ਸ਼ਹੀਦ ਭਾਈ ਮੇਜਰ ਸਿੰਘ ਤੇ ਸ਼ਹੀਦ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਪਿੰਡ ਕੌਲੋਵਾਲ ਵਿਖੇ ਕਰਵਾਇਆ ਸਲਾਨਾ ਸ਼ਹੀਦੀ ਸਮਾਗਮ
ਹੜ੍ਹ ਪੀੜਤਾਂ ਲਈ 11 ਲੱਖ ਦੀ ਖਾਦ ਅਤੇ 4 ਲੱਖ ਦੀ ਨਗਦ ਸੇਵਾ ਕੀਤੀ
ਅੰਮ੍ਰਿਤਸਰ, 1 ਨਵੰਬਰ , ਗੁਰਸੇਵਕ ਸਿੰਘ
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਮੇਜਰ ਸਿੰਘ ਅਤੇ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਪਿੰਡ ਕੌਲੋਵਾਲ ਦੇ ਗੁਰਦੁਆਰਾ ਸ਼ਹੀਦਾਂ ਸਾਧ ਸੰਗਤ ਵਿਖੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨੇ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਜੋਸ਼ੀਲਾ ਇਤਿਹਾਸ ਸੁਣਾ ਕੇ ਅਤੇ ਕਥਾਵਾਚਕ ਭਾਈ ਜਸਵੀਰ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਸੰਤ ਬਾਬਾ ਕਿਰਪਾਲ ਸਿੰਘ (ਗੁਰੂ ਕੇ ਬਾਗ, ਕਾਰ ਸੇਵਾ ਵਾਲੇ), ਬਾਬਾ ਸਤਨਾਮ ਸਿੰਘ ਮਹਾਂਪੁਰਸ਼, ਬਾਬਾ ਜੋਗਿੰਦਰ ਸਿੰਘ ਲੋਪੋਕਿਆਂ ਵਾਲੇ, ਬਾਬਾ ਭਜਨ ਸਿੰਘ, ਸਿੱਖ ਪ੍ਰਚਾਰਕ ਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਨੇ ਜਥੇ ਸਮੇਤ ਹਾਜ਼ਰੀ ਭਰੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਸੰਘਰਸ਼ ਅਤੇ ਸ਼ਹੀਦਾਂ ਸੰਬੰਧੀ ਵਿਚਾਰਾਂ ਕਰਕੇ ਸੰਗਤਾਂ ਨੂੰ ਹਲੂਣਿਆਂ ਅਤੇ ਸਿੱਖ ਸੰਘਰਸ਼ ਦੇ ਅਜੋਕੇ ਸ਼ਹੀਦਾਂ ਦੀ ਤੁਲਨਾ ਪੁਰਾਤਨ ਸ਼ਹੀਦਾਂ ਨਾਲ ਕਰਕੇ ਸ਼ਹੀਦਾਂ ਨੂੰ ਮਹਾਨ ਸਤਿਕਾਰ ਦਿੱਤਾ ਅਤੇ ਖ਼ਾਲਿਸਤਾਨ ਪ੍ਰਤੀ ਸ਼ੰਕੇ ਦੂਰ ਕਰਦਿਆਂ ਸੰਗਤਾਂ ਨੂੰ ਸੰਘਰਸ਼ਸ਼ੀਲ ਹੋਣ ਦਾ ਸੱਦਾ ਦਿੱਤਾ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਰਾਜਸਥਾਨ ਦੇ ਭਤੀਜੇ ਭਾਈ ਰਮਨਦੀਪ ਸਿੰਘ ਅਤੇ ਭਾਈ ਪੰਜਾਬ ਸਿੰਘ ਹੇਤਮਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਗੂਆਂ ਅਤੇ ਸੰਗਤਾਂ ਵੱਲੋਂ ਗੁਰਮਤਿ ਸਮਾਗਮ ਦੇ ਪ੍ਰਬੰਧਕਾਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਵਾਸਤੇ ਜੋ ਸੇਵਾਵਾਂ ਕੀਤੀਆਂ ਉਨਾਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਇਹਨਾਂ ਸੇਵਾਵਾਂ ਨੂੰ ਨਿਭਾਉਣ ਵਾਲੇ ਭਾਈ ਦਿਲਬਾਗ ਸਿੰਘ ਯੂਐਸਏ, ਭਾਈ ਹਰਪਾਲ ਸਿੰਘ ਫੌਜੀ, ਜਥੇਦਾਰ ਕੁਲਵੰਤ ਸਿੰਘ ਕੋਲੋਵਾਲ ਅਤੇ ਸਮੂਹ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ। ਗੁਰੂ ਕੇ ਅਤੁੱਟ ਲੰਗਰ ਵਰਤੇ, ਸਮਾਗਮ ਨੂੰ ਲਾਈਵ ਕਰਨ ਦੀ ਸੇਵਾ ਵਾਰਸ ਪੰਜਾਬ ਦੇ ਟੀ ਵੀ ਨੇ ਕੀਤੀ। ਭਾਈ ਮੇਜਰ ਸਿੰਘ, ਭਾਈ ਧਰਮਜੀਤ ਸਿੰਘ, ਭਾਈ ਜੰਗਜੀਤ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਇਟਲੀ ਵਾਲਿਆਂ ਨੇ ਵੀ ਅਹਿਮ ਸੇਵਾ ਨਿਭਾਈ। ਪ੍ਰਬੰਧਕਾਂ ਵੱਲੋਂ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ 2026 ਦਾ ਪੁਰਾਤਨ ਨਾਨਕਸ਼ਾਹੀ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਅਖੀਰ ਉੱਤੇ ਜਥੇਦਾਰ ਕੁਲਵੰਤ ਸਿੰਘ ਅਤੇ ਭਾਈ ਹਰਪਾਲ ਸਿੰਘ ਫੌਜੀ ਨੇ ਪ੍ਰਬੰਧਕਾਂ, ਆਗੂਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਹੜ੍ਹ ਪੀੜਤਾਂ ਲਈ ਤਕਰੀਬਨ 11 ਲੱਖ ਰੁਪਏ ਦੀ ਖਾਦ ਅਤੇ ਚਾਰ ਲੱਖ ਰੁਪਏ ਦੀ ਸੇਵਾ ਕੀਤੀ ਗਈ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਗੁਰੂਸਰ ਬਰਾੜ, ਬਾਬਾ ਨਿਰਵੈਲ ਸਿੰਘ, ਬਾਬਾ ਜੋਗਿੰਦਰ ਸਿੰਘ ਲੋਪੋਕੇ ਗੁਰਦੁਆਰਾ ਸ਼ਹੀਦਾਂ, ਭਾਈ ਨਿਸ਼ਾਨ ਸਿੰਘ, ਬਾਬਾ ਹਰਪਾਲ ਸਿੰਘ, ਮਲਕੀਤ ਸਿੰਘ ਯੂਐਸਏ ਨੇ ਵੀ ਸੇਵਾ ਨਿਭਾਈ ਅਤੇ ਇੰਸਪੈਕਟਰ ਪੰਜਾਬ ਸਿੰਘ ਨੇ ਵੱਡਾ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵੱਲੋਂ ਬਣਾਈ ਗਈ ਸ਼ਹੀਦੀ ਗੈਲਰੀ ਤੋਂ ਪ੍ਰੇਰਿਤ ਹੋ ਕੇ ਪਿੰਡ ਕੌਲੋਵਾਲ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
Posted By: GURBHEJ SINGH ANANDPURI