Nazrana Times

ਪੰਜਾਬੀ

ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ

14 Jun, 2026 03:49 PM

ਅੰਮ੍ਰਿਤਸਰ, 14 ਜੂਨ- ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ  - ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਪੁੱਜੇ ਉਚ ਪੱਧਰੀ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਅਮਰੀਕਾ ਵਿਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਸਮੇਤ ਹੋਰ ਕਾਰਜਾਂ ਦੀ ਸਥਾਪਤੀ ਅਤੇ ਇਥੇ ਵਸਦੇ ਸਿੱਖ ਭਾਈਚਾਰੇ ਨਾਲ ਰਾਬਤੇ ਦੇ ਮਕਸਦ ਲਈ ਗਿਆ ਹੈ। ਸ਼੍ਰੋਮਣੀ ਕਮੇਟੀ ਵਫਦ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਸਾਮਲ ਹਨ।
ਸ਼੍ਰੋਮਣੀ ਕਮੇਟੀ ਵਫਦ ਨੂੰ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਚੇਅਰਮੈਨ ਮਾਈਕ ਜ਼ੇਗਨਮਾਇਰ, ਜੈਫ਼ਰੀ ਕੇ. ਬੂਨ, ਡੈਨ ਫ਼ਲੋਰੇਸ, ਕਰਮ ਬੈਂਸ, ਜੈਫ਼ ਸਟੀਫ਼ਨਜ਼ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਸੌਂਪੇ ਗਏ ਸਨਮਾਨ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਵਫ਼ਦ ਦਾ ਇਥੇ ਆਉਣ ਲਈ ਧੰਨਵਾਦ ਕਰਦਿਆਂ ਲਿਖਿਆ ਕਿ ਤੁਹਾਡੀ ਫੇਰੀ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ​​ਕਰਨ, ਆਉਣ ਵਾਲੀਆਂ ਪੀੜ੍ਹੀਆਂ ਲਈ ਸਹਿਯੋਗ, ਸਦਭਾਵਨਾ ਅਤੇ ਸਾਂਝੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਅਧਿਆਤਮਿਕ ਵਿਕਾਸ ਨੂੰ ਉਤਸ਼ਾਹਿਤ ਕਰਦਿਆਂ ਭਾਈਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਾਈ ਹੋਵੇਗੀ। 
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਸਹਿਯੋਗ ਅਤੇ ਸਨਮਾਨ ਲਈ ਕੈਲੇਫੋਰਨੀਆ ਦੇ ਜਿਲ੍ਹਾ ਸਟਰ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

Posted By: GURBHEJ SINGH ANANDPURI

Latest News