Nazrana Times

ਪੰਜਾਬੀ

ਝੂਠੇ ਪੁਲਿਸ ਮੁਕਾਬਲਿਆਂ ਦਾ ਬੀਬੀ ਕੁਲਵਿੰਦਰ ਕੌਰ ਖਾਲਸਾ ਵੱਲੋਂ ਵਿਰੋਧ

27 Feb, 2026 07:38 PM

ਅੰਮ੍ਰਿਤਸਰ 27 ਫਰਵਰੀ , ਜੁਗਰਾਜ ਸਿੰਘ ਸਰਹਾਲੀ 

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੇ ਹੱਕ ਵਿੱਚ ਹਰ ਸਿੱਖ ਅਤੇ ਪੰਜਾਬੀ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਆਪਣਾ ਬੁੱਚੜਪੁਣਾ ਬੰਦ ਕਰੇ ਤੇ ਪੰਜਾਬ ਦੀ ਨੌਜਵਾਨੀ ਦਾ ਹੋਰ ਖੂਨ ਨਾ ਵਹਾਵੇ। ਉਹਨਾਂ ਕਿਹਾ ਕਿ ਸੰਘਰਸ਼ੀ ਯੋਧੇ ਬਾਬਾ ਬੂਝਾ ਸਿੰਘ ਦੇ ਝੂਠੇ ਮੁਕਾਬਲੇ ਤੋਂ ਸ਼ੁਰੂ ਹੋਏ ਇਹ ਮੁਕਾਬਲੇ ਰੁਕਣ ਦਾ ਨਾਂ ਨਹੀਂ ਲੈ ਰਹੇ, ਭਾਵੇਂ ਕਿ ਸਰਕਾਰਾਂ ਬਦਲੀਆਂ, ਆਗੂ ਬਦਲੇ ਪਰ ਸਰਕਾਰੀ ਨੀਤੀ ਹਮੇਸ਼ਾ ਪੰਥ ਅਤੇ ਪੰਜਾਬ ਦੇ ਖਿਲਾਫ ਹੀ ਰਹੀ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ ਅਤੇ ਅਜੋਕਾ ਮੁੱਖ ਮੰਤਰੀ ਭਗਵੰਤ ਮਾਨ ਸਭ ਦੀਆਂ ਸਰਕਾਰਾਂ ਵਿੱਚ ਸਿੱਖਾਂ ਦੇ ਝੂਠੇ ਮੁਕਾਬਲੇ ਬਣੇ ਹਨ। ਉਹਨਾਂ ਕਿਹਾ ਕਿ ਕਿਸੇ ਨੂੰ ਦੋਸ਼ੀ ਠਹਿਰਾਉਣਾ ਤੇ ਸਜ਼ਾ ਦੇਣਾ ਅਦਾਲਤਾਂ ਦਾ ਕੰਮ ਹੈ ਪਰ ਪੁਲਿਸ ਖੁਦ ਹੀ ਜੱਜ ਅਤੇ ਜਾਲਮ ਬਣੀ ਹੋਈ ਹੈ। ਉਹਨਾਂ ਕਿਹਾ ਕਿ ਇਨਾ ਝੂਠੇ ਮੁਕਾਬਲਿਆਂ ਵਿਰੁੱਧ 1 ਮਾਰਚ ਨੂੰ ਗੁਰਦਾਸਪੁਰ ਵਿੱਚ ਹੋ ਰਹੇ ਇਕੱਠ ਵਿੱਚ ਹਰੇਕ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ, ਜੇ ਅੱਜ ਨਾ ਬੋਲੇ ਤਾਂ ਕੱਲ੍ਹ ਨੂੰ ਸਾਡੀ ਅਤੇ ਕਿਸੇ ਹੋਰ ਦੀ ਵਾਰੀ ਵੀ ਆ ਸਕਦੀ ਹੈ।

Latest News