Nazrana Times

ਪੰਜਾਬੀ

ਪਿੰਡ ਬੰਬੀਵਾਲ ਵਿੱਚ ਮੀਰੀ ਪੀਰੀ ਗਤਕਾ ਅਖਾੜੇ ਦੀ ਸ਼ਾਖਾ ਖੋਲ੍ਹੀ

26 Oct, 2026 08:48 PM

ਜਲੰਧਰ, 26 ਅਕਤੂਬਰ , ਨਜ਼ਰਾਨਾ ਟਾਈਮਜ਼ 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਆਗੂ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਬੰਬੀਵਾਲ ਵਿੱਚ ਮੀਰੀ ਪੀਰੀ ਗਤਕਾ ਅਖਾੜੇ ਦੀ ਨਵੀਂ ਸ਼ਾਖਾ ਖੋਲ੍ਹੀ ਗਈ ਹੈ। ਇਸ ਦੀ ਜ਼ਿੰਮੇਵਾਰੀ ਭਾਈ ਦਿਲ ਸਰਤਾਜ ਸਿੰਘ ਅਤੇ ਉਨ੍ਹਾਂ ਦੇ ਭਰਾ ਭਾਈ ਜਗਰੂਪ ਸਿੰਘ ਨੂੰ ਸੌਂਪੀ ਗਈ ਹੈ। ਦੋਵਾਂ ਸਿੰਘਾਂ ਨੂੰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਅਤੇ ਦਮਦਮੀ ਟਕਸਾਲ ਗਤਕਾ ਅਖਾੜੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਗਿਆਨੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਭਾਈ ਦਿਲ ਸਰਤਾਜ ਸਿੰਘ ਦਾ ਪਰਿਵਾਰ ਪਿੰਡ ਰੁੜਕੀ ਕਲਾਂ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ। ਦੋਵੇਂ ਭਰਾ ਪਿੰਡ ਬੰਬੀਵਾਲ ਵਿੱਚ ਬੱਚਿਆਂ ਨੂੰ ਕੀਰਤਨ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਸ਼ਸਤਰ ਵਿੱਦਿਆ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਅਨਮੋਲ ਦਾਤ ਅਤੇ ਖ਼ਾਲਸਾਈ ਵਿਰਸੇ ਦਾ ਅਹਿਮ ਹਿੱਸਾ ਹੈ। ਹਰ ਸਿੱਖ ਨੂੰ ਅੰਮ੍ਰਿਤਧਾਰੀ, ਕੇਸਾਧਾਰੀ ਅਤੇ ਸ਼ਸਤਰਧਾਰੀ ਬਣ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਕੀਰਤਨ ਅਤੇ ਗਤਕੇ ਦੀ ਸਿਖਲਾਈ ਨਾਲ ਜੋੜਨ, ਤਾਂ ਜੋ ਉਹ ਸਿੱਖੀ ਸਰੂਪ, ਅਨੁਸ਼ਾਸਨ, ਸੇਵਾ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਅਪਣਾ ਸਕਣ।

Latest News