Nazrana Times

ਪੰਜਾਬੀ

ਅਚਾਨਕ ਲੱਗੀ ਅੱਗ ਨਾਲ ਤਿੰਨ ਏਕੜ ਕਣਕ ਤੇ ਕਈ ਏਕੜ ਨਾੜ ਸੜ ਕੇ ਸੁਆਹ

29 Apr, 2026 10:20 PM

ਅੱਪਰਾ , 27 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਕਣਕ ਦੀ ਫ਼ਸਲ ਦੀ ਕਟਾਈ ਦਾ ਸੀਜ਼ਨ ਆਉਂਦਿਆਂ ਹੀ ਕਣਕ ਦੀ ਪੱਕੀ ਫਸਲ ਤੇ ਤੂੜੀ ਬਣਾਉਣ ਲਈ ਰੱਖੀ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਬਹੁਤ ਸਾਰੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਕਸਬਾ ਅੱਪਰਾ ਦੇ ਬਾਹਰਵਾਰ ਪਿੰਡ ਲੋਹਗੜ੍ਹ ਤੇ ਪਿੰਡ ਗੜ੍ਹੀ ਮਹਾਂ ਸਿੰਘ ਵਾਲੀ ਸੜਕ ਦੇ ਵਿਚਕਾਰ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਪੰਜ ਏਕੜ ਕਣਕ 'ਚੋਂ ਤਿੰਨ ਏਕੜ ਕਣਕ ਸੜ ਕੇ ਸੁਆਹ ਹੋ ਗਈ। ਜਦੋਂ ਤੱਕ ਇਸ ਅੱਗ 'ਤੇ ਕਾਬੂ ਪਾਇਆ ਗਿਆ ਕਰੀਬ ਉਸੇ ਵਕਤ ਟਿਕੀ ਦੁਪਹਿਰ ਗੜ੍ਹੀ ਮਹਾਂ ਸਿੰਘ ਵਾਲੀ ਦੂਜੀ ਸੜਕ ਤੇ ਪਿੰਡ ਤੂਰਾਂ ਵਾਲੀ ਸੜਕ 'ਤੇ ਕਈ ਏਕੜ ਨਾੜ ਨੂੰ ਅੱਗ ਲੱਗ ਗਈ। ਇਸ ਅੱਗ ਨੂੰ ਫਾਇਰ ਬਿਰਗੇਡ ਦੀ ਮਦਦ ਨਾਲ ਕਾਬੂ ਪਾਇਆ। ਕਿਸਾਨ ਆਗੂ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਜੱਜਾ ਖੁਰਦ ਰੋਡ ਤੇ ਲੋਹਗੜ੍ਹ ਰੋਡ 'ਤੇ ਸਥਿਤ ਹੈ। ਅੱਜ ਜਦੋਂ ਜੱਜਾ ਖੁਰਦ ਵਾਲੀ ਜ਼ਮੀਨ 'ਤੇ ਕਣਕ ਦੀ ਕਟਾਈ ਕਰੀਬ ਕਰੀਬ ਖਤਮ ਹੋ ਚੁੱਕੀ ਸੀ। ਲੋਹਗੜ੍ਹ ਰੋਡ ਵਾਲੀ ਕਣਕ ਦੀ ਕਟਾਈ ਅਜੇ ਸ਼ੁਰੂ ਕਰਨੀ ਸੀ, ਐਨ ਉਸੇ ਵਕਤ ਹੀ ਲੋਹਗੜ੍ਹ ਰੋਡ ਵਾਲੀ ਕਣਕ ਨੂੰ ਅਚਾਨਕ ਹੀ ਅੱਗ ਲੱਗ ਗਈ। ਭਾਰੀ ਮਿਹਨਤ ਉਪਰੰਤ ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ, ਪਰ ਉਦੋਂ ਤੱਕ ਪੰਜ ਖੇਤ ਕਣਕ 'ਚੋਂ ਤਿੰਨ ਖੇਤ ਕਣਕ ਸੜ ਚੁੱਕੀ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਇਸ ਥਾਂ ਤੋਂ ਥੋੜੀ ਹੀ ਦੂਰੀ 'ਤੇ ਪਿੰਡ ਤੂਰਾਂ ਨੂੰ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਤੂੜੀ ਬਣਾਉਣ ਲਈ ਰੱਖੀ ਨਾੜ ਵਾਲੇ ਖੇਤਾਂ 'ਚ ਵੀ ਅਚਾਨਕ ਹੀ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇ ਧੂੰਆਂ ਆਸਮਾਨ ਨੂੰ ਛੂਹ ਰਿਹਾ ਸੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ । ਜ਼ਿਕਰਯੋਗ ਹੈ ਕਿ ਇਸ ਅੱਗ 'ਚ ਇਕ ਗੁਜਰਾਂ ਦਾ ਡੇਰਾ, ਇਕ ਮਸਜਿਦ ਤੇ ਇਕ ਰਿਹਾਇਸ਼ੀ ਮਕਾਨ ਵੀ ਘਿਰਿਆ ਹੋਇਆ ਸੀ ਪਰ ਇਹ ਡੇਰਾ, ਮਸਜਿਦ ਤੇ ਮਕਾਨ ਅੱਗ ਦੀਆਂ ਲਪਟਾਂ ਤੋਂ ਬਚਾਅ ਲਏ ਗਏ। ਭਿਆਨਕ ਅੱਗ ਕਾਰਨ ਜਿਥੇ ਕਈ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ ਉਥੇ ਹੀ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੋਨੋਂ ਜਗ੍ਹਾ ਹੀ ਲੱਗੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Posted By: GURBHEJ SINGH ANANDPURI

Latest News