Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਸਿੱਖ ਕੌਮ ਦੀ ਅਜ਼ਾਦੀ ਦੀ ਆਵਾਜ਼ ਦਬਾਉਣ ਲਈ ਸਪੀਕਰ ਉੱਚੇ ਕਰਕੇ ਕੀਰਤਨ ਨੂੰ ਹਥਿਆਰ ਵਜੋਂ ਵਰਤਿਆ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

08 Jun, 2025 01:17 AM

ਅੰਮ੍ਰਿਤਸਰ, 7 ਜੂਨ , ਨਜ਼ਰਾਨਾ ਟਾਈਮਜ ਬਿਊਰੋ

ਜੂਨ 1984 ਦੇ ਤੀਜੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਸਿੱਖ ਕੌਮ ਦੀ ਅਜ਼ਾਦੀ ਦੀ ਆਵਾਜ਼ ਦੱਬਣ ਲਈ ਸਪੀਕਰ ਬੇਹੱਦ ਉੱਚੇ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਨੂੰ ਹਥਿਆਰ ਵਜੋਂ ਵਰਤਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ "ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਤੇ ਫਿਰ ਅਗਲਾ ਸੰਘਰਸ਼ ਵੱਧ ਅਧਿਕਾਰਾਂ ਜਾਂ ਅਨੰਦਪੁਰ ਦੇ ਮਤੇ ਲਈ ਨਹੀਂ, ਬਲਕਿ ਸਿੱਖ ਕੌਮ ਦੇ ਆਜ਼ਾਦ ਘਰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹੋਵੇਗਾ।" ਘੱਲੂਘਾਰੇ ਤੋਂ ਬਾਅਦ ਖਾਲਿਸਤਾਨ ਦੀ ਸਿਰਜਣਾ ਲਈ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੇ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਤੇ। ਭਾਰਤ ਸਰਕਾਰ ਨੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਖਤਮ ਕਰਨ ਅਤੇ ਦਬਾਉਣ ਲਈ ਹਰ ਹਰਬਾ ਵਰਤਿਆ ਪਰ ਇਹ ਸੰਘਰਸ਼ ਰਾਜਨੀਤਕ, ਜ਼ਮਹੂਰੀਅਤ ਅਤੇ ਲੋਕਤੰਤਰਿਕ ਢੰਗ ਨਾਲ ਅੱਜ ਵੀ ਜਾਰੀ ਹੈ। ਪੰਥਕ/ਖਾਲਿਸਤਾਨੀ ਜਥੇਬੰਦੀਆਂ ਵੱਲੋਂ ਸੈਮੀਨਾਰਾਂ, ਮਾਰਚਾਂ, ਪ੍ਰਦਰਸ਼ਨਾਂ, ਤਕਰੀਰਾਂ, ਬਿਆਨਾਂ ਅਤੇ ਸਮਾਗਮਾਂ ਦੌਰਾਨ ਖ਼ਾਲਿਸਤਾਨ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅਤੇ ਖਾਸ ਕਰਕੇ ਜੂਨ 1984 ਘੱਲੂਘਾਰੇ ਨੂੰ ਯਾਦ ਕਰਦਿਆਂ ਹਰ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਭਾਰਤੀ ਹਕੂਮਤ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸਿਆ ਜਾਂਦਾ ਹੈ ਕਿ ਸਿੱਖ ਕੌਮ ਵਿੱਚ ਅੱਜ ਵੀ ਖਾਲਿਸਤਾਨ ਪ੍ਰਤੀ ਤੜਪ ਜਾਰੀ ਹੈ ਤੇ ਸਿੱਖ ਕੌਮ ਆਜ਼ਾਦੀ ਮੰਗਦੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ, ਸਰਕਾਰੀ ਏਜੰਸੀਆਂ ਅਤੇ ਪੁਲਿਸ ਨੂੰ ਖੁਸ਼ ਕਰਨ ਲਈ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਵਾਲੇ ਪੰਥ ਨਾਲ਼ ਗੱਦਾਰੀਆਂ ਕਰ ਰਹੇ ਹਨ ਤੇ ਉਹ ਹਰ ਸਾਲ ਖਾਲਿਸਤਾਨ ਦੀ ਆਵਾਜ਼ ਨੂੰ ਦੱਬਣ ਦਾ ਯਤਨ ਕਰਦੇ ਹਨ। ਇਸ ਵਾਰ ਵੀ ਅਰਦਾਸ ਅਤੇ ਹੁਕਮਨਾਮਾ ਸਾਹਿਬ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਪੀਕਰਾਂ ਦੀ ਆਵਾਜ਼ ਬੇਹੱਦ ਉੱਚੀ ਕਰ ਦਿੱਤੀ ਤਾਂ ਜੋ ਖਾਲਿਸਤਾਨ ਦੇ ਨਾਅਰਿਆਂ ਦੀ ਆਵਾਜ਼ ਦਾ ਦੁਨੀਆਂ ਅਤੇ ਮੀਡੀਆ ਨੂੰ ਪਤਾ ਨਾ ਲੱਗ ਸਕੇ। ਪਰ ਸਿੱਖ ਨੌਜਵਾਨੀ ਨੇ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਉਹਨਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਪੂਰੀ ਸੁਹਿਰਦਤਾ ਅਤੇ ਜੋਸ਼ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਣ ਲਾ ਦਿੱਤਾ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦਸ ਕੁ ਸਾਲ ਪਹਿਲਾਂ ਕਿਹਾ ਸੀ ਕਿ ਜੂਨ 1984 ਦੇ ਘੱਲੂਘਾਰੇ ਸਮਾਗਮਾਂ 'ਚ ਹੌਲੀ-ਹੌਲੀ ਖਾਲਿਸਤਾਨ ਦੀ ਨਾਅਰੇਬਾਜੀ ਬਿਲਕੁਲ ਬੰਦ ਹੋ ਜਾਵੇਗੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਅਵਤਾਰ ਸਿੰਘ ਮੱਕੜ ਅੱਜ ਜਿਉਂਦੇ ਹੁੰਦੇ ਤਾਂ ਉਹ ਦੇਖ ਲੈਂਦੇ ਕਿ ਸਿੱਖ ਸੰਗਤਾਂ ਦਾ ਆਪਣੇ ਸ਼ਹੀਦਾਂ ਦੇ ਨਿਸ਼ਾਨੇ ਪ੍ਰਤੀ ਪਿਆਰ ਡੁਲ ਡੁੱਲ ਪੈ ਰਿਹਾ ਹੈ ਤੇ ਉਹ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਪੂਰੀ ਤਰ੍ਹਾਂ ਦ੍ਰਿੜ ਹਨ। ਫੈਡਰੇਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕੀਤਾ ਕਿ ਕੀ ਉਹ ਸਿੱਖ ਕੌਮ ਨੂੰ ਗ਼ੁਲਾਮ ਹੀ ਵੇਖਣਾ ਚਾਹੁੰਦੇ ਹਨ ? ਜਦ ਕਿ ਸ਼੍ਰੋਮਣੀ ਕਮੇਟੀ ਨੂੰ ਖਾਲਿਸਤਾਨ ਦੇ ਵਿਰੋਧ ਵਿੱਚ ਨਹੀਂ ਭੁਗਤਣਾ ਚਾਹੀਦਾ, ਜੇਕਰ ਸ਼੍ਰੋਮਣੀ ਕਮੇਟੀ ਖੁਦ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੀ ਤਾਂ ਜਿਹੜੇ ਕਰ ਰਹੇ ਹਨ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਨਹੀਂ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਗੁਰਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਡਾਂਗਾਂ ਨਾਲ ਕੁੱਟਦੀ ਸੀ ਤੇ ਇਹਨਾਂ ਨੌਜਵਾਨਾਂ ਨੂੰ ਪੁਲਿਸ ਕੋਲ ਫੜਾ ਦਿੱਤਾ ਜਾਂਦਾ ਸੀ। ਪਰ ਭਾਰਤ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਜ਼ੁਲਮ ਸਿੱਖਾਂ ਨੂੰ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਟਕਾ ਅਤੇ ਥਿੜਕਾ ਨਹੀਂ ਸਕਿਆ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #