ਪਿੰਡ ਬਾਹਮਣੀ ਵਾਲਾ (ਪੱਟੀ) ਵਿਖੇ ਅੱਖਾਂ ਦਾ ਫ੍ਰੀ ਕੈਂਪ ਭਲਕੇ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,6 ਫ਼ਰਵਰੀ
ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਹਨੇਰੇ ਤੋਂ ਸਵੇਰੇ ਵੱਲ ਮਿਸ਼ਨ ਤਹਿਤ ਅੱਖਾਂ ਦੇ ਫ੍ਰੀ ਕੈਂਪ ਲਗਾਏ ਜਾ ਰਹੇ ਹਨ।ਇਸੇ ਮਿਸ਼ਨ ਤਹਿਤ ਪਿੰਡ ਬਾਹਮਣੀ ਵਾਲਾ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰੈਸ ਸਕੱਤਰ ਕੁਲਦੀਪ ਸਿੰਘ ਕੇ ਪੀ ਗਿੱਲ ਨੇ ਦੱਸਿਆ ਸੁਸਾਇਟੀ ਵੱਲੋਂ ਸ਼ਹੀਦ ਬਾਬਾ ਭੂਪ ਜੀ ਦੇ ਸਲਾਨਾ ਮੇਲੇ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਕੈਂਪ 8 ਫ਼ਰਵਰੀ ਦਿਨ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਪਿੰਡ ਬਾਹਮਣੀ ਵਾਲਾ ਵਿਖੇ ਲਗਾਇਆ ਜਾ ਰਿਹਾ ਹੈ। ਜਿਸ 'ਚ ਲੁਧਿਆਣਾ ਤੋਂ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅੱਪ ਕਰਨਗੇ।ਇਸ ਦੌਰਾਨ ਜੋ ਮਰੀਜ਼ ਆਪ੍ਰੇਸ਼ਨ ਲਈ ਚੁਣੇ ਜਾਣਗੇ,ਉਨ੍ਹਾਂ ਦੇ ਆਪ੍ਰੇਸ਼ਨ, ਆਉਣ-ਜਾਣ, ਰਹਿਣ,ਰੋਟੀ ਆਦਿ ਦਾ ਸਾਰਾ ਖ਼ਰਚ ਸੁਸਾਇਟੀ ਵੱਲੋਂ ਕੀਤਾ ਜਾਵੇਗਾ।ਆਪ੍ਰੇਸ਼ਨ ਅੱਜ ਦੀ ਉੱਚ ਤਕਨੀਕ ਨਾਲ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ,ਜਿਨ੍ਹਾਂ ਮਰੀਜ਼ਾਂ ਨੂੰ ਦਵਾਈਆਂ,ਐਨਕਾਂ ਦੀ ਲੋੜ ਹੋਵੇਗੀ। ਕੈਂਪ ਦੌਰਾਨ ਉਨ੍ਹਾਂ ਨੂੰ ਦਵਾਈਆਂ,ਐਨਕਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ।ਇਸ ਮੌਕੇ ਉਨ੍ਹਾਂ ਕਿਹਾ ਕਿ ਕੈਂਪ ਬਾਰੇ ਹੋਰ ਲੋੜਵੰਦਾਂ ਨੂੰ ਵੀ ਜਾਗਰੂਕ ਕਰੋ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਹਾ ਲੈ ਸਕਣ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਮਰੀਜ਼ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਪਰਿਵਾਰ ਦਾ ਫੋਨ ਨੰਬਰ ਜ਼ਰੂਰ ਨਾਲ ਲੈ ਕੇ ਆਉਣ।
Posted By: GURBHEJ SINGH ANANDPURI