Nazrana Times

ਪੰਜਾਬੀ

ਏਆਈ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਸਮੱਗਰੀ ਨੂੰ ਰੋਕਣ ਲਈ ਸਰਕਾਰਾਂ ਠੋਸ ਕਾਰਵਾਈ ਕਰਨ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

25 Sep, 2025 03:00 AM

ਸ੍ਰੀ ਅੰਮ੍ਰਿਤਸਰ, 24 ਸਤੰਬਰ ਜੁਗਰਾਜਸਿੰਘ ਸੰਧੂ

ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਇਤਰਾਜ਼ਯੋਗ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਇਸ ਵਰਤਾਰੇ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਜਿਸ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਨੂੰ ਸਰਬ-ਸਾਂਝੀਵਾਲਤਾ, ਭਾਈਚਾਰਕ ਸਾਂਝ ਤੇ ਪ੍ਰੇਮ ਦਾ ਉਪਦੇਸ਼ ਤੇ ਸਿਧਾਂਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਤਕਨੀਕੀ ਯੁੱਗ ਅੰਦਰ ਖ਼ਾਸਕਰ ਏਆਈ ਦੀ ਦੁਰਵਰਤੋਂ ਕਰਦਿਆਂ ਸ਼ਰਾਰਤੀ ਅਨਸਰਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਪ੍ਰਬੰਧ ਬਾਰੇ ਨਕਲੀ ਤੇ ਇਤਰਾਜ਼ਯੋਗ ਵੀਡੀਓ ਬਣਾ ਕੇ ਲਗਾਤਾਰ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਮਾਰੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਵਰਤਾਰੇ ਵਿੱਚ ਗਹਿਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਭਾਵੇਂ ਪਹਿਲਾਂ ਜਾਂ ਹੁਣ, ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਅਤਿ ਇਤਰਾਜ਼ਯੋਗ ਵੀਡੀਓ ਬਣਾਈਆਂ ਹਨ ਉਨ੍ਹਾਂ ਨੂੰ ਸ਼ਿਕਾਇਤਾਂ ਦੇ ਬਾਵਜੂਦ ਹੁਣ ਤੱਕ ਸਰਕਾਰਾਂ ਨੇ ਨਸ਼ਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀ ਸੂਬਾ ਸਰਕਾਰ ਹੋਵੇ ਜਾਂ ਭਾਰਤ ਦੀ ਕੇਂਦਰ ਸਰਕਾਰ, ਦੋਵੇਂ ਸਰਕਾਰਾਂ ਸ਼ਰਾਰਤੀ ਅਨਸਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਨਸ਼ਰ ਨਹੀਂ ਕਰ ਸਕੀਆਂ, ਜਿਸ ਨਾਲ ਸਰਕਾਰਾਂ ਦੀ ਮਨਸ਼ਾ ਉੱਪਰ ਸਿੱਧਾ ਸਵਾਲ ਖੜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਇਤਰਾਜ਼ਯੋਗ ਸਮੱਗਰੀ ਕਿਸੇ ਹੋਰ ਬਾਰੇ ਜਾਂ ਸਰਕਾਰ ਦੇ ਕਿਸੇ ਮੰਤਰੀ ਬਾਰੇ ਪਾਈ ਗਈ ਹੋਵੇ ਤਾਂ ਸਰਕਾਰਾਂ ਕੁਝ ਘੰਟਿਆਂ ਵਿੱਚ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੀਆਂ ਹਨ। ਲੇਕਿਨ ਜਦੋਂ ਸਿੱਖਾਂ ਨਾਲ ਸਬੰਧਤ ਅਜਿਹੇ ਇਤਰਾਜ਼ਯੋਗ ਮਾਮਲੇ ਆਉਂਦੇ ਹਨ ਤਾਂ ਇਸ ਵਿੱਚ ਜਾਂਚ ਏਜੰਸੀਆਂ ਦੀ ਉਦਾਸੀਨਤਾ ਨਜ਼ਰ ਆਉਂਦੀ ਹੈ ਜੋ ਕਿ ਮੰਦਭਾਗੀ ਕਾਰਵਾਈ ਹੈ ਤੇ ਇਹ ਸਿੱਖਾਂ ਨੂੰ ਇੰਝ ਅਹਿਸਾਸ ਕਰਵਾਉਣ ਵਾਲੀ ਗੱਲ ਕਿ ਉਨ੍ਹਾਂ ਦੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਹਨ। ਇਸ ਤਰ੍ਹਾਂ ਸ਼ਰਾਰਤੀ ਅਨਸਰ ਇਤਰਾਜ਼ਯੋਗ ਸਮੱਗਰੀ ਤੇ ਵੀਡੀਓ ਹੋਰ ਜ਼ਿਆਦਾ ਫੈਲਾਉਣ ਲਈ ਉਤਸ਼ਾਹਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਸ਼ਰਾਰਤੀ ਲੋਕਾਂ ਦੀ ਬਿਨਾਂ ਦੇਰੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀ ਪਛਾਣ ਜਨਤਕ ਕਰਕੇ ਬਣਦੀ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਬਾਰੇ ਅਜਿਹੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਵਾਲੇ ਵਿਅਕਤੀ ਦੇ ਮਨ ਵਿੱਚ ਇਸ ਪਾਵਨ ਅਸਥਾਨ ਤੇ ਸਿੱਖਾਂ ਵਿਰੁੱਧ ਬਹੁਤ ਹੀ ਜ਼ਿਆਦਾ ਨਫ਼ਰਤੀ ਭਾਵਨਾ ਹੋਵੇਗੀ ਅਤੇ ਅਜਿਹੇ ਅਨਸਰਾਂ ਦਾ ਨਸ਼ਰ ਹੋਣ ਬਹੁਤ ਜ਼ਰੂਰੀ ਹੈ।

ਉਨ੍ਹਾਂ ਇਹ ਵੀ ਆਖਿਆ ਕਿ ਬੀਤੇ ਸਮੇਂ ਜਿਨ੍ਹਾਂ ਸ਼ਰਾਰਤੀ ਲੋਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈ-ਮੇਲਾਂ ਕੀਤੀਆਂ ਸਨ, ਉਨ੍ਹਾਂ ਬਾਰੇ ਵੀ ਅੱਜ ਤੱਕ ਕੋਈ ਜਾਣਕਾਰੀ ਸਰਕਾਰ ਦੀ ਤਰਫ਼ੋਂ ਸਾਹਮਣੇ ਨਹੀਂ ਲਿਆਂਦੀ ਗਈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਰਤ ਅੰਦਰ ਕੇਂਦਰ ਸਰਕਾਰ ਸਮੂਹ ਕਾਰਜਸ਼ੀਲ ਏਆਈ ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਜਾਰੀ ਕਰੇ ਕਿ ਇਹ ਕੰਪਨੀਆਂ ਦੇਸ਼ ਅੰਦਰ ਸਾਰੇ ਧਰਮਾਂ ਦੇ ਸਰੋਕਾਰਾਂ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਏਆਈ ਐਪਲੀਕੇਸ਼ਨਾਂ ਰਾਹੀਂ ਗੁਰਬਾਣੀ, ਸਿੱਖ ਇਤਿਹਾਸ, ਗੁਰਮਤਿ ਸਿਧਾਂਤ ਤੇ ਫ਼ਲਸਫ਼ੇ ਬਾਰੇ ਵੀ ਗਲਤ ਜਾਣਕਾਰੀ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਹਨ।

ਜਥੇਦਾਰ ਗੜਗੱਜ ਨੇ ਆਮ ਲੋਕਾਂ ਤੇ ਸਮੂਹ ਸਿੱਖ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਜਦੋਂ ਕੋਈ ਸ਼ਰਾਰਤੀ ਅਨਸਰ ਇਤਰਾਜ਼ਯੋਗ ਵੀਡੀਓ ਅਪਲੋਡ ਕਰਦਾ ਹੈ ਤਾਂ ਉਸ ਦੇ ਸਕ੍ਰੀਨਸ਼ਾਟ ਜਾਂ ਵੀਡੀਓ ਨੂੰ ਅਗਾਂਹ ਸਾਂਝਾ ਨਾ ਕੀਤਾ ਜਾਵੇ ਤੇ ਨਾ ਹੀ ਆਪਣੇ ਨਿੱਜੀ ਸੋਸ਼ਲ ਮੀਡੀਆ ਖਾਤਿਆਂ ਉੱਤੇ ਇਤਰਾਜ਼ ਪ੍ਰਗਟਾਉਣ ਲਈ ਉਸ ਸਮੱਗਰੀ ਨੂੰ ਪਾਇਆ ਜਾਵੇ। ਬਲਕਿ ਸੂਝ-ਬੂਝ ਦਿਖਾਉਂਦਿਆਂ ਜਿੱਥੇ ਕਿਤੇ ਵੀ ਅਜਿਹੀ ਇਤਰਾਜ਼ਯੋਗ ਸਮੱਗਰੀ ਪਈ ਹੋਵੇ, ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਹੀ ਇਸ ਦੀ ਰਿਪੋਰਟ ਕੀਤੀ ਜਾਵੇ, ਜਿਸ ਨਾਲ ਇਹ ਸਮੱਗਰੀ ਅਗਾਂਹ ਨਹੀਂ ਫੈਲੇਗੀ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਮਾਮਲੇ ਉੱਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿ ਜਲਦ ਹੀ ਸਿੱਖ ਸੰਸਥਾ ਵੱਲੋਂ ਏਆਈ ਤਕਨੀਕ ਦੇ ਮਾਹਰਾਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਜਾਵੇ ਅਤੇ ਪੁੱਜੀ ਰਾਏ ਅਨੁਸਾਰ ਇਸ ਨਵੇਂ ਵਰਤਾਰੇ ਨੂੰ ਠੱਲ੍ਹਣ ਦਾ ਕੰਮ ਨੀਤੀਗਤ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਸਮੂਹ ਸਿੱਖ ਏਆਈ ਮਾਹਰਾਂ ਤੇ ਇਸ ਖੇਤਰ ਵਿੱਚ ਕੰਮ ਕਰ ਰਹੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਵਰਤਾਰੇ ਨੂੰ ਠੱਲ੍ਹਣ ਲਈ ਉਹ ਆਪਣੇ ਕੀਮਤੀ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਪਾਸ ਅਧਿਕਾਰਤ ਈ-ਮੇਲ info@sriakaltakhatsahibji.net ਜਾਂ info@sgpc.net ਉੱਤੇ ਜ਼ਰੂਰ ਭੇਜਣ।

Posted By: TAJEEMNOOR KAUR

Latest News

Loading…
Loading the web debug toolbar…
Attempt #