ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਉਪਰੰਤ 40 ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ
ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸਾਲ ਵਿੱਚ ਦੋ ਵਾਰ ਭੇਜਿਆ ਜਾਂਦਾ ਹੈ ਸਿੱਖ ਯਾਤਰੀਆਂ ਦਾ ਜਥਾ
ਨਈਅਰ
ਸਰਹਾਲੀ ਕਲਾਂ/ਚੋਹਲਾ ਸਾਹਿਬ,3 ਮਈ
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਵਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਸਾਲ 2004 ਤੋਂ ਚਲ ਰਹੀ ਹੈ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਸਾਲ ਵਿਚ ਦੋ ਵਾਰ ਸਿੱਖ ਸੰਗਤਾਂ ਨੂੰ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਇਸ ਸਾਲ ਇਹ ਯਾਤਰਾ 20 ਅਪ੍ਰੈਲ ਤੋਂ 2 ਮਈ ਤਕ ਕਰਵਾਈ ਗਈ,ਜਿਸ ਵਿਚ 40 ਸਿੱਖ ਸ਼ਰਧਾਲੂਆਂ ਦਾ ਜੱਥਾ ਖਾਲਸਾ ਸਾਜਨਾ ਦਿਹਾੜਾ ਵੈਸਾਖੀ ਦੇ ਸੰਬੰਧ ਵਿਚ ਬੰਗਲਾਦੇਸ਼ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ 24 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤ ਸਮਾਗਮ ਹੋਇਆ ਜਿਸ ਵਿੱਚ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਸਾਰਾ ਦਿਨ ਦੀਵਾਨ ਸੱਜਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਉਪਰੰਤ ਸੰਗਤਾਂ ਨੇ ਅਗਲੇ ਦਿਨਾਂ ਵਿੱਚ ਗੁਰਦੁਆਰਾ ਸੰਗਤ ਟੋਲਾ ਪਾ:੯(ਢਾਕਾ),ਗੁਰਦੁਆਰਾ ਸਿੱਖ ਟੈਂਪਲ ਅਸਟੇਟ (ਚਾਟੋਗ੍ਰਾਮ), ਗੁਰਦੁਆਰਾ ਸਾਹਿਬ (ਪਹਾੜਤਲੀ),ਗੁਰਦੁਆਰਾ ਗੁਰੂ ਨਾਨਕ ਮੰਦਰ (ਮਾਇਮਨ ਸਿੰਘ ) ਆਦਿ ਗੁਰਦੁਆਰਿਆਂ ਦੀ ਯਾਤਰਾ ਕੀਤੀ।ਇਸ ਜਥੇ ਦੀ ਅਗਵਾਈ ਸੰਪਰਦਾਇ ਕਾਰ ਸੇਵਾ ਸਕੱਤਰ ਹਰਭਜਨ ਸਿੰਘ ਸੰਧੂ ਵਲੋਂ ਕੀਤੀ ਗਈ।ਅੱਜ ਵਾਪਸ ਅੰਮ੍ਰਿਤਸਰ ਪਹੁੰਚਣ 'ਤੇ ਸਿੱਖ ਯਾਤਰੀ ਜਥੇ ਨੇ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕੱਤਾ ਦਾ ਧੰਨਵਾਦ ਕੀਤਾ।ਇਸ ਜਥੇ ਵਿਚ ਸ.ਸੁਰਿੰਦਰ ਸਿੰਘ ਸੋਹਲ, ਅਵਤਾਰ ਸਿੰਘ ਮੁੱਛਲ, ਸੰਤੋਖ ਸਿੰਘ ਸੰਧੂ,ਗੁਰਿੰਦਰਜੀਤ ਸਿੰਘ,ਹਰਚਰਨ ਸਿੰਘ, ਬੀਬੀ ਪਰਮਿੰਦਰ ਕੌਰ,ਬੀਬੀ ਜਸਬੀਰ ਕੌਰ,ਗੁਰਮੀਤ ਕੌਰ ਅਤੇ ਕਈ ਹੋਰ ਗੁਰਸਿੱਖ ਹਾਜ਼ਰ ਸਨ।
Posted By: GURBHEJ SINGH ANANDPURI