ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤਾਂ ਦਾ ਪਹਿਰੇਦਾਰ ਸ. ਜਸਪਾਲ ਸਿੰਘ ਹੇਰਾਂ
ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤਾਂ ਦਾ ਪਹਿਰੇਦਾਰ ਸ. ਜਸਪਾਲ ਸਿੰਘ ਹੇਰਾਂ
ਕਿਸੇ ਦੀ ਰੂਹ ਦੇ ਕਣ-ਕਣ ਵਿੱਚ ਕਿਵੇਂ ਪੰਥ ਅਤੇ ਪੰਜਾਬ ਵੱਸਦਾ ਹੈ ਜੇ ਇਸ ਦੀ ਉਦਾਹਰਨ ਦੇਣੀ ਹੋਵੇ ਤਾਂ ਉਹ ਸ. ਜਸਪਾਲ ਸਿੰਘ ਜੀ ਹੇਰਾਂ ਹਨ, ਜਿਨ੍ਹਾਂ ਨੇ ਆਪਣੇ ਹਰ ਸਾਹ ਦੇ ਨਾਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤਾਂ ਤੇ ਦੇਸ ਪੰਜਾਬ ਦੀ ਪਹਿਰੇਦਾਰੀ ਕੀਤੀ। ਉਹ ਸਿੱਖ ਕੌਮ ਦੇ ਇੱਕ ਅਣਥੱਕ ਸੰਘਰਸ਼ੀ ਯੋਧੇ ਸਨ, ਉਹਨਾਂ ਦੀਆਂ ਲਿਖਤਾਂ ਹਿੰਦ ਸਰਕਾਰ ਲਈ ਬੰਦੂਕਾਂ-ਤੋਪਾਂ ਨਾਲੋਂ ਵੀ ਵੱਧ ਖ਼ਤਰਨਾਕ ਸਨ। ਸਰਕਾਰ ਨੇ ਇਸ ਯੋਧੇ ਨੂੰ ਝੁਕਾਉਣ ਲਈ ਹਰ ਪ੍ਰਕਾਰ ਦੇ ਯਤਨ ਕੀਤੇ, ਪਰ ਸ. ਜਸਪਾਲ ਸਿੰਘ ਹੇਰਾਂ ਦੀ ਕਲਮ ਝੁਕਣ ਦੀ ਬਜਾਏ ਹੋਰ ਤਿੱਖੀ ਹੁੰਦੀ ਗਈ। ਪਹਿਰੇਦਾਰ ਅਖ਼ਬਾਰ ਰਾਹੀਂ ਉਹਨਾਂ ਨੇ ਸਿੱਖ ਕੌਮ ਵਿੱਚ ਜਾਗ੍ਰਿਤੀ ਅਤੇ ਕ੍ਰਾਂਤੀ ਭਰੀ, ਉਹਨਾਂ ਦੇ ਇਤਿਹਾਸਕ ਕਾਰਜਾਂ ਨੂੰ ਪੰਥ ਹਮੇਸ਼ਾਂ ਯਾਦ ਰੱਖੇਗਾ।
ਸ. ਹੇਰਾਂ ਆਪਣੀ ਛੋਟੀ ਜਿਹੀ ਟੀਮ ਦੇ ਨਾਲ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਵੱਡੇ ਵੱਡੇ ਬਿਰਤਾਂਤ ਤੋੜਦੇ ਰਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲੱਗੇ ਮੋਰਚਿਆਂ ਨੂੰ ਹੋਰ ਭਖਾਉਂਦੇ ਰਹੇ। ਉਹਨਾਂ ਨੇ ਕਾਂਗਰਸ, ਬਾਦਲਕੇ, ਭਾਜਪਾਈ ਅਤੇ ਆਮ ਆਦਮੀ ਪਾਰਟੀ ਤੇ ਹੋਰ ਪੰਥ ਦੋਖੀਆਂ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਜਵਾਬ ਦੇਹ ਬਣਾਇਆ। ਉਹ ਭਾਰਤੀ ਹਕੂਮਤ ਦੇ ਸਿੱਖਾਂ ਉੱਤੇ ਹੋ ਰਹੇ ਸਰੀਰਕ, ਸਿਧਾਂਤਕ ਅਤੇ ਲੁਕਵੇਂ ਹਮਲਿਆਂ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ ਤੇ ਉਹਨਾਂ ਦੇ ਜਵਾਬ ਲਈ ਖ਼ੁਦ ਵੀ ਮੈਦਾਨ ਵਿੱਚ ਨਿੱਤਰਦੇ ਸਨ ਤੇ ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਹੋਕਾ ਦਿੰਦੇ ਸਨ ਕਿ ਅਵੇਸਲਾਪੁਣਾ ਤਿਆਗੋ ਤੇ ਇੱਕਮੁੱਠ ਹੋਵੋ।
ਸ. ਜਸਪਾਲ ਸਿੰਘ ਹੇਰਾਂ ਭਾਵੇਂ ਸਰੀਰਕ ਪੱਖੋਂ ਸਾਨੂੰ ਦੋ ਸਾਲ ਪਹਿਲਾਂ ਵਿਛੋੜਾ ਦੇ ਗਏ ਹਨ, ਪਰ ਉਹਨਾਂ ਵੱਲੋਂ ਸ਼ੁਰੂ ਕੀਤੀ ਕੌਮੀ ਬਾਤ ਕਦੇ ਮੁੱਕਣੀ ਨਹੀਂ। ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਉਹਨਾਂ ਦੇ ਸਪੁੱਤਰ ਅਤੇ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਸ. ਰਿਸ਼ਬਦੀਪ ਸਿੰਘ ਹੇਰਾਂ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਤੇ ਸਮੁੱਚੀ ਟੀਮ ਨੇ ਉਹਨਾਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਨੂੰ ਜਿਉਂਦਾ ਰੱਖਿਆ ਹੈ ਤੇ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੋ ਕੇ ਅੱਗੇ ਵੱਧ ਰਹੇ ਹਨ, ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖ਼ਸ਼ੇ।
ਜਗਤਾਰ ਸਿੰਘ ਹਵਾਰਾ ,ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ,ਮੰਡੋਲੀ ਜੇਲ੍ਹ, ਦਿੱਲੀ।
Posted By: GURBHEJ SINGH ANANDPURI