Nazrana Times

ਪੰਜਾਬੀ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਕਾਲੀ ਸੋਚ ਨੂੰ ਪਰਿਵਾਰ ਹਮੇਸ਼ਾ ਜਿਊਂਦਾ ਰੱਖੇਗਾ : ਧੀਆਂ

23 Sep, 2026 09:28 PM

ਬ੍ਰਹਮਪੁਰਾ ਪਰਿਵਾਰ ਅਕਾਲੀ ਦਲ ਦੇ ਹਰ ਫੈਸਲੇ ਨਾਲ ਡਟ ਕੇ ਖੜ੍ਹਾ—ਸੰਗਤ ਗੁੰਮਰਾਹਕੁੰਨ ਜਾਣਕਾਰੀ ਤੋਂ ਸੁਚੇਤ ਰਹੇ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ, 23 ਸਤੰਬਰ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸਿਆਸਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਘਟਨਾਕ੍ਰਮ ਦਰਮਿਆਨ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਵ.ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ,ਸਾਬਕਾ ਕੈਬਨਿਟ ਮੰਤਰੀ,ਦੇ ਪਰਿਵਾਰ ਵੱਲੋਂ ਜਾਰੀ ਸਾਂਝੇ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਥੇਦਾਰ ਬ੍ਰਹਮਪੁਰਾ ਦੀਆਂ ਧੀਆਂ ਕੁਲਦੀਪ ਕੌਰ,ਪਰਮਦੀਪ ਕੌਰ ਅਤੇ ਕਵਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਰਿਵਾਰ ਦੀ ਅਕਾਲੀ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਾਂ ਬਾਰੇ ਆਪਣਾ ਪੱਖ ਸਪੱਸ਼ਟ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪੂਰੀ ਜ਼ਿੰਦਗੀ ਅਕਾਲੀ ਸੋਚ ਅਤੇ ਪੰਥਕ ਸਿਧਾਂਤਾਂ ਨੂੰ ਸਮਰਪਿਤ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਦੌਰਾਨ ਵੀ ਉਨ੍ਹਾਂ ਦੇ ਮਨਾਂ ਵਿੱਚ ਅਕਾਲੀ ਵਿਚਾਰਧਾਰਾ ਅਤੇ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕੀਤੀ।
ਧੀਆਂ ਨੇ ਕਿਹਾ ਕਿ ਜਿਸ ਅਕਾਲੀ ਦਲ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ, ਉਸ ਪਾਰਟੀ ਅਤੇ ਉਸ ਦੀ ਵਿਚਾਰਧਾਰਾ ਤੋਂ ਉਨ੍ਹਾਂ ਦਾ ਪਰਿਵਾਰ ਕਦੇ ਵੱਖ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਦੀ ਅਗਲੀ ਪੀੜ੍ਹੀ ਵੀ ਜਥੇਦਾਰ ਬ੍ਰਹਮਪੁਰਾ ਦੀ ਅਕਾਲੀ ਸੋਚ ਅਤੇ ਵਿਰਾਸਤ ਨੂੰ ਅੱਗੇ ਲੈ ਕੇ ਚੱਲੇਗੀ।
ਆਪਣੇ ਇਕਲੌਤੇ ਭਰਾ ਹਰਦੀਪ ਸਿੰਘ ਬ੍ਰਹਮਪੁਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਿਰਫ਼ ਇੱਕ ਪੁੱਤਰ ਸੀ ਅਤੇ ਉਨ੍ਹਾਂ ਦੇ ਨਾਲ ਸਮੂਹ ਪਰਿਵਾਰ ਦੇ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ। ਪਰਿਵਾਰ ਨੇ ਸਪੱਸ਼ਟ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਜਾਂ ਜਾਰੀ ਕੀਤੇ ਕਿਸੇ ਵੀ ਪਾਰਟੀ ਫੈਸਲੇ ਦੇ ਖਿਲਾਫ ਨਹੀਂ ਹਨ।
ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਖਾਨਦਾਨ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਵਿਰਾਸਤ ਸਿਰਫ਼ ਇੱਕ ਨਾਮ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਨੂੰ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਵੀ ਜਿਊਂਦਾ ਰੱਖੇਗਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

ਗੁੰਮਰਾਹਕੁੰਨ ਜਾਣਕਾਰੀ ਤੋਂ ਸੁਚੇਤ ਰਹਿਣ ਦੀ ਅਪੀਲ

ਪਰਿਵਾਰ ਦੀਆਂ ਧੀਆਂ ਨੇ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਅਕਾਲੀ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਨ੍ਹਾਂ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਭੰਬਲਭੂਸੇ ਵਾਲੀ ਸਥਿਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।

Posted By: GURBHEJ SINGH ANANDPURI

Latest News