ਬਾਬਾ ਹਰਨਾਮ ਸਿੰਘ ਧੁੰਮਾਂ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹੋ!!!
ਅਮਰ ਸ਼ਹੀਦ ਮਨੁੱਖਤਾ ਦੇ ਮਸੀਹੇ ਪੂਰਨ ਗੁਰਸਿੱਖ ਭਾਈ ਜਸਵੰਤ ਸਿੰਘ ਖਾਲੜਾ ਜੀ ਉੱਪਰ ਅਤੇ ਸਿੱਖਾਂ ਦੇ ਖੂਨੀ ਇਤਿਹਾਸ ਉੱਪਰ ਬਣੀ ਸਤਲੁਜ ਫਿਲਮ ਵੇਖ ਕੇ ਤਾਂ ਗੂੰਗੇ ਅਤੇ ਪੱਥਰ ਵੀ ਬੋਲ ਪਏ ਹਨ ਅਤੇ ਰੋ ਵੀ ਪਏ ਹਨ । ਪੰਥ ਵਿਰੋਧੀ ਲਾਣਾ ਚੀਕ ਚਿਹਾੜਾ ਪਾ ਰਿਹਾ ਹੈ ਕਿ ਹਾਏ ਆਹ ਦਲਜੀਤ ਸਿੰਘ ਦੁਸਾਂਝ ਨੇ ਕੀ ਕਰ ਦਿੱਤਾ ਹੈ ? ਇਹ ਲੁਕਿਆ ਛੁਪਿਆ ਸੱਚ ਅਤੇ ਇੰਡੀਅਨ ਸਟੇਟ ਦੀਆਂ ਹਿੰਦੂਤਵੀ ਸਰਕਾਰਾਂ ਅਤੇ ਹਿੰਦੂਤਵੀ ਏਜੰਸੀਆਂ ਰਾਅ ਅਤੇ ਆਈ ਬੀ ਵਲੋਂ ਸਿੱਖ ਕੌਮ ਉੱਪਰ ਕਰਵਾਏ ਅਤੇ ਪੰਜਾਬ ਸਰਕਾਰਾਂ ਅਤੇ ਪੰਜਾਬ ਦੀ ਬੁੱਚੜ ਪੁਲੀਸ ਦੇ ਬੁੱਚੜਾਂ ਵੱਲੋਂ ਕੀਤੇ ਜੁਲਮਾਂ ਦੀ ਕਹਾਣੀ ਜੱਗ ਜਾਹਰ ਕਿਵੇਂ ਹੋ ਗਈ ਹੈ?
ਇਹ ਤਾਂ ਹੁਣ ਜੱਗ ਜਾਹਿਰ ਹੋ ਗਿਆ ਹੈ ਕਿ ਹਿੰਦੋਸਤਾਨ ਨੇ ਸਿੱਖਾਂ ਉੱਪਰ ਉੱਹ ਅੱਤਿਆਚਾਰ ਕੀਤੇ ਅਤੇ ਕਰਵਾਏ ਹਨ ਜਿਹਨਾਂ ਵਾਰੇ ਪੜ੍ਹ ਸੁਣ ਕੇ ਧਰਤੀ ਅਤੇ ਆਸਮਾਨ ਵੀ ਰੋ ਪਏ ਹਨ ਇਨਸਾਨਾਂ ਨੇ ਤਾਂ ਰੋਣਾ ਹੀ ਰੋਣਾ ਹੈ ।
ਦਮਦਮੀ ਟਕਸਾਲ ਮਹਿਤਾ ਦੇ ਮੌਜੂਦਾ ਮੁੱਖੀ ਅਤੇ ਸੰਤ ਸਮਾਜ ਦੇ ਵੀ ਮੁੱਖੀ ਗੰਦੀਆਂ ਗੰਦੀਆਂ ਗਾਹਲਾਂ ਕੱਢਣ ਵਾਲੇ ਬਾਬਾ ਹਰਨਾਮ ਸਿੰਘ ਜੀ ਧੁੰਮਾਂ ਜੀ ਨੇ ਸਿੱਖਾਂ ਉੱਪਰ ਹੋਏ ਜੁਲਮਾ ਪ੍ਰਤੀ, ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਸ਼ਹਾਦਤ ਅਤੇ ਅਦੁੱਤੀ ਘਾਲਣਾ ਪ੍ਰਤੀ , ਲਾਵਾਰਿਸ ਅਤੇ ਅਤੇ ਅਣਪਛਾਤੇ ਕਹਿ ਕੇ ਸਾੜੇ ਗਏ ਸਿੱਖਾਂ ਅਤੇ ਸਿੱਖਣੀਆਂ ਪ੍ਰਤੀ ਅਤੇ ਸਤਲੁਜ ਫਿਲਮ ਪ੍ਰਤੀ ਮੋਨ ਕਿਉਂ ਧਾਰਿਆ ਹੋਇਆ ਹੈ? ਕੀ ਏਸ ਕਰਕੇ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਚਹੇਤੀ ਪਾਰਟੀ ਬੀਜੇਪੀ ਵੀ ਏਸ ਹੀ ਲਪੇਟੇ ਵਿੱਚ ਆ ਗਈ ਹੈ ? ਕੀ ਬਾਬਾ ਹਰਨਾਮ ਸਿੰਘ ਧੁੰਮਾਂ ਦਮਦਮੀ ਟਕਸਾਲ ਦਾ ਮੁੱਖੀ ਹੈ ਜਾਂ ਆਰ ਐਸ ਐਸ ਜਾਂ ਬੀਜੇਪੀ ਦਾ ਕਾਰਕੁਨ ਹੈ? ਕੀ ਬਾਬਾ ਹਰਨਾਮ ਸਿੰਘ ਸਿੱਖ ਹੈ ਵੀ ਜਾਂ ਨਹੀਂ ਹੈ ? ਕਿਉਂਕਿ ਹੁਣ ਤਾਂ ਸਿੱਖ ਤਾਂ ਕੀ ਹਿੰਦੂ ਮੁਸਲਮਾਨ ਇਸਾਈ ਜੈਨੀ ਬੋਧੀ ਪਾਰਸੀ ਗਰੀਬ ਅਮੀਰ ਪੰਜਾਬੀ ਭਾਰਤੀ ਵਿਦੇਸ਼ੀ ਸਭ ਰੋ ਰਹੇ ਹਨ ਕਿ ਐਨਾ ਅੱਤਿਆਚਾਰ ਐਨੀ ਕਰੂਰਤਾ ਐਨਾ ਜੁਲਮ ਹੋਇਆ ਹੈ ਕਿ ਜਿਸ ਵਾਰੇ ਸੋਚਣਾ ਵੀ ਔਖਾ ਹੈ ।
ਬੀਜੇਪੀ ਦੀਆਂ ਚੋਣਾਂ ਵਿੱਚ ਹਮਾਇਤ ਕਰਨੀ ਹੋਵੇ , ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੀ ਦੋ ਵਕਤ ਅਰਦਾਸ ਕਰਨ ਲਈ ਸਿੱਖਾਂ ਕਹਿਣਾ ਹੋਵੇ , ਭੂਮੀ ਪੂਜਨ ਕਰਨਾ ਹੋਵੇ , ਗੰਗਾ ਬ੍ਰਾਹਮਣਾਂ ਦੀ ਮਾਤਾ ਦਾ ਇਸ਼ਨਾਨ ਕਰਨਾ ਹੋਵੇ, ਸ਼ਿਵਲਿੰਗ ਦੀ ਪੂਜਾ ਕਰਨੀ ਹੋਵੇ, ਬੀਜੇਪੀ ਨੇਤਾਵਾਂ ਨੂੰ ਮਹਿਤੇ ਬਲਾਉਣਾ ਹੋਵੇ , ਮੱਧ ਪ੍ਰਦੇਸ਼ ਦੇ ਨਾਗਪੁਰ ਵਿਖੇ ਜਾ ਕੇ ਮੇਜ ਉੱਪਰ ਬੀਜੇਪੀ ਵਾਲਿਆਂ ਨਾਲ ਲੱਤਾਂ ਲਮਕਾ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਹੋਵੇ ਏਸ ਤਰ੍ਹਾਂ ਦੇ ਕੰਮਾਂ ਲਈ ਤਾਂ ਬਾਬਾ ਹਰਨਾਮ ਸਿੰਘ ਧੁੰਮਾਂ ਹਰ ਵੇਲੇ ਤਿਆਰ ਰਹਿੰਦਾ ਹੈ, ਪਰ ਸਿੱਖਾਂ ਦੀ ਹੋਈ ਨਸਲਕੁਸ਼ੀ ਲਈ ਅੱਜ ਬਾਬਾ ਜੀ ਮੋਨ ਕਿਉਂ ਧਾਰਿਆ ਹੋਇਆ ਹੈ ?
ਕੋਈ ਸਮਾਂ ਸੀ ਜਦੋਂ ਸਾਰੀ ਦੀ ਸਾਰੀ ਸਿੱਖ ਸਿਆਸਤ ਦਾ ਧੁਰਾ ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਹੀ ਇਰਦ ਗਿਰਦ ਹੀ ਘੁੰਮਿਆਂ ਕਰਦਾ ਹੁੰਦਾ ਸੀ । ਮਹਿਜ ਸੱਤਾਂ ਕੁ ਸਾਲ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਐਨਾ ਕੁ ਬੀਰ ਰਸੀ ਪ੍ਰਚਾਰ ਕਰ ਦਿੱਤਾ ਸੀ ਪੂਰੇ ਭਾਰਤ ਵਿੱਚ ਕਿ ਸਿੱਖ ਨੌਜਵਾਨੀ ਨੇ ਦੁਨੀਆਂ ਦੀ ਚੌਥੀ ਅਤੇ ਤਾਕਤਵਰ ਫੌਜੀ ਸ਼ਕਤੀ ਮੰਨੇ ਜਾਂਦੇ ਇੰਡੀਆ ਨਾਲ ਮੱਥਾ ਲਾ ਲਿਆ ਸੀ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਚੰਡੇ ਹਏ ਸਿੰਘਾਂ ਸਿੰਘਣੀਆਂ ਭੁਝੰਗੀਆਂ ਅਤੇ ਭੁਝੰਗਣਾਂ ਨੇ ਇੰਡੀਆ ਦੀਆਂ ਫੌਜਾਂ ਦੇ ਅਤੇ ਟੈਂਕਾਂ ਦੇ ਪਰਖੱਚੇ ਉਡਾ ਦਿੱਤੇ ਸਨ ।
ਇਹ ਫ਼ਰਕ ਹੁੰਦਾ ਗੁਰੂ ਨੂੰ ਅਤੇ ਸਿੱਖੀ ਨੂੰ ਪਰਣਾਏ ਹੋਏ ਅਤੇ ਸਰਕਾਰਾਂ ਅਤੇ ਸਰਕਾਰੀ ਏਜੰਸੀਆਂ ਨੂੰ ਪਰਣਾਏ ਹੋਏ ਇਨਸਾਨ ਦਾ । ਬਾਬਾ ਹਰਨਾਮ ਸਿੰਘ ਧੁੰਮਾਂ ਨੇ ਅਤੇ ਮੇਰੇ , ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ , ਭਾਈ ਭੁਪਿੰਦਰ ਸਿੰਘ ਛੇ ਜੂਨ ਦੇ ਅਤੇ ਹੋਰ ਇਹਨਾਂ ਦਾ ਵਿਰੋਧ ਕਰਨ ਵਾਲਿਆਂ ਦੇ ਖਿਲਾਫ ਦਿਨ ਰਾਤ ਬਕਵਾਸ ਕਰਨ ਵਾਲੀ ਧੁੰਮਾ ਬ੍ਰਿਗੇਡ ਨੇ ਖਾਣਾ ਪੰਥ ਦਾ , ਪੀਣਾ ਪੰਥ ਦਾ , ਪਹਿਨਣਾ ਵੀ ਪੰਥ ਦਾ , ਗੱਡੀਆਂ ਪੰਥ ਦੀਆਂ ਝੂਟਣੀਆਂ , ਹਥਿਆਰ ਵੀ ਪੰਥ ਦੇ , ਮਾਇਆ ਵੀ ਪੰਥ ਦੀ ਵਰਤਣੀ ਅਤੇ ਬੋਲਣਾ ਸਿੱਖਾਂ ਦੀ ਕੱਟੜ ਜਮਾਤ ਬੀਜੇਪੀ ਦੇ ਹੱਕ ਵਿੱਚ ਦੋ ਕਿ ਸਿੱਖਾਂ ਦੀ ਕੱਟੜ ਦੁਸ਼ਮਣ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਜਮਾਤ ਦੀ ਬਰਾਬਰ ਦੀ ਭਾਈਵਾਲ਼ ਸੀ ਅੱਜ ਵੀ ਹੈ ਅਤੇ ਅੱਗੋਂ ਵੀ ਰਹੇਗੀ ।
ਕਰੀਬ ਦੋ ਹਫਤਿਆਂ ਤੋਂ ਦੇਸ਼ ਪੰਜਾਬ ਅਤੇ ਦੇਸ਼ ਹਿੰਦੋਸਤਾਨ ਤੋਂ ਲੈ ਕਰਕੇ ਪੂਰੇ ਸੰਸਾਰ ਵਿੱਚ ਅੱਜ ਸਤਲੁਜ ਫਿਲਮ ਦੀ ਹੀ ਚਰਚਾ ਚੱਲ ਰਹੀ ਹੈ । ਸਾਬਕਾ ਕਾਂਗਰਸੀ ਅਤੇ ਮੌਜੂਦਾ ਬੀਜੇਪੀ ਨੇਤਾ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤਾਂ ਓਸ ਦਿਨ ਦੇ ਹੀ ਡੈਪਰ ਲਾਈ ਫਿਰਦੇ ਹਨ ਜਿਸ ਦਿਨ ਦੀ ਸਤਲੁਜ ਫਿਲਮ ਘਰ ਘਰ ਪਹੁੰਚੀ ਹੈ, ਕਿ ਹਾਏ ਸਤਲੁਜ ਫਿਲਮ ਨੂੰ ਵੇਖ ਕੇ ਕਿਤੇ ਮੁੜ ਕੇ ਖਾੜਕੂ ਸੰਘਰਸ਼ ਨਾ ਸ਼ੁਰੂ ਹੋ ਜਾਵੇ , ਪਰ ਖਾਕੀ ਨਿੱਕਰਧਾਰੀ , ਉੱਪਰ ਟਕਸਾਲੀਆਂ ਵਾਲਾ ਬਾਣਾ ਅਤੇ ਥੱਲੇ ਭਗਵਾਂ ਬਾਣਾ ਧਾਰੀ ਬਾਬਾ ਹਰਨਾਮ ਸਿੰਘ ਧੁੰਮਾਂ ਜੀ ਪੰਥ ਦੀ ਕਚਹਿਰੀ ਵਿੱਚ ਪਤਾ ਨਹੀਂ ਕਦੋਂ ਹਾਜ਼ਰ ਹੋਣਗੇ?
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ