ਜਥੇਦਾਰ ਗੜਗੱਜ ਨੂੰ ਅਪੀਲ : ਭਗਵੰਤ ਮਾਨ ਸਰਕਾਰ ਅਤੇ ਸੁਖਬੀਰ ਬਾਦਲ ਉੱਤੇ ਛੇਤੀ ਕਾਰਵਾਈ ਕੀਤੀ ਜਾਵੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 5 ਅਗਸਤ , ਜੁਗਰਾਜ ਸਿੰਘ ਸਰਹਾਲੀ- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਜਥੇਦਾਰ ਨੇ ਕਿਹਾ ਹੈ ਕਿ ਜੇਕਰ ਕੋਈ ਪੰਥਕ ਮਾਮਲਿਆਂ ਅਤੇ ਪੰਥਕ ਸੰਸਥਾਵਾਂ ਵਿੱਚ ਦਖਲਅੰਦਾਜੀ ਕਰੇਗਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੇ ਗੁਨਾਹ ਮੰਨ ਕੇ ਮੁੱਕਰੇਗਾ ਤਾਂ ਕਾਰਵਾਈ ਹੋਵੇਗੀ, ਭਗਵੰਤ ਮਾਨ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਉੱਤੇ ਸੋਧਾਂ ਕਰਨ ਲਈ ਮੰਨ ਕੇ ਗਏ ਸਨ ਤੇ ਹੁਣ ਇਹ ਆਦੇਸ਼ ਮੰਨਣ ਤੋਂ ਮੁੱਕਰ ਰਹੇ ਹਨ। ਇਸ ਬਿਆਨ ਉੱਤੇ ਪ੍ਰਤੀਕਿਰਿਆ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਐਲਾਨਿਆ ਹੈ ਅਤੇ ਸਰਕਾਰ ਦੇ ਹੋਰ ਮੰਤਰੀਆਂ ਤੇ ਵਿਧਾਇਕਾਂ ਉੱਤੇ ਜਥੇਦਾਰ ਨੇ ਕਾਰਵਾਈ ਕਰਨੀ ਹੈ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਨਾ ਬਖਸ਼ਿਆ ਜਾਵੇ ਕਿਉਂਕਿ ਉਹ ਸਿਰਸੇ ਵਾਲੇ ਨੂੰ ਮਾਫੀ ਦਿਵਾਉਣ, ਦੋ ਸਿੰਘਾਂ ਨੂੰ ਸ਼ਹੀਦ ਕਰਨ, ਬੁੱਚੜ ਪੁਲਸੀਆਂ ਨੂੰ ਵੱਡੇ ਅਹੁਦੇ ਦੇਣ ਅਤੇ ਆਪਣੇ ਹੋਰ ਗੁਨਾਹ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਮੰਨਿਆ ਸੀ ਤੇ ਹੁਣ ਮੁੱਕਰ ਕੇ ਤਖ਼ਤ ਸਾਹਿਬ ਦੀ ਤੌਹੀਨ ਕਰ ਰਿਹਾ ਹੈ। ਜਥੇਦਾਰ ਗੜਗੱਜ ਨੂੰ ਚਾਹੀਦਾ ਹੈ ਕਿ ਉਹ ਭਗਵੰਤ ਮਾਨ ਸਰਕਾਰ ਦੇ ਨਾਲ ਹੀ ਸੁਖਬੀਰ ਬਾਦਲ ਉੱਤੇ ਵੀ ਹਿੰਮਤ ਵਿਖਾ ਕੇ ਕਾਰਵਾਈ ਕਰਨ। ਜੇਕਰ ਜਥੇਦਾਰ ਅਜਿਹਾ ਨਹੀਂ ਕਰਦੇ ਤਾਂ ਇਹ ਸਿੱਧ ਹੋਵੇਗਾ ਕਿ ਉਹ ਸੁਖਬੀਰ ਬਾਦਲ ਨੂੰ ਬਚਾ ਰਹੇ ਹਨ ਤੇ ਬਾਦਲਾਂ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਕਾਰਜ ਕਰ ਰਹੇ ਹਨ। ਫੈਡਰੇਸ਼ਨ ਆਗੂ ਨੇ ਕਿਹਾ ਕਿ ਜਥੇਦਾਰ ਨੂੰ ਬਾਦਲ ਪੱਖੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਦੋਗਲੀ ਨੀਤੀ ਵਰਤਣੀ ਚਾਹੀਦੀ ਹੈ, ਦੋਸ਼ੀ ਚਾਹੇ ਭਗਵੰਤ ਮਾਨ ਹੋਵੇ ਜਾਂ ਸੁਖਬੀਰ ਬਾਦਲ ਜਥੇਦਾਰ ਗੜਗੱਜ ਨੂੰ ਪੰਥਕ ਪ੍ਰੰਪਰਾਵਾਂ ਅਨੁਸਾਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁਖਬੀਰ ਨੂੰ ਆਪਣੀਆਂ ਕੀਤੀਆਂ ਗ਼ਲਤੀਆਂ, ਪਾਪਾਂ ਤੇ ਗੁਨਾਹਾਂ ਦਾ ਕੋਈ ਪਛਤਾਵਾ ਨਹੀਂ ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਭ ਗੁਨਾਹ ਮੰਨ ਕੇ ਹੁਣ ਬੜੀ ਬੇਸ਼ਰਮੀ ਨਾਲ ਵਾਰ-ਵਾਰ ਮੁੱਕਰ ਰਿਹਾ ਹੈ। ਬਾਦਲਕਿਆ ਨੇ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਦਾ ਅਹੁਦਾ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਸ਼ਾਨ ਰੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਬਾਦਲਕਿਆਂ ਨੇ ਜਥੇਦਾਰ ਹਰਪ੍ਰੀਤ ਸਿੰਘ, ਜਥੇਦਾਰ ਰਘਬੀਰ ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਦੀ ਕਿਰਦਾਰਕੁਸ਼ੀ ਕਰਕੇ ਅਹੁਦਿਆਂ ਤੋਂ ਹਟਾ ਦਿੱਤਾ। ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਨੂੰ ਵੀ ਨਹੀਂ ਸੀ ਬਖਸ਼ਿਆ, ਸੱਤ ਮੈਂਬਰੀ ਕਮੇਟੀ ਦੇ ਦੋ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਜੋ ਪਹਿਲਾਂ ਹੀ ਬਾਦਲਾਂ ਦੇ ਚਾਪਲੂਸ ਸਨ ਤੇ ਉਹ ਆਖਰੀ ਸਵਾਸਾਂ ਤੱਕ ਸੁਖਬੀਰ ਬਾਦਲ ਦੇ ਤਲਵੇ ਚੱਟਣ ਦਾ ਅਹਿਦ ਕਰੀ ਬੈਠੇ ਹਨ ਤੇ ਸੱਤ ਮੈਂਬਰੀ ਕਮੇਟੀ ਤੋਂ ਅਸਤੀਫ਼ੇ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਗਏ ਸਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣ, ਸੁਖਬੀਰ ਤੋਂ ਸਿੱਖ ਹੋਣ ਦਾ ਹੱਕ ਹੀ ਖੋਹ ਲੈਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਤਾਂ ਅਬਦਾਲੀ, ਮੱਸਾ ਰੰਘੜ, ਜ਼ਕਰੀਆ ਖਾਂ, ਮੀਰ ਮੰਨੂ, ਲਖਪਤ ਰਾਏ, ਜਨਰਲ ਡਾਇਰ, ਇੰਦਰਾ ਗਾਂਧੀ ਤੇ ਬੁੱਚੜ ਬੇਅੰਤ ਸਿਹੁੰ ਵਰਗੀਆਂ ਦੀਆਂ ਬਦਕਾਰ ਰੂਹਾਂ ਵੜੀਆਂ ਹੋਈਆਂ ਹਨ।
Posted By: GURBHEJ SINGH ANANDPURI