Nazrana Times

ਪੰਜਾਬੀ

ਸੂਬੇ 'ਚ ਈਡੀ ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਧਾਇਕਾਂ ਸਮੇਤ 10 ਜਣਿਆਂ ਨੂੰ ਸੰਮਨ ਜਾਰੀ ਕੀਤੇ

24 Nov, 2026 01:40 PM

ਹਰਵਿੰਦਰ ਕੌਰ ਖੁੱਡੀ ਕਲਾਂ
ਬਰਨਾਲਾ, 24 ਨਵੰਬਰ 

:ਮੋਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਤੇਜ਼: ਈਡੀ ਵੱਲੋਂ ਧਰਮਕੋਟ ਦੇ ਵਿਧਾਇਕ, ਪਰਿਵਾਰਕ ਮੈਂਬਰਾਂ ਅਤੇ ਮਾਲ ਅਧਿਕਾਰੀਆਂ ਨੂੰ ਸੰਮਨ ਜਾਰੀ

​:ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਦੀ ਜਾਂਚ ਦਾ ਦਾਇਰਾ ਵਧਾਉਂਦਿਆਂ ਧਰਮਕੋਟ ਤੋਂ 'ਆਪ' ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕਾ ਦੇ ਪਰਿਵਾਰਕ ਮੈਂਬਰਾਂ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਤੇ ਸਾਬਕਾ ਮਾਲ ਅਧਿਕਾਰੀਆਂ ਸਮੇਤ ਕੁੱਲ 10 ਵਿਅਕਤੀਆਂ ਨੂੰ ਸੰਮਨ ਜਾਰੀ ਕੀਤੇ ਹਨ। 

ਇਹ ਸਾਰਾ ਮਾਮਲਾ ਨੈਸ਼ਨਲ ਹਾਈਵੇਅ ਨੰਬਰ 754-ਏ ਦੇ ਨਿਰਮਾਣ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਵਿੱਚ ਹੋਈ ਕਥਿਤ ਹੇਰਾਫੇਰੀ ਅਤੇ ਸਰਕਾਰੀ ਜ਼ਮੀਨਾਂ ਦੀ ਗੈਰ-ਕਾਨੂੰਨੀ ਖਰੀਦੋ-ਫਰੋਖਤ ਨਾਲ ਜੁੜਿਆ ਹੋਇਆ ਹੈ।ਜਾਂਚ ਏਜੰਸੀ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਅਨੁਸਾਰ ਸਾਰੇ ਸਬੰਧਿਤ ਵਿਅਕਤੀਆਂ ਨੂੰ ਵੱਖ-ਵੱਖ ਤਰੀਕਾਂ ਨੂੰ ਈਡੀ ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤਹਿਤ 42 ਸਾਲਾ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ 26 ਨਵੰਬਰ ਅਤੇ ਉਨ੍ਹਾਂ ਦੇ ਪਤੀ ਰਾਕੇਸ਼ ਅਰੋੜਾ ਨੂੰ 25 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ 27 ਨਵੰਬਰ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਈਡੀ ਨੇ ਵਿਧਾਇਕਾ ਦੇ ਪਿਤਾ ਜਸਪਾਲ ਸਿੰਘ ਨੂੰ 27 ਨਵੰਬਰ, ਭਰਾ ਵਲਜਿੰਦਰ ਸਿੰਘ ਨੂੰ 30 ਨਵੰਬਰ ਅਤੇ ਮਾਮਾ ਹਰਮਿੰਦਰ ਸਿੰਘ ਨੂੰ 2 ਦਸੰਬਰ ਨੂੰ ਤਲਬ ਕੀਤਾ ਹੈ।

​ ਇਸ ਮਾਮਲੇ ਵਿੱਚ ਪ੍ਰਸ਼ਾਸਨਿਕ ਮਿਲੀਭੁਗਤ ਦਾ ਪਰਦਾਫਾਸ਼ ਕਰਨ ਲਈ ਮੋਗਾ ਦੇ ਜ਼ਿਲ੍ਹਾ ਮਾਲ ਅਫ਼ਸਰ (ਡੀਆਰਓ) ਗੁਰਦੇਵ ਸਿੰਘ ਧਾਮ, ਸਥਾਨਕ ਪਟਵਾਰੀ ਨਿਰਵੈਰ ਸਿੰਘ ਅਤੇ ਮੋਗਾ ਦੇ ਸਾਬਕਾ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੂੰ ਵੀ ਸੰਮਨ ਭੇਜੇ ਗਏ ਹਨ। ਇਸ ਦੇ ਨਾਲ ਹੀ ਵਿਧਾਇਕਾ ਨਾਲ ਜੁੜੇ 'ਆਸ਼ੀਰਵਾਦ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ' ਦੇ ਹਿੱਸੇਦਾਰ ਅਤੇ ਡਾਇਰੈਕਟਰ ਲਖਵਿੰਦਰ ਸਿੰਘ ਨੂੰ 23 ਨਵੰਬਰ (ਸੋਮਵਾਰ) ਨੂੰ ਹੀ ਪੇਸ਼ ਹੋਣ ਲਈ ਕਿਹਾ ਗਿਆ ਸੀ। ਈਡੀ ਨੂੰ ਸ਼ੱਕ ਹੈ ਕਿ ਹਸਪਤਾਲ ਦੇ ਪ੍ਰਬੰਧਨ, ਬੇਹਿਸਾਬ ਨਕਦੀ ਦੇ ਲੈਣ-ਦੇਣ ਅਤੇ ਨਸ਼ੀਲੀਆਂ ਦਵਾਈਆਂ ਦੀ ਖਰੀਦੋ-ਫਰੋਖਤ ਤੋਂ ਇਲਾਵਾ ਅਦਾਲਤੀ ਹੁਕਮਾਂ ਅਤੇ ਇਤਰਾਜ਼ਾਂ ਦੇ ਬਾਵਜੂਦ ਸਰਕਾਰੀ, ਨਗਰ ਨਿਗਮ ਅਤੇ ਚਰਚ ਟਰੱਸਟ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਿੱਚ ਵੀ ਲਖਵਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ।

​ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 4 ਨਵੰਬਰ ਨੂੰ ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਬਿਆਨ ਜਾਰੀ ਕਰਕੇ ਦੋਸ਼ ਲਾਇਆ ਸੀ ਕਿ ਵਿਧਾਇਕਾ ਅਤੇ ਉਨ੍ਹਾਂ ਦੇ ਪਤੀ ਨੇ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਨੈਸ਼ਨਲ ਹਾਈਵੇਅ- 754ਏ  ਲਈ ਐਕੁਆਇਰ ਕੀਤੀ ਜ਼ਮੀਨ ਦਾ 1 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਗਲਤ ਤਰੀਕੇ ਨਾਲ ਜਾਰੀ ਕਰਵਾਉਣ ਅਤੇ ਉਸ ਨੂੰ ਹੜੱਪਣ ਵਿੱਚ ਮਦਦ ਕੀਤੀ ਸੀ। ਇਹ ਜਾਂਚ ਮੋਗਾ ਪੁਲਿਸ ਵੱਲੋਂ ਥਾਣਾ ਧਰਮਕੋਟ ਵਿਖੇ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ।

ਭਾਜਪਾ ਕਰ ਰਹੀ ਹੈ ਸਿਆਸੀ ਬਦਲਾਖੋਰੀ:ਵਿਧਾਇਕਾ ਅਮਨਦੀਪ ਕੌਰ

​ ਦੂਜੇ ਪਾਸੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਕਾਰਵਾਈ ਨੂੰ ਭਾਜਪਾ ਦੀ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਰਿਹਾਇਸ਼ 'ਤੇ 42 ਘੰਟੇ ਤੱਕ ਚੱਲੀ ਈਡੀ ਦੀ ਛਾਪੇਮਾਰੀ ਦੌਰਾਨ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਮੰਤਰੀ ਦੇ ਅਹੁਦੇ ਦੇ ਬਦਲੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਦਬਾਅ ਪਾਇਆ ਗਿਆ।ਵਿਧਾਇਕਾ ਅਨੁਸਾਰ ਉਨ੍ਹਾਂ ਦੇ ਘਰ ਅਤੇ ਹਸਪਤਾਲ ਦੀ ਡੂੰਘਾਈ ਨਾਲ ਤਲਾਸ਼ੀ ਲੈਣ ਦੇ ਬਾਵਜੂਦ ਈਡੀ ਨੂੰ ਇੱਕ ਵੀ ਪੈਸਾ ਜਾਂ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ ਅਤੇ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਅਰੋੜਾ ਪੰਜਾਬ 'ਆਪ' ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਵੀ ਹਨ ਅਤੇ ਪਾਰਟੀ ਵੱਲੋਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਮੁੜ ਮੋਗਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ।

Latest News