ਸੰਗਠਤ ਤੇ ਸਾਰਥਕ ਢੰਗ ਨਾਲ ਪੰਜਾਬ ’ਚ ਹੜ੍ਹ ਰਾਹਤ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ sarkarekhalsa.org ਵੈੱਬਸਾਈਟ ਜਾਰੀ
ਜਥੇਦਾਰ ਗੜਗੱਜ ਨੇ ਵੈੱਬਸਾਈਟ ਜਾਰੀ ਕਰਨ ਉਪਰੰਤ ਸੇਵਾਵਾਂ ਕਰ ਰਹੀਆਂ ਸਮੂਹ ਸਮਰਪਿਤ ਸੰਸਥਾਵਾਂ ਨੂੰ ਰਜਿਸਟਰ ਕਰਨ ਦੀ ਕੀਤੀ ਅਪੀਲ
ਅੰਮ੍ਰਿਤਸਰ, 19 ਸਤੰਬਰ,ਨਜ਼ਰਾਨਾ ਟਾਈਮਜ ਬਿਊਰੋ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸੇਵਾਵਾਂ ਨੂੰ ਸੰਗਠਤ, ਸਾਰਥਕ ਤੇ ਢੁਕਵੇਂ ਢੰਗ ਨਾਲ ਕਰਵਾਉਣ ਲਈ ਕੀਤੇ ਗਏ ਐਲਾਨ ਮੁਤਾਬਕ ਅੱਜ sarkarekhalsa.org ਵੈੱਬਸਾਈਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ। ਉਨ੍ਹਾਂ ਪੰਜਾਬ ਅੰਦਰ ਸੇਵਾ ਤੇ ਰਾਹਤ ਕਾਰਜ ਕਰ ਰਹੀਆਂ ਸਮੂਹ ਜਥੇਬੰਦੀਆਂ, ਸੰਸਥਾਵਾਂ, ਸ਼ਖ਼ਸੀਅਤਾਂ ਤੇ ਸਮੂਹਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈੱਬਸਾਈਟ ਉੱਤੇ ਆਪਣੀਆਂ ਸੇਵਾਵਾਂ ਨੂੰ ਰਜਿਸਟਰ ਕਰਨ ਤਾਂ ਜੋ ਨੀਤੀਗਤ ਢੰਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਚਲਾਇਆ ਹੋਇਆ ਖ਼ਾਲਸਾ ਪੰਥ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਅਤੇ ਇਸੇ ਤੋਂ ਪ੍ਰੇਰਿਤ ਹੋ ਕੇ ਸਿੱਖ ਜਾਂ ਸਿੱਖ ਸੰਸਥਾਵਾਂ ਹਮੇਸ਼ਾ ਹੀ ਕੁਦਰਤੀ ਆਫ਼ਤ ਜਾਂ ਹੋਰ ਸਮੱਸਿਆ ਤੋਂ ਜੂਝਦੇ ਲੋਕਾਂ ਦੀ ਬਿਨਾਂ ਕਿਸੇ ਵਿਤਕਰੇ ਤੋਂ ਸਹਾਇਤਾ ਕਰਦੀਆਂ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਬੀਤੇ ਦਿਨੀਂ ਜੋ ਪੰਜਾਬ ਅੰਦਰ ਹੜ੍ਹਾਂ ਦੀ ਗੰਭੀਰ ਮਾਰ ਪਈ ਹੈ, ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਉਪਰੰਤ ਕਈ ਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਕਿ ਸੰਸਥਾਵਾਂ ਰਾਹਤ ਸੇਵਾਵਾਂ ਤਾਂ ਕਰ ਰਹੀਆਂ ਹਨ ਪਰ ਇਨ੍ਹਾਂ ਦਾ ਆਪਸੀ ਤਾਲਮੇਲ ਤੇ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ ਤਾਂ ਜੋ ਦਸਵੰਧ ਵਿਅਰਥ ਨਾਲ ਜਾਵੇ ਅਤੇ ਪ੍ਰਭਾਵਿਤ ਤੇ ਲੋੜਵੰਦ ਲੋਕਾਂ ਤੱਕ ਮਦਦ ਪਹੁੰਚੇ। ਇਸ ਸਬੰਧ ਵਿੱਚ ਸੇਵਾ ਕਰ ਰਹੀਆਂ ਸਮੂਹ ਸੰਸਥਾਵਾਂ, ਸ਼ਖ਼ਸੀਅਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ 13 ਸਤੰਬਰ ਨੂੰ ਇਕੱਤਰਤਾ ਕੀਤੀ ਗਈ ਸੀ ਅਤੇ ਸੁਝਾਅ ਲਏ ਗਏ ਸਨ, ਜਿਸ ਤੋਂ ਬਾਅਦ ਇਹ ਵੈੱਬਸਾਈਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰ-ਏ-ਖ਼ਾਲਸਾ ਵੈੱਬਸਾਈਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਖ਼ਾਲਸਾ ਪੰਥ ਵੱਲੋਂ ਕੀਤਾ ਗਿਆ ਇੱਕ ਉਪਰਾਲਾ ਹੈ। ਜਿਸ ਰਾਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨੂੰ ਸਾਕਾਰ ਕਰਦਿਆਂ ਰਾਹਤ ਸੇਵਾਵਾਂ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਨੂੰ ਸੰਗਠਤ ਕਰਕੇ ਤੇ ਇਨ੍ਹਾਂ ਦੇ ਤਾਲਮੇਲ ਰਾਹੀਂ ਦਸਵੰਧ ਨੂੰ ਸਾਰਥਕ ਤੇ ਢੁਕਵੇਂ ਰੂਪ ਵਿੱਚ ਲਗਾਉਣ ਤੇ ਕੌਮ ਅਤੇ ਮਨੁੱਖਤਾ ਦੇ ਭਵਿੱਖ ਲਈ ਲੋੜੀਂਦੀਆਂ ਸੇਵਾਵਾਂ ਲਈ ਵਰਤਣ ਦਾ ਇੱਕ ਯਤਨ ਹੈ ਜੋ ਗੁਰੂ ਸਾਹਿਬ ਦੇ ਓਟ ਆਸਰੇ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ਉੱਤੇ ਇਸ ਮੰਚ ਰਾਹੀਂ ਕੁੱਲ ਛੇ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਕਾਰਜ ਕੀਤੇ ਜਾਣਗੇ, ਜਿਨ੍ਹਾਂ ਵਿੱਚ ਖੇਤ ਪੱਧਰ ਕਰਨਾ, ਘਰਾਂ ਦੀ ਸੇਵਾ, ਪਸ਼ੂ ਧਨ ਦੀ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ ਅਤੇ ਹੋਰ ਸੇਵਾਵਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸੰਸਥਾਵਾਂ ਵੱਲੋਂ ਇਸ ਮੰਚ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਹੈ ਕਿ ਇਸ ਰਾਹੀਂ ਹੜ੍ਹ ਪ੍ਰਭਾਵਿਤਾਂ ਲਈ ਪ੍ਰਭਾਵਸ਼ਾਲੀ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕੋਈ ਵੀ ਮਾਈ ਭਾਈ ਭਾਵੇਂ ਕਿਸੇ ਵੀ ਧਰਮ ਤੋਂ ਹੋਵੇ ਇਸ ਵੈੱਬਸਾਈਟ ਉੱਤੇ ਰਜਿਸਟਰ ਕਰਕੇ ਮਦਦ ਦੀ ਲੋੜ ਬਾਰੇ ਜਾਂ ਜੋ ਸੇਵਾ ਕਰ ਸਕਦਾ ਹੋਵੇ, ਆਪਣੀ ਜਾਣਕਾਰੀ ਮਹੁੱਈਆ ਕਰਵਾ ਸਕਦਾ ਹੈ। ਇੱਕ ਵਾਰ ਜਾਣਕਾਰੀ ਰਜਿਸਟਰ ਹੋਣ ਉਪਰੰਤ ਉਸਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨੀਯਤ ਸੇਵਾਦਾਰ ਵਲੰਟੀਅਰਾਂ ਵੱਲੋਂ ਤਸਦੀਕ ਕੀਤੀ ਜਾਵੇਗੀ ਅਤੇ ਸਹੀ ਹੋਣ ਉਪਰੰਤ ਸੇਵਾ ਕਰਨ ਵਾਲੀ ਸੰਸਥਾ ਨੂੰ ਕਾਰਜ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੇਵਾਦਾਰ ਵਲੰਟੀਅਰ ਵਜੋਂ ਸੇਵਾਵਾਂ ਦੇਣ ਦੇ ਇੱਛੁਕ ਵਿਅਕਤੀ ਵੀ ਇਸ ਮੰਚ ਰਾਹੀਂ ਰਜਿਸਟਰ ਕਰ ਸਕਦੇ ਹਨ। ਵੈੱਬਸਾਈਟ ਉੱਤੇ ਵਾਅਟਸਐਪ (+91 8083080840) ਚੈਟ ਰਾਹੀਂ ਵੀ ਜੁੜਿਆ ਜਾ ਸਕਦਾ ਹੈ ਅਤੇ ਇਹ ਵੈੱਬਸਾਈਟ ਕਿਵੇਂ ਕਾਰਜ ਕਰੇਗੀ ਇਸ ਸਬੰਧੀ ਹਦਾਇਤਾਂ ਵੀ ਮੰਚ ਉੱਤੇ ਦਿੱਤੀਆਂ ਗਈਆਂ ਹਨ। ਮੰਚ ਉੱਤੇ ਰਜਿਸਟਰ ਕਰਨ ਵਾਲੀ ਹਰ ਜਥੇਬੰਦੀ, ਸੰਸਥਾ, ਵਿਅਕਤੀ, ਵਪਾਰ ਦਾ ਦਾਖ਼ਲ ਹੋਣ ਸਬੰਧੀ ਵੱਖਰਾ ਲੌਗ-ਇਨ ਤੇ ਪਾਸਵਰਡ ਹੋਵੇਗਾ, ਜਿਸ ਰਾਹੀਂ ਦਾਖ਼ਲ ਹੋ ਕੇ ਉਹ ਘਟਨਾਵਾਂ ਜਾਂ ਲੋੜਾਂ ਨੂੰ ਰਿਪੋਰਟ ਕਰ ਸਕਦੇ ਹਨ, ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਉੱਤੇ ਨਜ਼ਰ ਰੱਖ ਸਕਦੇ ਹਨ ਜਾਂ ਸਥਿਤੀ ਨੂੰ ਅਪਡੇਟ ਕਰ ਸਕਦੇ ਹਨ। ਇਸੇ ਤਰ੍ਹਾਂ ਦੀ ਸੁਵਿਧਾ ਮਦਦ ਦੀ ਲੋੜ ਵਾਲੇ ਵਿਅਕਤੀ, ਪਰਿਵਾਰਾਂ ਆਦਿ ਨੂੰ ਵੀ ਹੋਵੇਗੀ।
Posted By: GURBHEJ SINGH ANANDPURI