ਪੋਸਟ ਮਾਰਟਮ ਦੀ ਰਿਪੋਰਟ ਵਿੱਚ ਪੀ ਜੀ ਆਈ ਦੇ ਡਾਕਟਰਾਂ ਵੱਲੋਂ ਭੁੱਲਰ ਉੱਪਰ ਪੁਲਿਸ ਤਸ਼ੱਦਦ ਤੋਂ ਇਨਕਾਰ
ਚੰਡੀਗੜ੍ਹ 24 ਜੂਨ (ਨਜ਼ਰਾਨਾ ਨਿਊਜ਼ ਬਿਊਰੋ) ਚਰਚਿਤ ਜੈ ਪਾਲ ਭੁੱਲਰ ਪੁਲਿਸ ਮੁਕਾਬਲੇ ਵਿਚ ਭੁੱਲਰ ਦੇ ਪਰਿਵਾਰ ਵੱਲੋਂ ਲੜੀ ਗਈ ਕਾਨੂੰਨੀ ਜੰਗ ਤੋਂ ਬਾਅਦ ਪੀ ਜੀ ਆਈ ਚੰਡੀਗੜ੍ਹ ਦੇ ਚਾਰ ਡਾਕਟਰਾਂ ਦੇ ਪੈਨਲ ਵੱਲੋਂ ਕੀਤੇ ਗਏ ਦੂਸਰੇ ਪੋਸਟ ਮਾਰਟਮ ਨਵਾਂ ਮੋੜ ਆ ਗਿਆ ਹੈ । ਪਰਿਵਾਰ ਨੂੰ ਉਮੀਦ ਸੀ ਕੀ ਇਸ ਰਿਪੋਰਟ ਵਿੱਚ ਉਹਨਾਂ ਵਲੋਂ ਲਗਾਏ ਗਏ ਇਲਜ਼ਾਮ ਸੱਚ ਸਾਬਿਤ ਹੋਣ ਗੇ ਪਰ ਇਸ ਰਿਪੋਰਟ ਵਿੱਚ ਡਾਕਟਰਾਂ ਵੱਲੋਂ ਕਿਸੇ ਵੀ ਤਰੀਕੇ ਦੇ ਤਸ਼ੱਦਦ ਤੋਂ ਇੰਨਕਾਰ ਕੀਤਾ ਹੈ।
ਦੂਸਰੇ ਪੋਸਟਮਾਰਟਮ ਵਿੱਚ ਡਾਕਟਰਾਂ ਵੱਲੋਂ ਕੀਤੇ ਗਏ ਐਕਸ-ਰੇ ਜਾਂਚ ਵਿਚ ਜੈ ਪਾਲ ਭੁੱਲਰ ਦੇ ਸੱਤ ਗੋਲੀਆਂ ਲੱਗਣ ਦੀ ਗੱਲ ਸਾਹਮਣੇ ਆਈ ਹੈ। ਡਾਕਟਰਾਂ ਦੀ ਟੀਮ ਵੱਲੋਂ ਕਈ ਘੰਟੇ ਤੱਕ ਕੀਤੀ ਗਈ ਸਲਾਹ ਮਸ਼ਵਰੇ ਬਾਅਦ ਸੱਤ ਪੇਜ਼ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਪਰਿਵਾਰ ਦੇ ਮੈਂਬਰਾ ਵੱਲੋ ਜੈ ਪਾਲ ਭੁੱਲਰ ਦੇ ਸਰੀਰ ਤੇ ਜੋ ਫ੍ਰੈਕਚਰ ਦੱਸੇ ਗਏ ਸਨ ਉਸਦਾ ਕਾਰਨ ਡਾਕਟਰਾਂ ਨੇ ਗੋਲੀਆਂ ਲੱਗਣ ਦੇ ਪ੍ਰਭਾਵ ਕਾਰਨ ਦੱਸਿਆ ਹੈ।
ਜੈਪਾਲ ਭੁੱਲਰ ਦਾ ਪਰਿਵਾਰ ਲਗਾਤਾਰ ਪੰਜਾਬ ਪੁਲਿਸ ਉੱਤੇ ਜੈਪਾਲ ਭੁੱਲਰ ਦੇ ਫ਼ਰਜ਼ੀ ਮੁਕਾਬਲੇ ਦਾ ਇਲਜ਼ਾਮ ਲਗਾ ਰਿਹਾ ਸੀ। ਜਿਸ ਦਾ ਕਾਰਨ ਜੈਪਾਲ ਭੁੱਲਰ ਦੀ ਮੌਤ ਦਾ ਅਸਲ ਕਾਰਨ ਪਤਾ ਲਗਾਉਣ ਲਈ ਪਰਿਵਾਰ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ ਅਤੇ ਸਫ਼ਲਤਾ ਨਾ ਮਿਲਣ ਤੋਂ ਬਾਅਦ ਭਾਰਤ ਦੀ ਸੁਪਰੀਮ ਕੋਰਟ ਵਿੱਚ ਦੂਸਰਾ ਪੋਸਟ ਮਾਰਟਮ ਕਰਾਉਣ ਦੇ ਹੁਕਮ ਦੇਣ ਲਈ ਸਫ਼ਲ ਅਪੀਲ ਕੀਤੀ।
ਹਾਲਾਂਕਿ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ, ਜੋ ਪੰਜਾਬ ਪੁਲਿਸ ਦੇ ਇੱਕ ਰਿਟਾਇਰਡ ਇੰਸਪੈਕਟਰ ਹਨ, ਨੇ ਦੋਸ਼ ਲਾਇਆ ਸੀ ਕਿ ਜੈਪਾਲ ਨੂੰ ਇੱਕ ਫ਼ਰਜ਼ੀ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸਦੇ ਬੇਟੇ ਨੂੰ ਪੰਜਾਬ ਪੁਲਿਸ ਨੇ ਬੇਰਹਿਮੀ ਨਾਲ ‘ਤਸੀਹੇ ਦਿੱਤੇ ਅਤੇ ਫਿਰ ਕਤਲ ਕੀਤਾ। ਉਹਨਾਂ ਮੰਗ ਕੀਤੀ ਸੀ ਕਿ ਇਸ ਮੁਕਾਬਲੇ ਦੀ ਜਾਂਚ ਕਰਵਾਈ ਜਾਵੇ ਅਤੇ ਇਸ ਵਿੱਚ ਸ਼ਾਮਲ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।
ਜੈਪਾਲ ਭੁੱਲਰ ਅਤੇ ਉਸਦੇ ਇਕ ਸਾਥੀ ਜਸਪ੍ਰੀਤ ਸਿੰਘ ਉਰਫ ਜੱਸੀ ਨੂੰ ਕੋਲਕਾਤਾ ਦੇ ਸੁਖਾਬ੍ਰਿਤੀ ਅਪਾਰਟਮੈਂਟ ਦੇ ਵਿੱਚ ਪੱਛਮੀ ਬੰਗਾਲ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਜੂਨ 9 ਨੂੰ ਹੋਏ ਇਕ ਮੁਕਾਬਲੇ ਵਿੱਚ ਹੋਈ ਗੋਲੀਬਾਰੀ ਵਿੱਚ ਮਾਰ ਮੁੱਕਿਆ ਸੀ । ਇਸ ਮੁਕਾਬਲੇ ਵਿੱਚ ਇੱਕ ਐਸਟੀਐਫ ਅਧਿਕਾਰੀ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ । ਅਧਿਕਾਰੀਆਂ ਨੇ ਦੱਸਿਆ ਕਿ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਦੋਵੇਂ ਕਤਲ, ਨਸ਼ਾ ਤਸਕਰੀ ਅਤੇ ਜਬਰ ਜਨਾਹ ਦੇ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੜਾਉਂਦੇ ਸਨ।
ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਅਤੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੇ ਏ.ਡੀ.ਜੀ.ਪੀ. ਅਮਿਤ ਪ੍ਰਸਾਦ ਨੇ ਉਸ ਵੇਲੇ ਮੀਡਿਆ ਨੂੰ ਬਿਆਨ ਦਿੱਤਾ ਸੀ ਕਿ, “ਅਸੀਂ ਸਿਰਫ ਜਾਣਕਾਰੀ ਅਤੇ ਉਨ੍ਹਾਂ ਦੇ ਠਿਕਾਣਿਆਂ ਦਾ ਵੇਰਵਾ ਪੱਛਮੀ ਬੰਗਾਲ ਪੁਲਿਸ ਨਾਲ ਸਾਂਝਾ ਕੀਤਾ ਸੀ। ਸਾਡੀ ਇਕ ਟੀਮ ਪੰਜਾਬ ਤੋਂ ਰਵਾਨਾ ਹੋ ਗਈ ਸੀ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਕੋਲਕਾਤਾ ਐਸਟੀਐਫ ਦੀ ਟੀਮ ਨੇ ਛਾਪਾ ਮਾਰਿਆ ਸੀ। ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਪਰ ਦੋਵਾਂ ਨੇ ਫਾਇਰ ਕਰ ਦਿੱਤਾ। ਪੱਛਮੀ ਬੰਗਾਲ ਪੁਲਿਸ ਟੀਮ ਨੇ ਜਵਾਬੀ ਕਾਰਵਾਈ ਕਰਦਿਆਂ ਜਵਾਬੀ ਫਾਇਰਿੰਗ ਕੀਤੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ। ਪੰਜਾਬ ਪੁਲਿਸ ਛਾਪੇਮਾਰੀ ਕਰਨ ਵਾਲੀ ਟੀਮ ਦਾ ਹਿੱਸਾ ਨਹੀਂ ਸੀ।
ਜੈਪਾਲ ਇੱਕ ਰਾਸ਼ਟਰੀ ਪੱਧਰ ਦਾ ਹਮਰ ਸੁੱਟਣ ਵਾਲਾ ਖੇਡਾਰੀ ਸੀ, ਜੋ ਬਾਅਦ ਵਿੱਚ ਅਪਰਾਧ ਦੀ ਦੁਨੀਆ ਵੱਲ ਚਲਾ ਗਿਆ। ਪੁਲਿਸ ਮੁਤਾਬਿਕ ਉਸ ਨੇ ਜਸਪ੍ਰੀਤ ਅਤੇ ਦੋ ਹੋਰ ਸਾਥੀਆਂ ਬਲਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਨਾਲ ਮਿਲ ਕੇ 15 ਮਈ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਨੂੰ ਲੁਧਿਆਣਾ ਦਿਹਾਤੀ ਪੁਲਿਸ ਦੇ ਦੋ ਸਹਾਇਕ ਸਬ-ਇੰਸਪੈਕਟਰਾਂ (ਏਐਸਆਈ) ਦਲਵਿੰਦਰਜੀਤ ਸਿੰਘ ਅਤੇ ਭਗਵਾਨ ਸਿੰਘ ਨੂੰ ਕਥਿਤ ਤੌਰ’ ਤੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਜਗਰਾਉਂ ਕਾਂਡ ਤੋਂ ਬਾਅਦ ਜੈਪਾਲ ਨੂੰ ਗ੍ਰਿਫਤਾਰ ਕਰਨ ਵਾਲੀ ਜਾਣਕਾਰੀ ਲਈ ਪੰਜਾਬ ਪੁਲਿਸ ਵੱਲੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਅੱਜ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਭਾਰੀ ਪੁਲਿਸ ਪ੍ਰਬੰਦਾਂ ਹੇਠ ਫਿਰੋਜ਼ਪੁਰ ਵਿਖੇ ਕਰ ਦਿੱਤਾ ਗਿਆ। ਅੰਤਿਮ ਰਸਮਾਂ ਜੈਪਾਲ ਭੁੱਲਰ ਦੇ ਭਰਾ ਅਮ੍ਰਿਤਪਾਲ ਭੁੱਲਰ ਨੇ ਨਭਾਈਆਂ ਜਿਸ ਨੂੰ ਜੇਲ੍ਹ ਵਿਚੋਂ ਖਾਸ ਤੌਰ ਜੈਪਾਲ ਦੇ ਸਸਕਾਰ ਲਈ ਲਿਆਂਦਾ ਗਿਆ ਸੀ। ਅੰਤਿਮ ਸਸਕਾਰ ਵਿਚ ਭੁੱਲਰ ਦੇ ਪਰਿਵਾਰਕ ਮੈਂਬਰਾਂ ਸਾਹਿਤ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ।
Posted By: GURBHEJ SINGH ANANDPURI