Nazrana Times

ਪੰਜਾਬੀ

ਮੁੱਖ ਮੰਤਰੀ ਦੀ ਗੈਰਹਾਜ਼ਰੀ ਨੇ ‘ਆਪ’ ਦੀ ਗੋਇੰਦਵਾਲ ਸਾਹਿਬ ਰੈਲੀ ’ਤੇ ਖੜ੍ਹੇ ਕੀਤੇ ਸਵਾਲ-ਰਮਨਦੀਪ ਕੌਰ,ਬਿੱਲਾ ਸ਼ੇਰੋਂ

26 Aug, 2026 07:52 PM

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,26 ਅਗਸਤ

ਹਲਕਾ ਖਡੂਰ ਸਾਹਿਬ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਗਈ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰਹਾਜ਼ਰੀ ਕਾਰਨ ਸਵਾਲਾਂ ਦੇ ਘੇਰੇ ਵਿੱਚ ਆ ਗਈ। ਰੈਲੀ ਸਮਾਪਤ ਹੁੰਦਿਆਂ ਹੀ ਕਈ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਂਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਰੈਲੀ ਵਿੱਚ ਪਹੁੰਚਣਾ ਹੀ ਨਹੀਂ ਸੀ ਤਾਂ ਲੋਕਾਂ ਨੂੰ ਇੰਨੀਆਂ ਮੁਸ਼ਕਿਲਾਂ ਵਿੱਚ ਪਾਉਣ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਸੀ?

-ਲੋਕ ਮੁੱਖ ਮੰਤਰੀ ਕੋਲ ਸਮੱਸਿਆਵਾਂ ਰੱਖਣ ਦੀ ਉਮੀਦ ਲੈ ਕੇ ਆਏ ਸਨ-
ਅਕਾਲੀ ਆਗੂਆਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਲੋਕ ਆਪਣੇ ਮੁੱਖ ਮੰਤਰੀ ਕੋਲ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਅਤੇ ਮੰਗਾਂ ਰੱਖਣ ਦੀਆਂ ਉਮੀਦਾਂ ਲੈ ਕੇ ਬੈਠੇ ਸਨ। ਲੋਕਾਂ ਨੂੰ ਆਸ ਸੀ ਕਿ ਮੁੱਖ ਮੰਤਰੀ ਖੁਦ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਕੋਈ ਠੋਸ ਐਲਾਨ ਕਰਨਗੇ,ਪਰ ਮੁੱਖ ਮੰਤਰੀ ਦੀ ਗੈਰਹਾਜ਼ਰੀ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।

-ਲੋਕਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ, ਮੁੱਖ ਮੰਤਰੀ ਖੁਦ ਨਹੀਂ ਪਹੁੰਚੇ-

ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਰੈਲੀ ਤੋਂ ਪਹਿਲਾਂ ਲੋਕਾਂ ਨੂੰ ਰੋਕਾਂ, ਟ੍ਰੈਫਿਕ ਪ੍ਰਬੰਧਾਂ ਅਤੇ ਹੋਰ ਪਾਬੰਦੀਆਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਜਿਨ੍ਹਾਂ ਲਈ ਇਹ ਸਾਰਾ ਪ੍ਰਬੰਧ ਕੀਤਾ ਗਿਆ ਸੀ, ਉਹੀ ਮੁੱਖ ਮੰਤਰੀ ਮੌਕੇ ’ਤੇ ਨਹੀਂ ਪਹੁੰਚੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਦੀ ਵੀ ਭਾਰੀ ਬਰਬਾਦੀ ਹੋਈ ਹੈ।

-ਹੈਲੀਕਾਪਟਰ ਖ਼ਰਾਬ ਹੋਣ ਦਾ ਕਾਰਨ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ : ਅਕਾਲੀ ਆਗੂ-

ਅਕਾਲੀ ਆਗੂਆਂ ਨੇ ਕਿਹਾ ਕਿ ਹੈਲੀਕਾਪਟਰ ਖ਼ਰਾਬ ਹੋਣ ਦਾ ਕਾਰਨ ਦੱਸ ਕੇ ਮੁੱਖ ਮੰਤਰੀ ਦਾ ਰੈਲੀ ਤੋਂ ਗੈਰਹਾਜ਼ਰ ਰਹਿਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਵੱਲੋਂ ਰੈਲੀ ਵਿੱਚ ਮੁੱਖ ਮੰਤਰੀ ਦੀ ਉਡੀਕ ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ।

Posted By: GURBHEJ SINGH ANANDPURI

Latest News