Nazrana Times

ਪੰਜਾਬੀ

ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ 'ਚ ​ਮੌਜ਼ੂਦਾ ਅਤੇ ਸਾਬਕਾ ਕੈਬਨਿਟ ਮੰਤਰੀਆਂ ਦੀ ਟਿਕਟ ਕੱਟੇ ਜਾਣ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ!

13 Nov, 2026 03:35 PM

ਪਹਿਲੀ ਸੂਚੀ ਜਾਰੀ ਹੋਣ ਉਪਰੰਤ ਵੀ ਤਿੰਨ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ।

ਹਰਵਿੰਦਰ ਕੌਰ ਖੁੱਡੀ ਕਲਾਂ 
ਬਰਨਾਲਾ , 13 ਨਵੰਬਰ 

​:ਆਮ ਆਦਮੀ ਪਾਰਟੀ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ 31 ਉਮੀਦਵਾਰਾਂ ਦੀ ਦੂਜੀ ਸੂਚੀ ਵੀ ਪਹਿਲੀ ਸੂਚੀ ਵਾਂਗ ਕਈ ਪੱਖਾਂ ਤੋਂ ਚਰਚਾ ਵਿੱਚ ਹੈ।

ਸਭ ਤੋਂ ਜਿ਼ਆਦਾ ਚਰਚਾ ਮੌਜੂ਼ੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਾਬਕਾ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਦੀਆਂ ਟਿਕਟਾਂ ਕੱਟ ਕੇ ਨਵੇਂ ਉਮੀਦਵਾਰਾਂ ਨੂੰ ਦਿੱਤੇ ਜਾਣ ਦੀ ਹੈ।ਲੰਬੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਥਾਂ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਐਲਾਨਣ ਦੇ ਫੈਸਲੇ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਅਹਿਮ ਤਬਦੀਲੀ ਨਾਲ ਇਸ ਹਾਈ-ਪ੍ਰੋਫਾਈਲ ਸੀਟ ਲਈ ਪਾਰਟੀ ਦੀ ਚੋਣ ਰਣਨੀਤੀ ਅਤੇ ਸਿਆਸੀ ਸਮੀਕਰਨਾਂ 'ਤੇ ਸਵਾਲ ਅਤੇ ਵਿਆਖਿਆਵਾਂ ਤੇਜ਼ ਹੋ ਗਈਆਂ ਹਨ।

​ ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਸੀ ਅਤੇ ਲੰਬੀ ਵਿੱਚ ਬਾਦਲ ਪਰਿਵਾਰ ਦੇ ਦਹਾਕਿਆਂ ਪੁਰਾਣੇ ਸਿਆਸੀ ਦਬਦਬੇ ਨੂੰ ਖ਼ਤਮ ਕੀਤਾ ਸੀ। ਅਜਿਹੇ ਵਿੱਚ ਮੌਜੂਦਾ ਕੈਬਨਿਟ ਮੰਤਰੀ ਦੀ ਟਿਕਟ ਕੱਟ ਕੇ ਨਵਾਂ ਚਿਹਰਾ ਉਤਾਰਨਾ ਪਾਰਟੀ ਦੀ ਉਮੀਦਵਾਰ ਚੋਣ ਪ੍ਰਕਿਰਿਆ ਦਾ ਸਭ ਤੋਂ ਚਰਚਿਤ ਕਦਮ ਬਣ ਕੇ ਉੱਭਰਿਆ ਹੈ। 

​ ਲੰਬੀ ਤੋਂ ਨਵੇਂ ਐਲਾਨੇ ਗਏ ਉਮੀਦਵਾਰ ਰਣਧੀਰ ਸਿੰਘ ਧੀਰਾ ਖੁੱਡੀਆਂ ਰਿਸ਼ਤੇ 'ਚ ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਹਨ ਅਤੇ ਹਲਕੇ ਦੀ ਸਿਆਸਤ ਤੋਂ ਭਲੀਭਾਂਤ ਜਾਣੂ ਹਨ। ਉਹ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਗੁਰਮੀਤ ਖੁੱਡੀਆਂ ਦੀਆਂ ਚੋਣ ਮੁਹਿੰਮਾਂ ਅਤੇ ਸਿਆਸੀ ਗਤੀਵਿਧੀਆਂ ਨਾਲ ਸਰਗਰਮੀ ਨਾਲ ਜੁੜੇ ਰਹੇ ਹਨ। ਟਿਕਟ ਦੇ ਐਲਾਨ ਤੋਂ ਬਾਅਦ ਧੀਰਾ ਖੁੱਡੀਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਚਾਚਾ ਗੁਰਮੀਤ ਖੁੱਡੀਆਂ ਸਮੇਤ ਪੂਰੇ ਪਰਿਵਾਰ ਦਾ ਪੂਰਨ ਸਮਰਥਨ ਹਾਸਿਲ ਹੈ। 

ਮੌਜ਼ੂਦਾ ਹਲਕੇ ਤੋਂ ਟਿਕਟ ਕੱਟੇ ਜਾਣ ਵਜੋਂ ਕੈਬਨਿਟ ਮੰਤਰੀ ਖੁੱਡੀਆਂ ਦਾ ਪਾਰਟੀ ਪ੍ਰਤੀ ਕਿਸੇ ਵੀ ਕਿਸਮ ਦੀ ਨਾਰਾਜ਼ਗੀ ਦਾ ਪ੍ਰਗਟਾਵਾ ਨਾ ਕਰਨ ਵਾਲੇ ਪ੍ਰਤੀਕਰਮ ਤੋਂ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਨੂੰ ਹਲਕਾ ਬਦਲ ਕੇ ਮੌੜ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਕਿਉਂਕਿ ਪਾਰਟੀ ਵੱਲੋਂ ਅਜੇ ਤੱਕ ਮੌੜ ਸੀਟ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਚੋਣ ਲੜਦਿਆਂ ਖੁੱਡੀਆਂ ਨੇ ਮੌੜ ਵਿਧਾਨ ਸਭਾ ਹਲਕੇ ਤੋਂ ਚੰਗੀ ਲੀਡ ਹਾਸਲ ਕੀਤੀ ਸੀ।ਜਿਸ ਨੂੰ ਪਾਰਟੀ ਦੇ ਚੋਣ ਹਿਸਾਬ-ਕਿਤਾਬ ਵਿੱਚ ਇੱਕ ਅਹਿਮ ਪਹਿਲੂ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੌੜ ਤੋਂ ਉਨ੍ਹਾਂ ਦੀ ਉਮੀਦਵਾਰੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਖੁੱਡੀਆਂ ਨੇ ਪਾਰਟੀ ਦੇ ਫੈਸਲੇ ਨੂੰ ਸਿਰ-ਮੱਥੇ ਪ੍ਰਵਾਨ ਕਰਨ ਦੀ ਗੱਲ ਆਖੀ ਹੈ। 

ਬੀਤੇ ਸਮੇਂ ਵਿੱਚ ਬਠਿੰਡਾ ਜ਼ਿਲ੍ਹੇ ਅਤੇ ਲੰਬੀ ਹਲਕੇ ਦੀਆਂ ਕੁਝ ਜਥੇਬੰਦਕ ਨਿਯੁਕਤੀਆਂ ਨੂੰ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ 'ਆਪ' ਦੇ ਇੰਚਾਰਜ ਮਨੀਸ਼ ਸਿਸੋਦੀਆ ਵਿਚਾਲੇ ਹੋਏ ਮਤਭੇਦਾਂ ਬਦੌਲਤ ਖੁੱਡੀਆਂ ਦੀ ਟਿਕਟ ਕੱਟੇ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਵੀ ਪੂਰਾ ਗਰਮ ਹੈ।ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਲੰਬੀ ਹਲਕੇ ਤੋਂ ਟਿਕਟ ਨਾ ਦੇਣ ਪਿੱਛੇ ਪਾਰਟੀ ਦੀ ਰਾਜਨੀਤਿਕ ਰਣਨੀਤੀ ਹੈ ਜਾਂ ਫਿਰ ਸਿਸੋਦੀਆ ਨਾਲ ਹੋਇਆ ਬੋਲ ਬੁਲਾਰਾ ਹੈ?

ਇਸ ਦੇ ਨਾਲ ਹੀ ਖਰੜ ਵਿਧਾਨ ਸਭਾ‌ ਹਲਕੇ ਤੋਂ ਵਿਧਾਇਕਾ ਅਤੇ ਸਾਬਕਾ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਦੀ ਟਿਕਟ ਕੱਟ ਕੇ ਨਵੇਂ ਹਲਕਾ ਇੰਚਾਰਜ ਨੂੰ ਦਿੱਤੇ ਜਾਣ ਦੀ ਵੀ ਖੂਬ ਚਰਚਾ ਚੱਲ ਰਹੀ ਹੈ। ਪਿਛਲੇ ਦਿਨੀਂ ਪਾਰਟੀ ਪ੍ਰਤੀ ਨਾਰਾਜ਼ਗੀ ਦੀਆਂ ਖਬਰਾਂ ਦਰਮਿਆਨ ਅਨਮੋਲ ਗਗਨ ਮਾਨ ਨੇ ਵਿਧਾਨ ਸਭਾ 'ਚ ਮੇਜ਼ ਥਾਪਥਪਾ ਕੇ ਕਿਹਾ ਸੀ ਕਿ,"ਮੈਂ ਆਮ ਆਦਮੀ ਪਾਰਟੀ ਨੂੰ ਛੱਡਣ ਦੀ ਗੱਲ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ।ਖੈਰ ਟਿਕਟ ਨਾ ਮਿਲਣ ਉਪਰੰਤ ਵੀ ਉਹਨਾਂ ਪਾਰਟੀ ਪ੍ਰਤੀ ਕੋਈ ਨਾਰਾਜ਼ਗੀ ਵਿਖਾਉਣ ਜਾਂ ਪਾਰਟੀ ਛੱਡਣ ਵਰਗੀ ਪ੍ਰਤੀਕਿਰਿਆ ਦੇਣ ਦੀ ਬਜਾਏ ਖੁਦ ਹੀ ਟਿਕਟ ਨਾ ਲੈਣ ਦੀ ਗੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਟਿਕਟਾਂ ਦੀ ਵੰਡ ਤੋਂ ਇੱਕ ਦੋ ਦਿਨ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਫੋਨ 'ਤੇ ਪੁੱਛਿਆ ਸੀ ਕਿ,"ਤੁਸੀਂ ਸੱਚੀਓਂ ਨਹੀਂ ਚੋਣ ਲੜਨੀ?"ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਂ ਉਸ ਸਮੇਂ ਵੀ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਮੇਰੇ ਵੱਲੋਂ ਚੋਣ ਨਾ ਲੜਨ ਦੇ ਫੈਸਲੇ ਤੋਂ ਨਾਰਾਜ਼ ਵੀ ਹੋਏ।ਪਰ ਮੈਂ ਚੋਣ ਨਾ ਲੜਨ ਦਾ ਫੈ਼ੈਸਲਾ ਕਰ ਲਿਆ ਸੀ।

ਜਦਕਿ ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਨੂੰ ਟਿਕਟਾਂ ਨਾ ਦੇਣ ਪਿੱਛੇ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਦੀ ਗੱਲ ਆਖੀ ਹੈ। ਉਹਨਾਂ ਕਿਸੇ ਵੀ ਬਿਆਨ ਵਿੱਚ ਇਹ ਜਿ਼ਿਕਰਨਹੀਂ ਕੀਤਾ ਕਿ ਸਾਡਾ ਕੋਈ ਵਿਧਾਇਕ,ਮੰਤਰੀ ਜਾਂ ਸਾਬਕਾ ਮੰਤਰੀ ਖੁਦ ਹੀ ਚੋਣ ਲੜਨ ਦਾ ਚਾਹਵਾਨ ਨਹੀਂ ਹੈ।ਹਲਕਾ ਰਾਜਾਸਾਂਸੀ ਤੋਂ ਸੋਨੀਆ ਮਾਨ ਨੂੰ ਟਿਕਟ ਦਿੱਤੇ ਜਾਣ ਤੋਂ ਖਫਾ਼ ਆਗੂਆਂ ਦੀ ਸੂਚੀ ਵੀ ਲੰਬੀ ਹੈ।ਉੱਥੇ ਵੀ ਕਈ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਦੀਆਂ ਖਬਰਾਂ ਹਨ।ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਟਿਕਟ ਨਾ ਮਿਲਣ ਤੋਂ ਖਫਾ਼ ਵਿਧਾਇਕ ਡਾ.ਚਰਨਜੀਤ ਸਿੰਘ ਨੇ ਪਾਰਟੀ ਪ੍ਰਤੀ ਖੁੱਲ ਕੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਹਰ ਹਾਲਤ ਵਿੱਚ ਚੋਣ ਲੜਾਂਗਾ।ਕਿਸ ਪਾਰਟੀ ਵੱਲੋਂ ਚੋਣ ਲੜੇ ਜਾਣ ਬਾਰੇ ਉਹਨਾਂ ਕਿਹਾ ਕਿ ਸਮਰਥਕਾਂ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਜਲਦੀ ਫੈਸਲਾ ਕੀਤਾ ਜਾਵੇਗਾ।

Latest News