ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਜਰਮਨੀ ਵਿਚ ਮੌਤ, ਕੇਂਦਰ ਸਰਕਾਰ ਕੋਲੋ ਲਾਸ਼ ਵਾਪਿਸ ਲਿਆਉਣ ਦੀ ਕੀਤੀ ਮੰਗ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਇਕਲੌਤੇ ਪੁੱਤਰ ਦੀ ਮੌਤ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀ ਹੈ । ਮਾਪਿਆਂ ਦਾ ਲਾਡਲਾ ਅਤੇ ਇਕੋ ਇਕ ਭੈਣ ਦਾ ਛੋਟਾ ਵੀਰ ਜਦੋਂ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਤਾਂ ਉਸ ਪਰਿਵਾਰ ਵਿਚ ਕਾਲੇ ਬੱਦਲਾਂ ਦਾ ਹਨੇਰਾ ਛਾ ਜਾਂਦਾ ਹੈ , ਇਕ ਭੈਣ ਦਾ ਆਪਣੇ ਭਰਾ ਨੂੰ ਸਿਹਰਾ ਬੰਨ੍ਹਣ ਅਤੇ ਮਾਂ ਦਾ ਪਾਣੀ ਵਾਰਕੇ ਨਵੀਂ ਨੂੰਹ ਨੂੰ ਘਰ ਲਿਆਉਣ ਦਾ ਸੁਪਨਾ ਚਕਨਾਚੂਰ ਹੋ ਜਾਂਦਾ ਹੈ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਹਰਸ਼ਪ੍ਰੀਤ ਸਿੰਘ ਢਿੱਲੋ ਪਿੰਡ ਬੁੱਢਾ ਥੇ ਹਲਕਾ ਬਾਬਾ ਬਕਾਲਾ ਉਮਰ ਕਰੀਬ 17 ਸਾਲ ਦਸਵੀਂ ਪਾਸ ਬੜੇ ਚਾਵਾਂ ਨਾਲ ਵਿਦੇਸ਼ ਜਰਮਨੀ ਰਹਿੰਦੇ ਆਪਣੇ ਪਿਤਾ ਕੁਲਦੀਪ ਸਿੰਘ ਢਿੱਲੋ ਕੋਲ ਕਰੀਬ ਇਕ ਸਾਲ ਪਹਿਲਾਂ ਗਿਆ ਸੀ । ਪਿਤਾ ਕੁਲਦੀਪ ਸਿੰਘ ਢਿੱਲੋ ਵੀ ਕਰੀਬ 7 ਸਾਲ ਤੋਂ ਜਰਮਨੀ ਕਾਰੋਬਾਰ ਦੇ ਸਿਲਸਿਲੇ ਵਿਚ ਗਿਆ ਹੋਇਆ ਸੀ । 30 ਜੂਨ ਸ਼ਾਮ ਨੂੰ ਹਰਸ਼ ਢਿੱਲੋ ਆਪਣੇ ਦੋਸਤਾਂ ਨਾਲ ਝੀਲ ਤੇ ਘੁੰਮਣ ਗਿਆ ਤਾਂ ਦਸਿਆ ਜਾਂਦਾ ਹੈ ਓਥੇ ਉਸਦੀ ਨਹਾਉਂਦੇ ਸਮੇਂ ਝੀਲ ਵਿਚ ਡੁੱਬਕੇ ਮੌਤ ਹੋ ਗਈ । ਹਰਸ਼ ਦੇ ਦੋਸਤਾਂ ਅਤੇ ਉਥੋਂ ਦੀਆਂ ਬਚਾਅ ਕਾਰਜ ਟੀਮਾਂ ਨੇ ਕਾਫੀ ਮਿਹਨਤ ਮਗਰੋਂ ਹਰਸ਼ ਢਿੱਲੋ ਦੀ ਮਿਰਤਕ ਦੇਹ ਬਾਹਰ ਕੱਢੀ । ਹਲਕਾ ਬਾਬਾ ਬਕਾਲਾ ਸਾਹਿਬ ਓਹਨਾਂ ਦੇ ਪਿੰਡ ਖ਼ਬਰ ਪਹੁੰਚਣ ਤੇ ਪੂਰੇ ਪਿੰਡ ਅਤੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾ ਗਿਆ । ਰੋਂਦੀ ਵਿਲਕਦੀ ਮਾਂ ਅਤੇ ਇਕਲੌਤੀ ਭੈਣ ਸਮੇਤ ਸਮੂਹ ਸਾਕ ਸਬੰਧੀ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਸਾਡੇ ਬੇਟੇ ਮਿਰਤਕ ਹਰਸ਼ਪ੍ਰੀਤ ਸਿੰਘ ਦੀ ਲਾਸ਼ ਵਾਪਿਸ ਭਾਰਤ ਓਹਨਾਂ ਦੇ ਜੱਦੀ ਪਿੰਡ ਬੁੱਢਾ ਥੇ ਹਲਕਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਭੇਜੀ ਜਾਵੇ ਤਾਂ ਜ਼ੋ ਪਰਿਵਾਰ ਪੂਰੇ ਸਨਮਾਨ ਅਤੇ ਰੀਤੀ ਰਿਵਾਜਾਂ ਨਾਲ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ ।
Posted By: GURBHEJ SINGH ANANDPURI