨਿਗਮ ਕਪੂਰਥਲਾ ਵੱਲੋਂ ਜਾਰੀ ਕੀਤੇ ਗਏ ਨੋਟਿਸ 'ਤੇ ਚਰਚ ਬਚਾਓ ਮੋਰਚਾ ਦੇ ਮੋਢੀ ਅਤੇ ਸਮਾਜਿਕ ਕਾਰਜਕਰਤਾ ਜੋਗਾ ਸਿੰਘ ਅਟਵਾਲ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਥਾਨਿਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਤਿਆਰ ਕੀਤੇ ਗਏ ਭਾਰਤੀ ਸੰਵਿਧਾਨ ਦੀ ਧਾਰਾ 25 ਹਰੇਕ ਨਾਗਰਿਕ ਨੂੰ ਆਪਣੀ ਆਸਥਾ ਅਨੁਸਾਰ ਧਰਮ ਮੰਨਣ, ਉਸ ਦਾ ਪਾਲਣ ਕਰਨ ਅਤੇ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਭਾਈਚਾਰੇ ਨਾਲ ਬਿਨਾਂ ਕਿਸੇ ਜਾਇਜ਼ ਕਾਰਨ ਦੇ ਵਿਤਕਰਾ ਕਰਨਾ ਸੰਵਿਧਾਨਕ ਕਦਰਾਂ-ਕੀਮਤਾਂ ਦੇ ਵਿਰੁੱਧ ਹੈ।
ਉਨ੍ਹਾਂ ਨਗਰ ਕੌਂਸਲ ਕਪੂਰਥਲਾ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਚਰਚ ਦੀ ਉਸਾਰੀ ਸਬੰਧੀ ਜਾਰੀ ਨੋਟਿਸ ਦੇ ਕਾਰਨ ਜਨਤਕ ਕੀਤੇ ਜਾਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਨੋਟਿਸ ਵਾਪਸ ਨਾ ਲਿਆ ਗਿਆ ਅਤੇ ਮਾਮਲੇ ਦਾ ਤਸੱਲੀਬਖ਼ਸ਼ ਹੱਲ ਨਾ ਕੱਢਿਆ ਗਿਆ ਤਾਂ ਚਰਚ ਬਚਾਓ ਮੋਰਚਾ ਸੰਵਿਧਾਨਕ ਅਤੇ ਕਾਨੂੰਨੀ ਢੰਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਚਰਚ ਪ੍ਰਬੰਧਕਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਅਤੇ ਨੋਟਿਸ ਦੀ ਕਾਨੂੰਨੀ ਆਧਾਰ 'ਤੇ ਸਮੀਖਿਆ ਕੀਤੀ ਜਾਵੇ।ਇਸ ਮੌਕੇ ਤੇ ਜਿਲ੍ਹਾਂ ਪ੍ਰਧਾਨ ਡੇਨੀਅਲ ਗਿੱਲ, ਜਰਨਲ ਸਕੱਤਰ ਰਾਜ ਕਲਿਆਣ ਲੁਕਾਸ, ਅਰੁਨਵੀਰ ਅਟਵਾਲ, ਨਵਦੀਪ, ਵਿਜੇ ਗਿੱਲ, ਮਨਦੀਪ ਸਿੰਘ, ਵਿਕਾਸ ਕੁਮਾਰ ਆਦਿ ਹਾਜ਼ਿਰ ਸਨ
Posted By: Gaurav Maria