Nazrana Times

ਪੰਜਾਬੀ

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ’ਤੇ ਜਥੇਦਾਰ ਗੜਗੱਜ ਵੱਲੋਂ ਸਮੂਹ ਸੰਗਤ ਨੂੰ ਵਧਾਈਆਂ

08 Oct, 2025 01:49 AM

ਅੰਮ੍ਰਿਤਸਰ, 7 ਅਕਤੂਬਰ-ਨਜ਼ਰਾਨਾ ਟਾਈਮਜ ਬਿਓਰਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਿਸ਼ਵ ਭਰ ਵਿੱਚ ਵੱਸਦੀ ਸੰਗਤ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਗਤ ਕਰਕੇ ਸਿੱਖੀ ਦੇ ਗੁਣ ਧਾਰਨ ਕੀਤੇ ਅਤੇ ਗੁਰੂ ਘਰ ਵਿੱਚ ਹਮੇਸ਼ਾ ਹੀ ਇੱਕ ਸੱਚੇ ਸੇਵਕ ਵਜੋਂ ਵਿਚਰੇ। ਉਨ੍ਹਾਂ ਕਿਹਾ ਕਿ ਤੀਸਰੇ ਪਾਤਸ਼ਾਹ ਜੀ ਨਾਲ ਗੂੜ੍ਹਾ ਰਿਸ਼ਤਾ ਹੋਣ ਦੇ ਬਾਵਜੂਦ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਸੱਚੇ ਸਿਦਕ ਤੇ ਸੇਵਾ ਭਾਵਨਾ ਨਾਲ ਸਿੱਖੀ ਕਮਾਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਚੌਥੇ ਵਾਰਸ ਬਣੇ। ਗੁਰਤਾਗੱਦੀ ਉੱਤੇ ਬਿਰਾਜਮਾਨ ਹੋਣ ਉਪਰੰਤ ਚੌਥੇ ਪਾਤਸ਼ਾਹ ਜੀ ਨੇ ਤੀਹ ਰਾਗਾਂ ਵਿੱਚ ਗੁਰਬਾਣੀ ਉਚਾਰਨ ਕੀਤੀ, ਜਿਸ ਤੋਂ ਸਾਨੂੰ ਅਕਾਲ ਪੁਰਖ ਨਾਲ ਪ੍ਰੇਮ ਭਗਤੀ, ਸਿੱਖੀ ਸੇਵਕੀ, ਨਿਮਰਤਾ, ਸਾਂਝੀਵਾਲਤਾ ਅਤੇ ਰੱਬੀ ਮਿਹਰ ਦੇ ਪਾਤਰ ਕਿਵੇਂ ਬਣਿਆ ਜਾ ਸਕਦਾ ਹੈ, ਇਸ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾ ਕੇ 52 ਤਰ੍ਹਾਂ ਦੀ ਕਿਰਤ ਕਰਨ ਵਾਲਿਆਂ ਨੂੰ ਸ਼ਹਿਰ ਵਿੱਚ ਵਸਾਇਆ। ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ ਜਿਸ ਵਿੱਚ ਇਸ਼ਨਾਨ ਕਰਕੇ ਸੰਗਤਾਂ ਅੱਜ ਵੀ ਮੇਰ-ਤੇਰ, ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਤੋਂ ਰਹਿਤ ਗੁਰੂ ਸਾਹਿਬ ਦਾ ਰੂਹਾਨੀਅਤ ਭਰਿਆ ਉਪਦੇਸ਼ ਪ੍ਰਾਪਤ ਕਰਦੀਆਂ ਹਨ।
ਜਥੇਦਾਰ ਗੜਗੱਜ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸੇਵਾ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਹਰ ਸਿੱਖ ਗੁਰਬਾਣੀ ਅਤੇ ਬਾਣੇ ਦਾ ਧਾਰਨੀ ਹੋ ਕੇ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਵੀ ਗੁਰਮਤਿ ਤੇ ਸਿੱਖੀ ਸਿਧਾਂਤਾਂ ਨਾਲ ਜੋੜੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #