Nazrana Times

ਪੰਜਾਬੀ

ਗੁਰੂ ਸਾਹਿਬ ਦੇ 225 ਪਾਵਨ ਸਰੂਪਾਂ ਦੀ ਕੈਨੇਡਾ ਯਾਤਰਾ ’ਤੇ ਉੱਠੇ ਸਵਾਲ, ਜਰਮਨੀ ਦੀਆਂ ਸਿੱਖ ਜਥੇਬੰਦੀਆਂ ਨੇ SGPC ਅਤੇ ਪੰਜਾਬ ਸਰਕਾਰ ਤੋਂ ਮੰਗੀ ਸਖ਼ਤ ਕਾਰਵਾਈ

23 Jul, 2026 10:26 PM

ਸਮੁੰਦਰੀ ਕਾਰਗੋ ਰਾਹੀਂ ਭੇਜੇ ਗਏ ਪਾਵਨ ਸਰੂਪਾਂ ਦੀ ਯਾਤਰਾ ਅਤੇ ਮਰਿਆਦਾ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਗਟਾਇਆ ਰੋਸ, ਕਾਰਵਾਈ ਨਾ ਹੋਈ ਤਾਂ ਪੰਥਕ ਮੁਹਿੰਮ ਚਲਾਉਣ ਦੀ ਚੇਤਾਵਨੀ

ਅੰਮ੍ਰਿਤਸਰ/ਹਮਬਰਗ (ਨਜ਼ਰਾਨਾ ਟਾਈਮਜ਼):

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰੀ (ਕੈਨੇਡਾ) ਭੇਜਣ ਦੇ ਪ੍ਰਬੰਧਾਂ ਨੂੰ ਲੈ ਕੇ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪੰਜਾਬ ਸਰਕਾਰ ’ਤੇ ਗੰਭੀਰ ਸਵਾਲ ਉਠਾਏ ਹਨ। ਜਥੇਬੰਦੀਆਂ ਨੇ ਦੋਸ਼ ਲਗਾਇਆ ਹੈ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਮਰਿਆਦਾ ਅਤੇ ਪ੍ਰਬੰਧਾਂ ਵਿੱਚ ਗੰਭੀਰ ਕੁਤਾਹੀਆਂ ਹੋਈਆਂ ਹਨ।
ਜਰਮਨੀ ਤੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਲ 2008 ਵਿੱਚ ਬਣੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਕਟ ਅਨੁਸਾਰ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਸੇਵਾ-ਸੰਭਾਲ ਅਤੇ ਯਾਤਰਾਵਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ SGPC ਦੀ ਹੈ। ਜੇਕਰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਹੀ ਵੱਡੀਆਂ ਲਾਪਰਵਾਹੀਆਂ ਹੋਣ ਤਾਂ ਇਸ ਦੀ ਜਵਾਬਦੇਹੀ ਵੀ SGPC ਦੀ ਬਣਦੀ ਹੈ।
ਬਿਆਨ ਅਨੁਸਾਰ 225 ਪਾਵਨ ਸਰੂਪ ਇੱਕ ਬੱਸ ਵਿੱਚ ਬਿਰਾਜਮਾਨ ਕਰਕੇ ਸਮੁੰਦਰੀ ਕਾਰਗੋ ਜਹਾਜ਼ ਰਾਹੀਂ ਕੈਨੇਡਾ ਭੇਜੇ ਗਏ, ਜਿਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਣ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਲੱਗਿਆ। ਜਥੇਬੰਦੀਆਂ ਦਾ ਦਾਅਵਾ ਹੈ ਕਿ ਵੈਨਕੂਵਰ ਪੋਰਟ ’ਤੇ ਪਹੁੰਚਣ ਸਮੇਂ ਬੱਸ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਸ ਨੂੰ ਟੋਚਨ ਰਾਹੀਂ ਲਿਜਾਣਾ ਪਿਆ।
ਜਥੇਬੰਦੀਆਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਗੁਰੂ ਸਾਹਿਬ ਦੀ ਯਾਤਰਾ ਦੌਰਾਨ ਪੰਜ ਪਿਆਰਿਆਂ ਦੀ ਹਾਜ਼ਰੀ ਮਰਿਆਦਾ ਦਾ ਅਹਿਮ ਹਿੱਸਾ ਹੈ, ਪਰ ਪੰਜ ਪਿਆਰੇ ਹਵਾਈ ਜਹਾਜ਼ ਰਾਹੀਂ ਭੇਜੇ ਗਏ ਜਦਕਿ ਪਾਵਨ ਸਰੂਪ ਸਮੁੰਦਰੀ ਰਸਤੇ ਭੇਜੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੰਜ ਪਿਆਰੇ ਸਵਾਗਤ ਲਈ ਪਹਿਲਾਂ ਭੇਜੇ ਗਏ ਸਨ ਤਾਂ ਕੈਨੇਡਾ ਵਿੱਚ ਵੀ ਪੰਜ ਪਿਆਰੇ ਇਹ ਸੇਵਾ ਨਿਭਾ ਸਕਦੇ ਸਨ।
ਜਰਮਨੀ ਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਸਰਕਾਰ ਨੇ ਬੇਅਦਬੀ ਰੋਕਣ ਲਈ ਨਵਾਂ ਕਾਨੂੰਨ ਲਾਗੂ ਕੀਤਾ ਹੈ ਤਾਂ ਗੁਰੂ ਸਾਹਿਬ ਦੀ ਯਾਤਰਾ ਦੇ ਪ੍ਰਬੰਧਾਂ ਵਿੱਚ ਕਥਿਤ ਲਾਪਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਜ਼ਿੰਮੇਵਾਰ ਧਿਰਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਥਕ ਪੱਧਰ ’ਤੇ ਵੱਡੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇਹ ਸਾਂਝਾ ਬਿਆਨ ਭਾਈ ਦਲਵੀਰ ਸਿੰਘ – ਮੁੱਖ ਸੇਵਾਦਾਰ, ਗੁਰਦੁਆਰਾ ਸਿੱਖ ਸੈਂਟਰ ਹਮਬਰਗ ,ਭਾਈ ਜਗਤਾਰ ਸਿੰਘ ਮਾਹਲ – ਮੁੱਖ ਸੇਵਾਦਾਰ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ (ਜਰਮਨੀ),ਭਾਈ ਦਰਸ਼ਨ ਸਿੰਘ , ਭਾਈ ਬਲਵਿੰਦਰ ਸਿੰਘ ,ਭਾਈ ਗੁਰਮੀਤ ਸਿੰਘ , ਭਾਈ ਕੁਲਵਿੰਦਰ ਸਿੰਘ , ਭਾਈ ਰਮਨਦੀਪ ਸਿੰਘ ,ਭਾਈ ਮਲਕੀਤ ਸਿੰਘ , ਭਾਈ ਸਿਮਰਨਜੋਤ ਸਿੰਘ , ਭਾਈ ਬਲਕਾਰ ਸਿੰਘ , ਭਾਈ ਰਾਜਬਿੰਦਰਵੀਰ ਸਿੰਘ , ਭਾਈ ਸ਼ਮਸ਼ੇਰ ਸਿੰਘ ,ਭਾਈ ਸਤਨਾਮ ਸਿੰਘ ,ਭਾਈ ਗੁਰਵੀਰ ਸਿੰਘ , ਭਾਈ ਸਨਦੀਪ ਸਿੰਘ ,ਬਾਬਾ ਹਰਭਜਨ ਸਿੰਘ – ਗੁਰੂ ਕੇ ਵਜ਼ੀਰ, ਗੁਰਦੁਆਰਾ ਹਮਬਰਗ , ਬਾਬਾ ਜਸਵੰਤ ਸਿੰਘ ਜੀ – ਗੁਰੂ ਕੇ ਵਜ਼ੀਰ, ਗੁਰਦੁਆਰਾ ਹਮਬਰਗ , ਭਾਈ ਨਰਿੰਦਰ ਸਿੰਘ ਜੀ – ਮੁੱਖ ਲੰਗਰ ਪ੍ਰਬੰਧਕ, ਗੁਰਦੁਆਰਾ ਹਮਬਰਗ ਸਮੇਤ ਜਰਮਨੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤ ਵੱਲੋਂ ਜਾਰੀ ਕੀਤਾ ਗਿਆ ਹੈ।

Posted By: GURBHEJ SINGH ANANDPURI

Latest News