ਸੁਣਨ ਦੀ ਸਮਰੱਥਾ ਬਚਾਉਣ ਲਈ ਕੰਨਾਂ ਦੀ ਸਹੀ ਦੇਖਭਾਲ ਤੇ ਸਮੇਂ ਸਿਰ ਜਾਂਚ ਜ਼ਰੂਰੀ : ਡਾ. ਅਮਨਜੋਤ ਕੌਰ
ਕੰਨਾਂ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ, ਸ਼ੁਰੂਆਤੀ ਜਾਂਚ ਤੇ ਇਲਾਜ ਨਾਲ ਸੁਣਨ ਸ਼ਕਤੀ ਦੇ ਨੁਕਸਾਨ ਤੋਂ ਬਚਾਅ ਸੰਭਵ
ਕਪੂਰਥਲਾ 1 ਅਕਤੂਬਰ ਗੌਰਵ ਮੜੀਆ
ਲੋਕਾਂ ਨੂੰ ਕੰਨਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਸਿਹਤ ਵਿਭਾਗ ਵੱਲੋਂ ਉੱਚੀ ਆਵਾਜ਼ ਤੋਂ ਬਚਣ ਅਤੇ ਸੁਣਨ ਸਬੰਧੀ ਸਮੱਸਿਆ ਹੋਣ ’ਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ।
ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ. ਅੰਨੂ ਸ਼ਰਮਾ ਨੇ ਕਿਹਾ ਕਿ ਸੁਣਨ ਸ਼ਕਤੀ ਰੋਜ਼ਾਨਾ ਜੀਵਨ, ਸੰਚਾਰ, ਸਿੱਖਿਆ ਅਤੇ ਸਮਾਜਿਕ ਸਰਗਰਮੀਆਂ ਲਈ ਬੇਹੱਦ ਮਹੱਤਵਪੂਰਨ ਹੈ। ਬੱਚਿਆਂ ਵਿੱਚ ਸੁਣਨ ਦੀ ਕਮੀ ਭਾਸ਼ਾ ਅਤੇ ਬੋਲਣ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਦਕਿ ਬਜ਼ੁਰਗਾਂ ਵਿੱਚ ਇਹ ਸਮਾਜਿਕ ਜੀਵਨ ’ਤੇ ਅਸਰ ਪਾ ਸਕਦੀ ਹੈ।
ਈਐਨਟੀ ਮਾਹਿਰ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਜਾਂਚ ਬਹੁਤ ਜ਼ਰੂਰੀ ਹੈ। ਜੇਕਰ ਬੱਚਾ ਆਵਾਜ਼ ’ਤੇ ਪ੍ਰਤੀਕਿਰਿਆ ਨਾ ਦੇਵੇ ਜਾਂ ਬੋਲਣ ਵਿੱਚ ਦੇਰੀ ਹੋਵੇ ਤਾਂ ਮਾਪਿਆਂ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਵਿੱਚ ਸੁਣਨ ਦੀ ਸਮੱਸਿਆ ਨੂੰ ਉਮਰ ਦਾ ਆਮ ਪ੍ਰਭਾਵ ਸਮਝ ਕੇ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਕੰਨਾਂ ਦੀ ਸਿਹਤ ਲਈ ਜ਼ਰੂਰੀ ਸਾਵਧਾਨੀਆਂ
- ਕੰਨਾਂ ਵਿੱਚ ਤੀਲੀਆਂ, ਪਿੰਨ ਜਾਂ ਹੋਰ ਨੁਕੀਲੀਆਂ ਚੀਜ਼ਾਂ ਨਾ ਪਾਓ।
- ਉੱਚੀ ਆਵਾਜ਼ ਅਤੇ ਲੰਬੇ ਸਮੇਂ ਤੱਕ ਹੈੱਡਫੋਨ ਦੀ ਵਰਤੋਂ ਤੋਂ ਬਚੋ।
- ਕੰਨ ਵਿੱਚ ਦਰਦ, ਪਾਣੀ/ਪਸ, ਲਗਾਤਾਰ ਘੰਟੀ ਦੀ ਆਵਾਜ਼ ਜਾਂ ਸੁਣਨ ਵਿੱਚ ਕਮੀ ਹੋਣ ’ਤੇ ਡਾਕਟਰ ਨਾਲ ਸੰਪਰਕ ਕਰੋ।
- ਬਿਨਾਂ ਡਾਕਟਰੀ ਸਲਾਹ ਦੇ ਕੰਨਾਂ ਵਿੱਚ ਦਵਾਈ ਜਾਂ ਬੂੰਦਾਂ ਨਾ ਪਾਓ।
- ਅਚਾਨਕ ਸੁਣਨ ਸ਼ਕਤੀ ਘੱਟ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲਵੋ।
ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਰਾਸ਼ਟਰੀ ਬਹਿਰਾਪਣ ਰੋਕਥਾਮ ਤੇ ਕੰਟਰੋਲ ਪ੍ਰੋਗਰਾਮ (NPPCD) ਦਾ ਉਦੇਸ਼ ਸੁਣਨ ਸ਼ਕਤੀ ਦੇ ਨੁਕਸਾਨ ਦੀ ਰੋਕਥਾਮ, ਜਲਦੀ ਪਛਾਣ ਅਤੇ ਸਮੇਂ ਸਿਰ ਇਲਾਜ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀ ਅਤੇ ਪਰਿਵਾਰਕ ਮੈਂਬਰਾਂ ਦੀ ਸੁਣਨ ਸ਼ਕਤੀ ਪ੍ਰਤੀ ਸੁਚੇਤ ਰਹਿਣ ਅਤੇ ਲੋੜ ਪੈਣ ’ਤੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ ਅਤੇ ਬੀਸੀਸੀ ਜੋਤੀ ਅਨੰਦ ਆਦਿ ਹਾਜ਼ਰ ਸਨ।
Posted By: Gaurav Maria