ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੱਕ ਕੱਢਿਆ ਜਾਵੇਗਾ 2 ਦਿਨਾਂ ਇਤਹਾਸਿਕ ਬੰਦੀ-ਛੋੜ ਮਾਰਚ : ਬਾਪੂ ਗੁਰਚਰਨ ਸਿੰਘ
ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਅਤੇ ਪੰਥਕ ਹਮਦਰਦ ਸਿੱਖਾਂ ਸਮੇਤ ਸਮੁੱਚੇ ਪੰਜਾਬੀਆਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਯੋਗ ਦੇਣ ਮੁੱਢਲਾ ਫਰਜ : ਗੁਰਦੀਪ ਸਿੰਘ ਬਠਿੰਡਾ
ਚੰਡੀਗੜ੍ਹ 9 ਸਤੰਬਰ (ਮੰਗਤ ਸਿੰਘ ਸੈਦਪੁਰ) : ਕਿਸਾਨ ਭਵਨ ਚੰਡੀਗੜ ਵਿੱਚ ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ, ਕਿਸਾਨ-ਮਜ਼ਦੂਰ ਜੱਥੇਬੰਦੀਆਂ ਅਤੇ ਸਿਆਸੀ ਧਿਰਾਂ ਨਾਲ ਸਾਂਝੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਇਹ ਵਿਸ਼ੇਸ਼ਤਾ ਰਹੀ ਕਿ ਪੌਣੇ ਚਾਰ ਸਾਲਾਂ ਤੋਂ ਚਲ ਰਹੇ ਕੌਮੀ ਇਨਸਾਫ ਮੋਰਚੇ ਵਿਚ ਪਹਿਲੀ ਵਾਰ ਸਿੱਖਾਂ ਦੀਆਂ 3 ਵੱਡੀਆਂ ਸੰਸਥਾਵਾਂ ਦਿੱਲੀ, ਹਰਿਆਣਾ ਅਤੇ ਪੰਜਾਬ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਮੁੱਖ ਆਗੂ ਕ੍ਰਮਵਾਰ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਬਲਦੇਵ ਸਿੰਘ ਕੈਮਪੁਰ ਅੰਤ੍ਰਿੰਗ ਕਮੇਟੀ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿੱਚ ਚਰਚਾ ਦੌਰਾਨ ਆਗੂਆਂ ਵਲੋਂ ਕੇਂਦਰ ਅਤੇ ਪੰਜਾਬ ਦੀਆਂ ਤਾਨਾਸ਼ਾਹੀ ਸਰਕਾਰਾਂ ਦੇ ਵਤੀਰੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਖਾਸ ਕਰ ਲੋਕਾਂ ਦੇ ਸੰਘਰਸ਼ਾਂ ਅਤੇ ਸਵਾਲਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਣ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ। ਬੰਦੀ ਸਿੰਘਾਂ ਦੇ ਮਾਮਲੇ ਵਿਚ ਹੁਣ ਤਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਪਰੋਲ ਦੇਣ ਵਿੱਚ ਲਾਈਆਂ ਜਾ ਰਹੀਆਂ ਸ਼ਰਤਾਂ ਅਤੇ ਖੜੇ ਕੀਤੇ ਜਾ ਰਹੇ ਅੜਿੱਕਿਆਂ ਦੀ ਸਾਰੇ ਬੁਲਾਰਿਆਂ ਵਲੋਂ ਜਿਥੇ ਨਿੰਦਾ ਕੀਤੀ ਗਈ ਅਤੇ ਸਖ਼ਤ ਪ੍ਰੋਗਰਾਮ ਦੇਣ ਦੇ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਆਮ ਸਹਿਮਤੀ ਬਣੀ ਕਿ ਬੰਦੀ ਸਿੰਘਾਂ ਦੀ ਰਿਹਾਈ ਵੱਡੀ ਲੋਕ ਲਾਮਬੰਦੀ ਦੀ ਲੋੜ ਹੈ। ਇਸ ਮੰਤਵ ਲਈ ਸਰਕਾਰ ਨਾਲ ਕਿਸੇ ਟਕਰਾਓ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਤੱਕ ਜਾਣਾ ਜ਼ਰੂਰੀ ਹੈ। ਇਸ ਨੂੰ ਮੁੱਖ ਰੱਖਦਿਆਂ 2 ਅਕਤੂਬਰ ਤੋਂ 3 ਅਕਤੂਬਰ ਸ਼ਾਮ ਤਕ ਦੋ ਦਿਨਾਂ ਬੰਦੀ ਛੋੜ ਮਾਰਚ ਉਲੀਕਿਆ ਗਿਆ। ਇਹ ਮਾਰਚ ਗੁਰਦਵਾਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲਾ ਪੜਾਅ ਗੁਰਦੁਆਰਾ ਮਸਤੂਆਣਾ ਜ਼ਿਲ੍ਹਾ ਸੰਗਰੂਰ ਵਿਖੇ ਕਰੇਗਾ। 3 ਤਰੀਕ ਨੂੰ ਸਵੇਰੇ ਮਾਰਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਰਵਾਨਾ ਹੋਵੇਗਾ। ਮਾਰਚ ਦੀ ਸਫਲਤਾ ਲਈ ਸਾਰੇ ਆਗੂਆਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਸਮੁੱਚੇ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਕੌਮੀ ਇਨਸਾਫ ਮੋਰਚੇ ਦਾ ਯਤਨ ਹੋਵੇਗਾ ਕਿ ਇਸ ਮਾਰਚ ਵਿਚ ਪੰਜਾਬ ਦੀ ਹਰ ਜਥੇਬੰਦੀ ਅਤੇ ਹਰੇਕ ਸੰਗਠਨ ਸਰਗਰਮ ਹੋਵੋ। ਮੀਟਿੰਗ ਵਿੱਚ ਕੌਮੀ ਸਾਪਰਸਤ ਬਾਪੂ ਗੁਰਚਰਨ ਸਿੰਘ, ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ, ਸ਼੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਜਸਟਿਸ ਰਣਜੀਤ ਸਿੰਘ, ਭਾਈ ਬਲਜੀਤ ਸਿੰਘ ਦਾਦੂਵਾਲ , ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ, ਬਾਬਾ ਬੂਟਾ ਸਿੰਘ ਗੁੜਥੜੀ, ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਫਿਰੋਜ਼ਪੁਰ, ਗੁਰਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਭਾਈ ਇੰਦਰਵੀਰ ਸਿੰਘ ਪਟਿਆਲਾ, ਬੰਦੀ ਸਿੰਘ ਕਿਸਾਨ ਆਗੂ ਬਲਜੀਤ ਸਿੰਘ ਭਾਊ, ਐਡਵੋਕੇਟ ਗੁਰਸ਼ਰਨ ਸਿੰਘ, ਜੀਤ ਸਿੰਘ ਔਲਖ ਘੜੂੰਆਂ, ਸੀਨੀ. ਅਕਾਲੀ ਆਗੂ ਜਸਕਰਨ ਸਿੰਘ ਕਾਹਨਸਿੰਘ ਵਾਲਾ, ਰਾਜਿੰਦਰ ਸਿੰਘ ਹਾਈ ਜੈਕਰ, ਅੰਮ੍ਰਿਤਪਾਲ ਕੌਰ ਮਲੋਆ, ਮੰਗਤ ਰਾਮ ਪਾਸਲਾ, ਤਰਸੇਮ ਸਿੰਘ ਜੋਧਾਂ, ਰਮਿੰਦਰ ਸਿੰਘ ਪਟਿਆਲਾ ਆਗੂ ਕਿਰਤੀ ਕਿਸਾਨ ਯੂਨੀਅਨ, ਸੁਰਜੀਤ ਸਿੰਘ ਫੂਲ ਆਗੂ ਬੀਕੇਯੂ ਕ੍ਰਾਂਤੀਕਾਰੀ, ਕਰਨਲ ਮਾਲਵਿੰਦਰ ਸਿੰਘ ਗੁਰੋਂ, ਭਾਈ ਸਤਨਾਮ ਸਿੰਘ ਖੰਡਾ, ਸੁਖਜਿੰਦਰ ਸਿੰਘ ਬੀਕੇਯੂ ਖੋਸਾ, ਸਤਨਾਮ ਸਿੰਘ ਬਹਿਰੂ, ਪ੍ਰੋਫੈਸਰ ਬਲਿੰਦਰ ਸਿੰਘ ਸ਼ੇਰ-ਏ- ਪੰਜਾਬ ਕਿਸਾਨ ਯੂਨੀਅਨ ਧਿਆਨ ਸਿੰਘ ਭਟੇੜੀ, ਭਾਈ ਮੋਹਕਮ ਸਿੰਘ, ਭਾਈ ਬਖਸ਼ੀਸ਼ ਸਿੰਘ ਅਖੰਡ ਕੀਰਤਨੀ ਜਥਾ, ਸਤਨਾਮ ਸਿੰਘ ਮਨਾਵਾਂ, ਬੂਟਾ ਸਿੰਘ ਰਨਸ਼ੀਹ, ਬਲਦੇਵ ਸਿੰਘ ਬਾਘਾਪੁਰਾਣਾ, ਜੀਤ ਸਿੰਘ ਔਲਖ, ਮਲਕੀਤ ਸਿੰਘ ਸੇਖੋ, ਬਾਬਾ ਅਮਰਜੀਤ ਸਿੰਘ ਮਰਿਯਾਦਾ, ਸੁੱਖ ਗਿੱਲ ਮੋਗਾ, ਰੇਸ਼ਮ ਸਿੰਘ ਕਾਹਲੋ ਮਜ਼ਦੂਰ ਆਗੂ, ਜਸਵਿੰਦਰ ਸਿੰਘ ਰਾਜਪੁਰਾ, ਮੱਖਣ ਸਿੰਘ ਸਰਦੂਲਗੜ, ਜਸਵੰਤ ਸਿੰਘ ਮਾਨਸਾ, ਅਮਨਦੀਪ ਸਿੰਘ ਆਦਿ ਬਹੁਤ ਸਾਰੇ ਨੁਮਾਇੰਦਾ ਆਗੂ ਹਾਜਰ ਸਨ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ