Nazrana Times

ਪੰਜਾਬੀ

ਦੁਸਹਿਰੇ ਦਾ ਤਿਉਹਾਰ ਮਹਿਜ਼ ਬਾਹਰੀ ਪੁਤਲੇ ਸਾੜਨ ਤੱਕ ਸੀਮਿਤ ਕਿਉਂ? - ਬਿੰਦਰ ਸਿੰਘ ਖੁੱਡੀ ਕਲਾਂ

20 Oct, 2026 01:38 PM

:​ਦੁਸਹਿਰੇ ਦਾ ਤਿਉਹਾਰ ਭਾਰਤੀ ਸੱਭਿਆਚਾਰ ਵਿੱਚ ਵਿਸ਼ੇਸ਼ ਅਤੇ ਵਿਲੱਖਣ ਸਥਾਨ ਰੱਖਦਾ ਹੈ।ਇਹ ਤਿਉਹਾਰ ਮੂਲ ਰੂਪ ਵਿੱਚ ਸੱਚ ਦੀ ਝੂਠ 'ਤੇ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।ਇਹ ਤਿਉਹਾਰ ਇਸ ਗੱਲ ਦਾ ਸਦੀਵੀ ਸੰਦੇਸ਼ ਦਿੰਦਾ ਹੈ ਕਿ ਅੰਤ ਵਿੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਅਤੇ ਝੂਠ, ਅਧਰਮ ਅਤੇ ਹੰਕਾਰ ਦਾ ਨਾਸ਼ ਨਿਸ਼ਚਿਤ ਹੈ।ਇਸ ਤਿਉਹਾਰ ਨਾਲ ਕਈ ਇਤਿਹਾਸਕ ਅਤੇ ਪੁਰਾਤਨ ਕਹਾਣੀਆਂ ਜੁੜੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਕਥਾ ਭਗਵਾਨ ਰਾਮ ਦੁਆਰਾ ਲੰਕਾਪਤੀ ਰਾਵਣ ਉੱਤੇ ਜਿੱਤ ਪ੍ਰਾਪਤ ਕਰਨ ਦੀ ਹੈ। ਇਸ ਦਿਨ ਦੇਸ਼ ਭਰ ਵਿੱਚ ਵੱਡੇ-ਵੱਡੇ ਮੈਦਾਨਾਂ ਵਿੱਚ ਰਾਵਣ, ਉਸਦੇ ਭਰਾ ਕੁੰਭਕਰਨ ਅਤੇ ਪੁੱਤਰ ਮੇਘਨਾਥ ਦੇ ਵੱਡੇ-ਵੱਡੇ ਪੁਤਲੇ ਤਿਆਰ ਕੀਤੇ ਜਾਂਦੇ ਹਨ ਅਤੇ ਸੂਰਜ ਡੁੱਬਣ ਸਮੇਂ ਇਨ੍ਹਾਂ ਨੂੰ ਅਗਨੀ ਭੇਟ ਕੀਤੀ ਜਾਂਦੀ ਹੈ।

ਜਦੋਂ ਅਸੀਂ ਇਸ ਤਿਉਹਾਰ ਨੂੰ ਸਿਰਫ਼ ਇੱਕ ਰੀਤੀ-ਰਿਵਾਜ, ਮੇਲੇ ਜਾਂ ਆਤਿਸ਼ਬਾਜ਼ੀ ਤੱਕ ਸੀਮਤ ਕਰਕੇ ਦੇਖਦੇ ਹਾਂ, ਤਾਂ ਅਸੀਂ ਇਸਦੇ ਅਸਲ ਅਤੇ ਡੂੰਘੇ ਦਾਰਸ਼ਨਿਕ ਅਰਥਾਂ ਤੋਂ ਬਹੁਤ ਦੂਰ ਹੋ ਜਾਂਦੇ ਹਾਂ। ਕਾਗਜ਼, ਲੱਕੜ ਅਤੇ ਪਟਾਕਿਆਂ ਨਾਲ ਬਣੇ ਇਨ੍ਹਾਂ ਪੁਤਲਿਆਂ ਨੂੰ ਸਾੜਨਾ ਸਿਰਫ਼ ਇੱਕ ਬਾਹਰੀ ਦਿਖਾਵਾ ਹੈ।ਜਦੋਂ ਤੱਕ ਕਿ ਅਸੀਂ ਆਪਣੇ ਅੰਦਰ ਅਤੇ ਸਮਾਜ ਵਿੱਚ ਮੌਜੂਦ ਅਸਲ ਬੁਰਾਈਆਂ ਨੂੰ ਨਹੀਂ ਪਛਾਣਦੇ ਅਤੇ ਉਨ੍ਹਾਂ ਦਾ ਅੰਤ ਨਹੀਂ ਕਰਦੇ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਿਰਫ਼ ਤਿੰਨ ਪੁਰਾਤਨ ਪਾਤਰ ਨਹੀਂ ਹਨ।ਸਗੋਂ ਇਹ ਮਨੁੱਖੀ ਮਾਨਸਿਕਤਾ ਅਤੇ ਸਮਾਜ ਵਿੱਚ ਫੈਲੀਆਂ ਕਈ ਘਿਣਾਉਣੀਆਂ ਬੁਰਾਈਆਂ ਦੇ ਪ੍ਰਤੀਕ ਹਨ।

​ਪ੍ਰਚਲਿਤ ਕਥਾਵਾਂ ਅਨੁਸਾਰ ਰਾਵਣ ਨੂੰ ਬਹੁਤ ਵੱਡਾ ਵਿਦਵਾਨ, ਵੇਦਾਂ ਦਾ ਗਿਆਤਾ ਅਤੇ ਸ਼ਿਵ ਦਾ ਪਰਮ ਭਗਤ ਮੰਨਿਆ ਜਾਂਦਾ ਸੀ।ਜਿਸ ਕੋਲ ਅਪਾਰ ਗਿਆਨ, ਸ਼ਕਤੀ ਅਤੇ ਸੋਨੇ ਦੀ ਲੰਕਾ ਵਰਗੀ ਦੌਲਤ ਸੀ, ਪਰ ਉਸਦਾ ਅਹੰਕਾਰ, ਲਾਲਚ ਅਤੇ ਮਨੁੱਖਤਾ ਵਿਰੋਧੀ ਸੋਚ ਉਸਦੇ ਵਿਨਾਸ਼ ਦਾ ਕਾਰਨ ਬਣੀ। ਹਿੰਦੂ ਧਰਮ ਗ੍ਰੰਥਾਂ ਵਿੱਚ ਰਾਵਣ ਦੇ ਦਸ ਸਿਰਾਂ ਦਾ ਜ਼ਿਕਰ ਮਿਲਦਾ ਹੈ, ਜੋ ਮਨੁੱਖ ਦੇ ਦਸ ਮੁੱਖ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਅਗਿਆਨਤਾ, ਨਫ਼ਰਤ, ਡਰ ਅਤੇ ਹਉਮੈ ਨੂੰ ਦਰਸਾਉਂਦੇ ਹਨ। ਜਦੋਂ ਅਸੀਂ ਰਾਵਣ ਦਾ ਪੁਤਲਾ ਸਾੜਦੇ ਹਾਂ, ਤਾਂ ਸਾਨੂੰ ਆਪਣੇ ਅੰਦਰ ਬੈਠੇ ਇਨ੍ਹਾਂ ਦਸ ਵਿਕਾਰਾਂ ਨੂੰ ਸਾੜਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ, ਮੇਘਨਾਥ ਆਪਣੀ ਮਾਇਆਵੀ ਸ਼ਕਤੀਆਂ ਅਤੇ ਅਪਾਰ ਬਲ ਲਈ ਜਾਣਿਆ ਜਾਂਦਾ ਸੀ ਪਰ ਉਹ ਗਲਤ ਨੀਤੀਆਂ ਅਤੇ ਆਪਣੇ ਪਿਤਾ ਦੇ ਹੰਕਾਰ ਦਾ ਅੰਨ੍ਹੇਵਾਹ ਸਾਥ ਦੇਣ ਕਾਰਨ ਮਾਰਿਆ ਗਿਆ। ਮੇਘਨਾਥ ਦਾ ਕਿਰਦਾਰ ਸਾਨੂੰ ਇਹ ਸਿਖਾਉਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਤਾਕਤ, ਯੋਗਤਾ ਜਾਂ ਅਹੁਦੇ ਦੀ ਦੁਰਵਰਤੋਂ ਕਰਦਾ ਹੈ ਅਤੇ ਗਲਤ ਕੰਮਾਂ ਵਿੱਚ ਆਪਣੇ ਆਗੂ ਜਾਂ ਪਰਿਵਾਰ ਦਾ ਅੰਨ੍ਹਾ ਸਮਰਥਨ ਕਰਦਾ ਹੈ, ਤਾਂ ਉਸਦਾ ਪਤਨ ਵੀ ਤੈਅ ਹੁੰਦਾ ਹੈ। ਦੂਜੇ ਪਾਸੇ ਕੁੰਭਕਰਨ ਆਪਣੀ ਲੰਮੀ ਨੀਂਦ ਅਤੇ ਅਗਿਆਨਤਾ ਲਈ ਪ੍ਰਸਿੱਧ ਸੀ। ਜੋ ਤਾਕਤਵਰ ਹੋਣ ਦੇ ਬਾਵਜੂਦ ਲੰਕਾ ਵਿੱਚ ਹੋ ਰਹੇ ਅਨਿਆਂ ਸਮੇਂ ਗੂੜ੍ਹੀ ਨੀਂਦ ਵਿੱਚ ਸੁੱਤਾ ਰਿਹਾ। ਕੁੰਭਕਰਨ ਦਾ ਪੁਤਲਾ ਸਾੜਨਾ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਜਦੋਂ ਸਮਾਜ ਵਿੱਚ ਅਨਿਆਂ, ਜੁਲਮ ਜਾਂ ਬੁਰਾਈ ਹੋ ਰਹੀ ਹੋਵੇ, ਤਾਂ ਉਸ ਉੱਤੇ ਚੁੱਪ ਧਾਰ ਕੇ ਬੈਠਣਾ ਜਾਂ ਅਣਜਾਣ ਬਣ ਕੇ ਸੌਂ ਜਾਣਾ ਵੀ ਸਮਾਜ ਲਈ ਇੱਕ ਵੱਡਾ ਪਾਪ ਹੈ।

​ਹਰ ਸਾਲ ਦੁਸਹਿਰੇ ਮੌਕੇ ਕਰੋੜਾਂ ਰੁਪਏ ਖਰਚ ਕਰਕੇ ਵੱਡੇ-ਵੱਡੇ ਪੁਤਲੇ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਮਿੰਟਾਂ ਵਿੱਚ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇਨ੍ਹਾਂ ਪੁਤਲਿਆਂ ਨੂੰ ਸਾੜਨ ਨਾਲ ਸਮਾਜ ਵਿੱਚੋਂ ਅਪਰਾਧ, ਭ੍ਰਿਸ਼ਟਾਚਾਰ ਜਾਂ ਹੰਕਾਰ ਘੱਟ ਹੋ ਰਿਹਾ ਹੈ? ਜੇਕਰ ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਪਤਾ ਲੱਗੇਗਾ ਕਿ ਸਮਾਜਿਕ ਬੁਰਾਈਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਜਿਸਦਾ ਮਤਲਬ ਸਾਫ਼ ਹੈ ਕਿ ਅਸੀਂ ਸਿਰਫ਼ ਬਾਹਰੀ ਪੁਤਲੇ ਸਾੜਨ ਤੱਕ ਸੀਮਿਤ ਹੋ ਕੇ ਰਹਿ ਗਏ ਹਾਂ ਅਤੇ ਅੰਦਰੂਨੀ ਬੁਰਾਈਆਂ ਨੂੰ ਖ਼ਤਮ ਕਰਨ ਲਈ ਕੋਈ ਗੰਭੀਰ ਉਪਰਾਲਾ ਨਹੀਂ ਕਰ ਰਹੇ। ਅਸਲ ਵਿੱਚ ਦੁਸਹਿਰੇ ਦੇ ਤਿਉਹਾਰ ਨੂੰ ਸਾਰਥਿਕ ਬਣਾਉਣ ਲਈ ਸਾਨੂੰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਰੂਪ ਵਿੱਚ ਸਮਾਜ ਵਿੱਚ ਮੌਜੂਦ ਵਿਨਾਸ਼ਕਾਰੀ ਤੱਤਾਂ ਦੀ ਪਛਾਣ ਕਰਨੀ ਪਵੇਗੀ ਅਤੇ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਵਿਰੁੱਧ ਲੜਾਈ ਲੜਨ ਦੀ ਲੋੜ ਹੈ। ਜਦੋਂ ਤੱਕ ਅਸੀਂ ਸਮਾਜਿਕ ਅਸਮਾਨਤਾ, ਨਸ਼ੇ, ਭ੍ਰਿਸ਼ਟਾਚਾਰ ਅਤੇ ਨੈਤਿਕ ਗਿਰਾਵਟ ਦੇ ਖਿਲਾਫ ਖੁਦ ਅੱਗੇ ਨਹੀਂ ਆਉਂਦੇ ਉਦੋਂ ਤੱਕ ਕੋਈ ਵੀ ਤਿਉਹਾਰ ਆਪਣਾ ਉਦੇਸ਼ ਪੂਰਾ ਨਹੀਂ ਕਰ ਸਕਦਾ। 

‌‌ਅਜੋਕੇ ਯੁੱਗ ਵਿੱਚ ਸਾਡੇ ਸਮਾਜ ਨੂੰ ਕਈ ਗੰਭੀਰ ਚੁਣੌਤੀਆਂ ਨੇ ਘੇਰਿਆ ਹੋਇਆ ਹੈ। ਭ੍ਰਿਸ਼ਟਾਚਾਰ ਦੀ ਲਾਹਨਤ ਸਾਡੇ ਦੇਸ਼ ਅਤੇ ਸਮਾਜ ਦੀ ਜੜ੍ਹਾਂ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ ਅਤੇ ਰਾਵਣ ਦੀ ਲਾਲਚੀ ਪ੍ਰਵਿਰਤੀ ਦਾ ਹੀ ਆਧੁਨਿਕ ਰੂਪ ਹੈ।

​ਇਸੇ ਤਰ੍ਹਾਂ ਨਸ਼ੇ ਦੀ ਸਮੱਸਿਆ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਜੋ ਕਿ ਕੁੰਭਕਰਨ ਦੀ ਉਸ ਗੂੜ੍ਹੀ ਨੀਂਦ ਵਰਗਾ ਹੈ ਜਿੱਥੇ ਨੌਜਵਾਨ ਆਪਣੀ ਹੋਸ਼ ਅਤੇ ਭਵਿੱਖ ਨੂੰ ਦਾਅ 'ਤੇ ਲਗਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਜੀਵਨ ਬਿਤਾ ਰਹੇ ਹਨ। ਸਮਾਜ ਵਿੱਚ ਅਜੇ ਵੀ ਲਿੰਗ ਭੇਦਭਾਵ, ਪੁਰਸ਼ ਪ੍ਰਧਾਨ ਮਾਨਸਿਕਤਾ ਅਤੇ ਔਰਤਾਂ ਪ੍ਰਤੀ ਅੱਤਿਆਚਾਰ ਜਾਰੀ ਹਨ, ਜਿਨ੍ਹਾਂ ਨੂੰ ਰਾਵਣ ਵੱਲੋਂ ਸੀਤਾ ਹਰਣ ਜਿਹੀ ਘਟਨਾ ਦੇ ਆਧੁਨਿਕ ਰੂਪ ਵਜੋਂ ਦੇਖਿਆ ਜਾ ਸਕਦਾ ਹੈ। ਜਾਤੀਵਾਦ ਅਤੇ ਫਿਰਕਾਪ੍ਰਤੀ ਵਰਗੀਆਂ ਬੁਰਾਈਆਂ ਸਮਾਜ ਨੂੰ ਜਾਤ, ਧਰਮ ਅਤੇ ਵਰਗਾਂ ਵਿੱਚ ਵੰਡਣ ਵਾਲੀਆਂ ਤਾਕਤਾਂ ਹਨ ਜੋ ਮੇਘਨਾਥ ਦੀ ਮਾਇਆਵੀ ਸ਼ਕਤੀਆਂ ਵਾਂਗ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੀਆਂ ਹਨ। ਇਸ ਤੋਂ ਇਲਾਵਾ, ਵਾਤਾਵਰਣ ਨਾਲ ਖਿਲਵਾੜ ਕਰਨਾ ਅਤੇ ਧਰਤੀ ਨੂੰ ਗੰਧਲਾ ਕਰਨਾ ਮਨੁੱਖ ਦੀ ਅਗਿਆਨਤਾ ਅਤੇ ਹੰਕਾਰ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਇਨ੍ਹਾਂ ਸਾਰੀਆਂ ਬੁਰਾਈਆਂ ਨੂੰ ਸਾੜਨ ਦਾ ਅਸਲ ਮਤਲਬ ਇਹ ਹੈ ਕਿ ਅਸੀਂ ਇਨ੍ਹਾਂ ਦੇ ਖਿਲਾਫ ਸਮੂਹਿਕ ਤੌਰ 'ਤੇ ਆਵਾਜ਼ ਉਠਾਈਏ ਅਤੇ ਆਪਣੇ ਆਚਰਣ ਵਿੱਚ ਸੁਧਾਰ ਕਰੀਏ, ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਅਤੇ ਆਤਿਸ਼ਬਾਜ਼ੀ ਦਾ ਆਨੰਦ ਮਾਣਨ ਤੋਂ ਬਾਅਦ ਜੇਕਰ ਅਗਲੇ ਦਿਨ ਸਵੇਰੇ ਸਮਾਜ ਦੀ ਸਥਿਤੀ ਉਹੀ ਰਹਿੰਦੀ ਹੈ ਤਾਂ ਸਾਡੀਆਂ ਰੀਤੀ-ਰਿਵਾਜਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

​ਅਸਲ ਦੁਸਹਿਰਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਅੰਦਰ ਝਾਤੀ ਮਾਰਦਾ ਹੈ ਅਤੇ ਆਪਣੇ ਔਗੁਣਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਤਿਆਗਣ ਦਾ ਪ੍ਰਣ ਕਰਦਾ ਹੈ, ਕਿਉਂਕਿ ਜਦੋਂ ਤੱਕ ਮਨੁੱਖ ਆਪਣੇ ਅੰਦਰ ਬੈਠੇ ਰਾਵਣ ਨੂੰ ਨਹੀਂ ਮਾਰਦਾ ਤਦ ਤੱਕ ਬਾਹਰਲੇ ਹਜ਼ਾਰਾਂ ਪੁਤਲੇ ਸਾੜਨਾ ਵੀ ਬੇਅਰਥ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਸਮਾਜ ਕੋਈ ਬਾਹਰਲੀ ਚੀਜ਼ ਨਹੀਂ ਹੈ। ਸਗੋਂ ਇਹ ਸਾਡੇ ਸਾਰਿਆਂ ਤੋਂ ਮਿਲ ਕੇ ਬਣਿਆ ਹੈ ਅਤੇ ਜੇਕਰ ਸਾਡੇ ਅੰਦਰ ਸੁਧਾਰ ਆਵੇਗਾ ਤਾਂ ਆਪਣੇ ਆਪ ਹੀ ਸਮਾਜ ਵਿੱਚੋਂ ਬੁਰਾਈਆਂ ਦਾ ਨਾਸ਼ ਹੋ ਜਾਵੇਗਾ। ਦੁਸਹਿਰਾ ਸਿਰਫ਼ ਇੱਕ ਤਿਉਹਾਰ ਨਹੀਂ ਹੈ।ਸਗੋਂ ਇਹ ਨੈਤਿਕਤਾ, ਧਰਮ, ਸੱਚਾਈ ਅਤੇ ਮਾਨਵਤਾ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲਾ ਇੱਕ ਮਹਾਨ ਉਪਦੇਸ਼ ਹੈ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਦੀ ਇਹ ਪ੍ਰੰਪਰਾ ਸਾਨੂੰ ਇਹ ਯਾਦ ਕਰਵਾਉਂਦੀ ਹੈ ਕਿ ਹੰਕਾਰ, ਅਨਿਆਂ ਅਤੇ ਬੇਪਰਵਾਹੀ ਦਾ ਅੰਤ ਹਮੇਸ਼ਾ ਬੁਰਾ ਹੁੰਦਾ ਹੈ।ਇਸ ਲਈ ਸਾਨੂੰ ਇਸ ਪਾਵਨ ਮੌਕੇ 'ਤੇ ਕੇਵਲ ਲੱਕੜ ਅਤੇ ਕਾਗਜ਼ ਦੇ ਪੁਤਲੇ ਸਾੜਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।ਸਗੋਂ ਸਮਾਜ ਵਿਚਲੀਆਂ ਅਸਲ ਬੁਰਾਈਆਂ ਨੂੰ ਖ਼ਤਮ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਹੈ। 

ਆਓ, ਇਸ ਦੁਸਹਿਰੇ 'ਤੇ ਇਹ ਪ੍ਰਣ ਕਰੀਏ ਕਿ ਅਸੀਂ ਨਾ ਸਿਰਫ਼ ਆਪਣੇ ਅੰਦਰੂਨੀ ਵਿਕਾਰਾਂ ਦਾ ਤਿਆਗ ਕਰਾਂਗੇ।ਸਗੋਂ ਇੱਕਜੁੱਟ ਹੋ ਕੇ ਆਪਣੇ ਸਮਾਜ ਨੂੰ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਮੁਕਤ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਵਾਂਗੇ।ਤਾਂ ਜੋ ਜਦੋਂ ਹਰ ਨਾਗਰਿਕ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਹੋਵੇਗਾ ਅਤੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਏਗਾ, ਤਾਂ ਅਸਲ ਅਰਥਾਂ ਵਿੱਚ ਵਿਜੇਦਸ਼ਮੀ ਦਾ ਤਿਉਹਾਰ ਸਾਰਥਕ ਹੋ ਸਕੇਗਾ ਅਤੇ ਸਾਡਾ ਸਮਾਜ ਇੱਕ ਸੱਚਾ, ਨਰੋਆ ਅਤੇ ਸੁਨਹਿਰੀ ਭਵਿੱਖ ਵੱਲ ਕਦਮ ਵਧਾ ਸਕੇਗਾ।

Posted By: Binder Singh Kuddi Kalan

Latest News