Nazrana Times

ਪੰਜਾਬੀ

ਮੈਡੀਸਨ ਸਕੁਏਅਰ ਗਾਰਡਨ ਬਾਹਰ RSS ਮੁਖੀ ਮੋਹਨ ਭਾਗਵਤ ਦੇ ਸਮਾਗਮ ਦਾ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ

30 Aug, 2026 05:19 PM

ਖਾਲਿਸਤਾਨ ਦੇ ਝੰਡਿਆਂ ਅਤੇ ਅਕਾਸ਼-ਗੂੰਜਾਊ ਨਾਅਰਿਆਂ ਨਾਲ ਗੂੰਜਿਆ ਮੈਨਹੈਟਨ; ਕਈ ਸਟੇਟਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂ

ਧਰਮ ਅਤੇ ਬੋਲਣ ਦੀ ਆਜ਼ਾਦੀ ਵਾਲੀ ਧਰਤੀ ਅਮਰੀਕਾ “Land of the Free, Home of the Brave” ਵਿੱਚ ਨਫ਼ਰਤ ਅਤੇ ਘੱਟਗਿਣਤੀਆਂ ਵਿਰੋਧੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ — ਸਿੱਖ ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ, 29 ਅਗਸਤ 2026 , ਨਜ਼ਰਾਨਾ ਟਾਈਮਜ਼ 

ਮੈਨਹੈਟਨ ਸਥਿਤ ਮੈਡੀਸਨ ਸਕੁਏਅਰ ਗਾਰਡਨ ਵਿਖੇ RSS ਮੁਖੀ ਮੋਹਨ ਭਾਗਵਤ ਦੇ ਸਮਾਗਮ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਗਾਉਂਦਿਆਂ ਪੰਜਾਬ ਦੇ ਸਵੈ-ਨਿਰਣੇ ਅਤੇ ਆਜ਼ਾਦੀ ਦੀ ਆਵਾਜ਼ ਬੁਲੰਦ ਕੀਤੀ ਗਈ।
ਇਸ ਮੁਜ਼ਾਹਰੇ ਦੀ ਕਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਦਿੱਤੀ ਗਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਸ ਫਾਰ ਜਸਟਿਸ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਖਾਲਿਸਤਾਨ ਅਫੇਅਰਜ਼ ਸੈਂਟਰ, ਕਾਊਂਸਿਲ ਆਫ ਖਾਲਿਸਤਾਨ, ਸਿੱਖ ਕਾਕਸ ਕਮੇਟੀ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ, ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਅਤੇ ਵਰਲਡ ਸਿੱਖ ਪਾਰਲੀਮੈਂਟ ਸਮੇਤ ਵੱਖ-ਵੱਖ ਪੰਥਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਨਿਊਯਾਰਕ ਤੋਂ ਇਲਾਵਾ ਨਿਊਜਰਸੀ, ਕਨੈਕਟੀਕਟ, ਪੈਨਸਿਲਵੇਨੀਆ, ਮੈਰੀਲੈਂਡ, ਵਰਜੀਨੀਆ, ਇੰਡਿਆਨਾ ਅਤੇ ਬੋਸਟਨ ਸਮੇਤ ਵੱਖ-ਵੱਖ ਇਲਾਕਿਆਂ ਤੋਂ ਸਿੱਖ ਆਗੂ, ਨੌਜਵਾਨ, ਕਾਰਕੁਨ ਅਤੇ ਸੰਗਤਾਂ ਮੁਜ਼ਾਹਰੇ ਵਿੱਚ ਪਹੁੰਚੀਆਂ। ਪ੍ਰਬੰਧਕਾਂ ਨੇ ਇਸ ਇਕੱਠ ਨੂੰ ਸਿੱਖ ਡਾਇਸਪੋਰਾ ਦੀ ਸੰਗਠਿਤ ਆਵਾਜ਼ ਕਰਾਰ ਦਿੱਤਾ।


ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ RSS ਦੀ ਵਿਚਾਰਧਾਰਾ, ਭਾਰਤ ਵਿੱਚ ਘੱਟਗਿਣਤੀਆਂ ਦੀ ਸਥਿਤੀ, ਸਿੱਖ ਮਨੁੱਖੀ ਅਧਿਕਾਰਾਂ, ਪੰਜਾਬ ਦੇ ਰਾਜਨੀਤਕ ਭਵਿੱਖ ਅਤੇ ਸਵੈ-ਨਿਰਣੇ ਦੇ ਹੱਕ ਬਾਰੇ ਵਿਚਾਰ ਪ੍ਰਗਟ ਕੀਤੇ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਧਾਰਮਿਕ ਅਤੇ ਬੋਲਣ ਦੀ ਆਜ਼ਾਦੀ ਦੀ ਧਰਤੀ ਹੈ ਅਤੇ ਇੱਥੇ ਘੱਟਗਿਣਤੀਆਂ ਵਿਰੁੱਧ ਨਫ਼ਰਤ ਫੈਲਾਉਣ ਵਾਲੀ ਕਿਸੇ ਵੀ ਵਿਚਾਰਧਾਰਾ ਦਾ ਜਮਹੂਰੀ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇਗਾ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਰਾਜਨੀਤਕ ਭਵਿੱਖ ਬਾਰੇ ਖ਼ੁਦ ਫ਼ੈਸਲਾ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਪੰਜਾਬ ਦੀ ਆਜ਼ਾਦੀ ਹੀ ਸਾਡੀ ਕੌਮੀ ਹੋਂਦ, ਪਛਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸੁਰੱਖਿਆ ਦਾ ਰਾਹ ਹੈ। ਸਿੱਖ ਕੌਮ ਆਪਣੇ ਸਵੈ-ਨਿਰਣੇ ਅਤੇ ਆਜ਼ਾਦੀ ਦੀ ਆਵਾਜ਼ ਨੂੰ ਦੁਨੀਆ ਦੇ ਹਰ ਲੋਕਤੰਤਰੀ ਮੰਚ ਉੱਤੇ ਸ਼ਾਂਤਮਈ ਢੰਗ ਨਾਲ ਬੁਲੰਦ ਕਰਦੀ ਰਹੇਗੀ।”
ਹਿੰਮਤ ਸਿੰਘ ਨੇ ਅੱਗੇ ਦੋਸ਼ ਲਾਇਆ ਕਿ ਭਾਰਤ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਨਾਲ ਜੁੜੇ ਨੈੱਟਵਰਕਾਂ ਨੂੰ ਕੇਂਦਰ ਸਰਕਾਰ ਅਤੇ RSS ਨਾਲ ਮਿਲੀਭੁਗਤ ਰਾਹੀਂ ਵਿਦੇਸ਼ਾਂ ਵਿੱਚ ਸਿੱਖ ਡਾਇਸਪੋਰਾ ਵਿਰੁੱਧ ਹਿੰਸਕ ਕਾਰਵਾਈਆਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਦੋਸ਼ਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਸੁਤੰਤਰ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।


ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਸਵੈ-ਨਿਰਣੇ ਅਤੇ ਮਨੁੱਖੀ ਅਧਿਕਾਰਾਂ ਦੇ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਕੌਮ ਦੀ ਰਾਜਨੀਤਕ ਇੱਛਾ ਅਤੇ ਆਵਾਜ਼ ਨੂੰ ਦਬਾਉਣ ਦੀ ਥਾਂ ਉਸ ਨੂੰ ਜਮਹੂਰੀ ਢੰਗ ਨਾਲ ਸੁਣਿਆ ਜਾਣਾ ਚਾਹੀਦਾ ਹੈ।
ਹਰਜਿੰਦਰ ਸਿੰਘ, ਮੀਡੀਆ ਸਪੋਕਸਮੈਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਨੇ ਕਿਹਾ, “ਅੱਜ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਹੋਇਆ ਸ਼ਾਂਤਮਈ ਮੁਜ਼ਾਹਰਾ ਇਸ ਗੱਲ ਦਾ ਸਪੱਸ਼ਟ ਸੰਦੇਸ਼ ਹੈ ਕਿ ਸਿੱਖ ਡਾਇਸਪੋਰਾ ਆਪਣੇ ਮਨੁੱਖੀ, ਧਾਰਮਿਕ ਅਤੇ ਰਾਜਨੀਤਕ ਹੱਕਾਂ ਬਾਰੇ ਚੁੱਪ ਨਹੀਂ ਰਹੇਗਾ। ਅਸੀਂ ਅਮਰੀਕਾ ਸਮੇਤ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਕਾਨੂੰਨੀ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ ਅਤੇ ਸਿੱਖਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਨੂੰ ਸੰਬੰਧਤ ਸਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਸਾਹਮਣੇ ਉਠਾਉਂਦੇ ਰਹਾਂਗੇ।”
ਇਸ ਮੌਕੇ ਸੁਰਜੀਤ ਸਿੰਘ ਕਲਾਰ, ਡਾ. ਬਖਸ਼ੀਸ਼ ਸਿੰਘ, ਬਲਵਿੰਦਰ ਸਿੰਘ ਚੱਠਾ, ਸੰਤੋਖ ਸਿੰਘ ਇੰਡਿਆਨਾ, ਹਰਮਿੰਦਰ ਸਿੰਘ ਆਲੂਵਾਲੀਆ, ਬਲਾਕਾ ਸਿੰਘ, ਜੱਗਪ੍ਰੀਤ ਸਿੰਘ ਜੈਗ ਬਾਬਾ, ਜੋਗਾ ਸਿੰਘ ਨਿਊਜਰਸੀ, ਰਜਿੰਦਰ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਵੀ ਹਾਜ਼ਰੀ ਲਵਾਈ। ਅੱਜ ਨੌਜਵਾਨ ਸਿੱਖ ਆਗੂ ਜਪਨੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੇ ਪਹੁੰਚ ਕੇ ਵਿਚਾਰ ਸਾਂਝੇ ਕੀਤੇ। ਸਰੇ ਬੁਲਾਰਿਆਂ ਨੇ ਸੰਗਤ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ ਦੇ ਹੱਕਾਂ, ਮਨੁੱਖੀ ਅਧਿਕਾਰਾਂ ਅਤੇ ਸਵੈ-ਨਿਰਣੇ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਮਜ਼ਬੂਤੀ ਨਾਲ ਉਠਾਉਣ ’ਤੇ ਜ਼ੋਰ ਦਿੱਤਾ।


ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਹੋਏ ਇਸ ਮੁਜ਼ਾਹਰੇ ਰਾਹੀਂ ਸਿੱਖ ਭਾਈਚਾਰੇ ਨੇ ਆਪਣੀ ਗੱਲ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਦੁਨੀਆ ਸਾਹਮਣੇ ਰੱਖੀ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਧਾਰਮਿਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਸਾਂਝ ਵਧਾ ਕੇ ਘੱਟਗਿਣਤੀਆਂ ਦੇ ਹੱਕਾਂ, ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਅੰਤ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਵੱਖ-ਵੱਖ ਇਲਾਕਿਆਂ ਅਤੇ ਸਟੇਟਾਂ ਤੋਂ ਪਹੁੰਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਨੌਜਵਾਨਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਕਮੇਟੀ ਨੇ ਕਿਹਾ ਕਿ ਸੰਗਤਾਂ ਵੱਲੋਂ ਦਿਖਾਈ ਗਈ ਏਕਤਾ ਅਤੇ ਵੱਡੀ ਸ਼ਮੂਲੀਅਤ ਸਿੱਖ ਕੌਮ ਦੀ ਸਾਂਝੀ ਆਵਾਜ਼ ਨੂੰ ਹੋਰ ਮਜ਼ਬੂਤ ਕਰਦੀ ਹੈ।

Posted By: GURBHEJ SINGH ANANDPURI

Latest News