ਲਿਵ-ਇਨ ਰਿਲੇਸ਼ਨਸ਼ਿਪ: ‘ਆਜ਼ਾਦੀ’ ਦੇ ਨਾਂ ’ਤੇ ਕੁਰਾਹੇ ਪਈ ਸੋਚ !
- ਜੀਵਨ ਸ਼ੈਲੀ
- 25 Jul, 2026 12:01 PM (Asia/Kolkata)
ਲਿਵ-ਇਨ ਰਿਲੇਸ਼ਨਸ਼ਿਪ:
‘ਆਜ਼ਾਦੀ’ ਦੇ ਨਾਂ ’ਤੇ ਕੁਰਾਹੇ ਪਈ ਸੋਚ !
ਬੇਸ਼ੱਕ ‘ਲਿਵ-ਇਨ ਰਿਲੇਸ਼ਨ’ ਨੂੰ ਆਧੁਨਿਕ ਆਜ਼ਾਦੀ ਦਾ ਪ੍ਰਤੀਕ ਕਿਹਾ ਜਾਂਦਾ ਹੈ,ਪਰ ਅਸਲ ਵਿੱਚ ਇਹ ਬਰਬਾਦੀ ਅਤੇ ਵਿੱਭਚਾਰ ਦਾ ਪ੍ਰਤੀਕ ਹੈ।’ਪੰਜਾਬ ਜਿਊਂਦਾ ਗੁਰਾਂ ਦੇ ਨਾਮ ‘ਤੇ’ ਜਿਸਦੇ ਸਰਲ ਸਪੱਸ਼ਟ ਅਰਥ ਪੰਜਾਬੀ ਸੱਭਿਆਚਾਰ ਦੀ ਤੋਰ ਚਾਲ ਅਤੇ ਰਵਾਨੀ ਜਿਊਣ ਦੀ ਤਰਜੀਹ ਅਣਖ ਗੈਰਤ ਅਤੇ ਵਡਮੁੱਲੀਆਂ ਸੱਭਿਆਚਾਰਕ ਕੀਮਤਾਂ ਹਨ।
ਵੱਡੇ ਵਿਚਾਰਕਾਂ ਤੋਂ ਲੈ ਕੇ ਨਾਰੀ ਚਿੰਤਕਾਂ ਤੱਕ ਸਾਰਿਆਂ ਦੀ ਬੇਸ਼ੱਕ ਸਾਂਝੀ ਚੇਤਾਵਨੀ ਹੈ ਕਿ ਬਿਨਾਂ ਨੈਤਿਕਤਾ, ਵਚਨਬੱਧਤਾ ਅਤੇ ਜ਼ਿੰਮੇਂਵਾਰੀ ਦਾ ਕੋਈ ਵੀ ਰਿਸ਼ਤਾ ਟਿਕਾਊ ਨਹੀਂ ਹੁੰਦਾ ਪਰ ਇਹ ਚਾਲ-ਚਲਣ ਨਿੱਜ ਰੂਪ ਵਿੱਚ ਖ਼ਤਰਨਾਕ ਸਮਾਜਿਕ ਰੁਝਾਨ ਬਣਦਾ ਜਾ ਰਿਹਾ ਹੈ।
ਪੁਰਾਤਨ ਸਮਾਜ ਵਿੱਚ ਇੱਕੋ ਗੋਤਰ ਵਿੱਚ ਵਿਆਹ ਨਾ ਕਰਨ ਦੀ ਪਰੰਪਰਾ ਅੰਧਵਿਸ਼ਵਾਸ ਨਹੀਂ ਸਗੋਂ ਅਗਲੀ ਪੀੜ੍ਹੀ ਨੂੰ ਜੈਨੇਟਿਕ ਬਿਮਾਰੀਆਂ ਤੋਂ ਬਚਾਉਣ ਦੀ ਵਿਗਿਆਨਕ ਸੋਚ ਸੀ/ਹੈ।
ਵਿਆਹ ਸਿਰਫ਼ ਦੋ ਸਰੀਰਾਂ ਦਾ ਨਹੀਂ,ਦੋ ਪਰਿਵਾਰਾਂ,ਦੋ ਸੋਚਾਂ - ਦੋ ਖਾਨਦਾਨਾਂ ਦਾ ਮਿਲਾਪ ਹੁੰਦਾ ਹੈ।ਕਿਉਂਕਿ ਸਰੀਰਕ ਨੇੜਤਾ ਲਈ ਆਤਮਕ ਅਤੇ ਨੈਤਿਕ ਬੰਧਨ ਲਾਜ਼ਮੀ ਹੁੰਦੇ ਹਨ। ਜਿੱਥੇ ਇਹ ਬੰਧਨ ਨਹੀਂ ਉੱਥੇ ਪਿਆਰ ਨਹੀਂ ਅਤੇ ਜਿੱਥੇ ਪਿਆਰ ਨਹੀਂ ਉੱਥੇ ਇੱਜਤਾਂ ਦਾ ਖਿਲਵਾੜ ਤਹਿ ਹੀ ਹੁੰਦਾ ਹੈ।
ਲਿਵ-ਇਨ ਰਿਲੇਸ਼ਨ ਸ਼ਬਦ ਸਾਡੀ ਜ਼ੁਬਾਨ ਵੀ ਨਹੀਂ ਅਤੇ ਸਾਡੀ ਬੋਲੀ ਦੇ ਸ਼ਬਦਾਂ ਦੀ ਵਿਆਖਿਆ ਵੀ ਨਹੀਂ। ਇਸਨੂੰ ਪੰਜਾਬੀ ਵਿੱਚ ਕਹਾਂਗੇ-ਖਾਨਦਾਨ ਵਿਹੂਣੇ ਜੋੜੇ। ਖਾਨਦਾਨ ਦਾ ਅਰਥ ਹੈ ਉਹ ਪਰਿਵਾਰ ਜਿਸਦਾ ਸਮਾਜ ਵਿੱਚ ਨੈਤਿਕ ਸਥਾਨ ਹੈ-ਉਹ ਖਾਨਦਾਨੀ ਹੈ।
ਅੱਜ ਵਿਆਹ ਤੋਂ ਬਚਣ ਅਤੇ ਲਿਵ-ਇਨ ਨੂੰ ਤਰਜੀਹ ਦੇਣ ਦਾ ਇੱਕ ਵੱਡਾ ਕਾਰਨ ਨੌਜਵਾਨਾਂ ਵਿੱਚ ਜ਼ਿੰਮੇਵਾਰੀ ਤੋਂ ਦੌੜਦਿਆਂ,ਵਿੱਭਚਾਰ ਦੀ ਉਜਾੜੂ ਸੋਚ ਹੈ।ਕੁੜੀਆਂ ਤੇ ਮੁੰਡੇ ਪੱਕੀ ਉਮਰ ਤੱਕ ਰਿਸ਼ਤਿਆਂ ਲਈ ਤਿਆਰ ਨਹੀਂ ਹੁੰਦੇ। ਜਿਸਦਾ ਨਤੀਜਾ ਭਵਿੱਖ ਵਿੱਚ ਹੋਵੇਗਾ ਮਨੁੱਖੀ ਅਬਾਦੀ ਦਾ ਘਟਣਾ ਜਾਂ ਪੰਜਾਬ ਦੀ ਅਬਾਦੀ ਦਾ ਘਟਣਾ। ਬਨਾਮ ਕੌਮੀ ਉਜਾੜੇ ਦਾ ਰਾਹ!
ਇਸ ਅਖੌਤੀ ਆਜ਼ਾਦੀ ਦੀ ਕੀਮਤ ਮਾਤਾ-ਪਿਤਾ ਦੀ ਅਣਕਹੀ ਚਿੰਤਾ,ਉਡੀਕ ਅਤੇ ਅਸੁਰੱਖਿਆ ਦੇ ਰੂਪ ਵਿੱਚ ਬਰਬਾਦੀ ਦੀ ਕੀਮਤ ਚੁਕਾਉਂਦੇ ਹਨ।
ਇਸ ਰਾਹੇ ਪਿਆਂ ਵਲੋਂ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਨਾਲ ਇਕ-ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਬੰਧਨ ਘੱਟ ਹੁੰਦੇ ਹਨ ਅਤੇ ਜੇ ਗੱਲ ਨਾ ਬਣੇ ਤਾਂ ਵੱਖ ਹੋਣਾ ਆਸਾਨ ਹੁੰਦਾ ਹੈ। ਪਰ ਇੱਥੇ ਹੀ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ।ਕੀ ਰਿਸ਼ਤੇ ਸਿਰਫ਼ ਸੁਵਿਧਾ ਸਹੂਲਤਾਂ ਲਈ ਬਣਾਏ ਜਾਂਦੇ ਹਨ?ਸਮਝਣ ਲਈ ਸਰੀਰਕ ਸੰਬੰਧਾਂ ਦਾ ਹੋਣਾ ਕੀ ਜਰੂਰੀ ਹੈ ? ਇਹ ਸੋਚ ਹੀ ਨਖਿੱਧ ਏ। ਕਨੂੰਨ ਪ੍ਰਣਾਲੀ ਵੀ ਲਾਸ਼ ਵਰਗੀ ਏ ਜੋ ਤਲਾਕ ਸਬੰਧੀ ਆਰਥਿਕ ਉਜਾੜਾ ਅਤੇ ਬੇਲੋੜੀ ਸਾਲਾਂ ਬੱਧੀ ਦੇਰੀ ਇਹ ਵੀ ਗਲਤ ਏ। ਇਸ ‘ਅਧਰੰਗ ਮਾਰੀ ਪ੍ਰਣਾਲੀ’ ਨੇ ਵੀ ਇਹ ਰਾਹ ਸਿਰਜਣ ਦਾ ਰੋਲ ਨਿਭਾਇਆ ਹੈ।
ਔਰਤ ਦੇ ਨਜ਼ਰੀਏ ਤੋਂ ਲਿਵ-ਇਨ ਇੱਕ ਹੋਰ ਵੀ ਸੰਵੇਦਨਸ਼ੀਲ ਮੁੱਦਾ ਹੈ। ਲਿਵ-ਇਨ ਔਰਤ ਨੂੰ ਚੋਣ ਦਾ ਹੱਕ ਤਾਂ ਦਿੰਦਾ ਹੈ ਪਰ ਸੁਰੱਖਿਅਤ ਭਵਿੱਖ ਦੀ ਗਾਰੰਟੀ ਕੋਈ ਨਹੀਂ। ਇਹ ਰਿਸ਼ਤਾ ਬਰਾਬਰੀ ਦਾ ਦਾਅਵਾ ਕਰਦਾ ਹੈ,ਪਰ ਹਕੀਕਤ ਵਿੱਚ ਜ਼ਿੰਮੇਵਾਰੀ ਦੀ ਤੱਕੜੀ ਅਕਸਰ ਔਰਤ ਦੇ ਮੋਢਿਆਂ ’ਤੇ ਹੀ ਟਿਕੀ ਰਹਿੰਦੀ ਹੈ।
ਦੂਸਰਾ ਸਪੱਸ਼ਟ ਲਿਵ ਇਨ ਰਿਲੇਸ਼ਨ ਦਾ ਅਰਥ ਏ ਕਿ ਵਿਆਹ ਤੋਂ ਬਗੈਰ ਹੀ ਸਰੀਰਕ ਸਬੰਧ ! ਜਦਕਿ ਸਾਡੇ ਵਿਰਸੇ ਵਿੱਚ ਇਹ ਤਾਂ ਇਲਜਾਮ ਹੁੰਦਾ ਸੀ ! ਜਿਸਨੂੰ ਕਿਹਾ ਜਾਂਦਾ ਸੀ ਨਜਾਇਜ਼ ਸਬੰਧ। ਵਿਆਹ ਬਗੈਰ ਕੋਈ ਰਿਸ਼ਤਾ ਨਹੀਂ ਹੁੰਦਾ। ਸਾਰੇ ਰਿਸ਼ਤੇ ਇੱਥੋਂ ਹੀ ਉਪਜਦੇ ਜਨਮਦੇ ਹਨ।
ਜੇ ਵਿਆਹ ਨਹੀਂ ਕਰਨੇ ਤਾਂ ਪੰਜਾਬੀ ਸੱਭਿਆਚਾਰ ਦਾ ਨਾਮੋ ਨਿਸ਼ਾਨ ਖਤਮ ਹੋਣ ਵੱਲ ਉਲਾਰ ਸਮਝੋ।
ਲਿਵ-ਇਨ ਰਿਸ਼ਤੇ ਵਿੱਚ ਔਰਤ ਤੋਂ ਪਿਆਰ,ਸਮਰਪਣ ਅਤੇ ਸਹਿਣਸ਼ੀਲਤਾ ਦੀ ਉਮੀਦ ਪੂਰੀ ਕੀਤੀ ਜਾਂਦੀ ਹੈ,ਪਰ ਬਦਲੇ ਵਿੱਚ ਔਰਤ ਨੂੰ ਨਾ ਤਾਂ ਕੋਈ ਕਾਨੂੰਨੀ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਮਾਜਿਕ ਮਾਨਤਾ। ਜਦ ਇਹ ਗੈਰ ਵਾਜਬ ਰਿਸ਼ਤਾ ਟੁੱਟਦਾ ਹੈ ਤਾਂ ਔਰਤ ਸਿਰਫ਼ ਇੱਕ ਟੁੱਟੇ ਦਿਲ ਨਾਲ ਨਹੀਂ,ਸਗੋਂ ਸਵਾਲਾਂ,ਸ਼ੱਕ ਅਤੇ ਬਦਨਾਮੀ,ਬੇਇੱਜਤੀ ਨਾਲ ਵੀ ਲੜਦੀ ਹੈ।ਜਦਕਿ ਵਚਨਬੱਧਤਾ ਤੋਂ ਪੁਰਸ਼ ਅਕਸਰ ਪਿੱਛੇ ਹਟ ਜਾਂਦਾ ਹੈ।
ਅਸਲ ਆਜ਼ਾਦੀ ਰਿਸ਼ਤਿਆਂ ਤੋਂ ਭੱਜਣ ਵਿੱਚ ਨਹੀਂ,ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਵਿੱਚ ਹੁੰਦੀ ਹੈ। ਜਿਹੜਾ ਰਿਸ਼ਤਾ ‘ਜਦੋਂ ਵੀ ਤੁਹਾਡਾ ਮਨ ਕਰੇ ਛੱਡ ਦਿਓ’ ਵਾਲੀ ਸੋਚ ’ਤੇ ਖੜਾ ਹੋਵੇ,ਉਹ ਪਿਆਰ ਨਹੀਂ ਉਪਭੋਗੀ ਯਾਨੀ ਵਿੱਭਚਾਰੀ ਸੋਚ ਦਾ ਨਤੀਜਾ ਹੀ ਬਣ ਜਾਂਦਾ ਹੈ।ਕੀ ਆਜ਼ਾਦੀ ਬਿਨਾਂ ਜ਼ਿੰਮੇਵਾਰੀ ਪੂਰੀ ਨਹੀਂ ਹੋ ਸਕਦੀ ?ਕੀ ਜਿੰਮੇਵਾਰੀ ਨਿਭਾਉਣੀ ਗੁਲਾਮੀ ਹੁੰਦੀ ਏ ?ਨਹੀਂ ਜੀ!ਲੋੜ ਹੈ ਅਜ਼ਾਦੀ ਸ਼ਬਦ ਦੀ ਸਹੀ ਵਿਆਖਿਆ ਕੀਤੀ ਜਾਵੇ। ਮਨਮਰਜ਼ੀ ਦੀਆਂ ਵਿਆਖਿਆਵਾਂ ਇਸ ਨਿਘਾਰ ਪ੍ਰਤੀ ਜਿੰਮੇਵਾਰ ਹਨ।
ਯਾਦ ਰਹੇ ਕਿ ਪਿਆਰ ਦੀ ਪਰਖ ਕਦੇ ਵੀ ਸਰੀਰਕ ਨੇੜਤਾ ਨਾਲ ਨਹੀਂ,ਸਗੋਂ ਜਿੰਮੇਵਾਰੀ ਨਿਭਾਉਣ ਨਾਲ ਹੁੰਦੀ ਹੈ। ਜਦ ਕਾਮਨਾ ਬਿਨਾਂ ਨੈਤਿਕ ਰੋਕਾਂ ਨੂੰ ਖੁੱਲ੍ਹਾ ਛੱਡਿਆ ਜਾਵੇ ਤਾਂ ਰਿਸ਼ਤੇ ਟਿਕਾਊ ਨਹੀਂ ਰਹਿੰਦੇ ਭਾਵ ਰਿਸ਼ਤਾ ਕਦੇ ਰਿਸ਼ਤਾ ਹੀ ਨਹੀਂ ਹੁੰਦਾ। ਜੇ ਲਿਵ-ਇਨ ਰਿਸ਼ਤਾ ਸਹੂਲਤ ਅਤੇ ਲਾਭ ’ਤੇ ਟਿਕਿਆ ਹੈ,ਤਾਂ ਉਹ ਪਿਆਰ ਨਹੀਂ, ਸਰੀਰਕ ਸ਼ੋਸ਼ਣ ਹੈ। ਲਿਵ-ਇਨ ਤਦ ਹੀ ਨਿਆਂਯੋਗ ਹੈ ਜਦ ਦੋਵੇਂ ਪੱਖ ਬਰਾਬਰ ਦੀ ਆਰਥਿਕ ਨੈਤਿਕ ਅਤੇ ਸਮਾਜਿਕ ਤਾਕਤ ਰੱਖਣ। ਰਿਸ਼ਤੇ ‘ਟਰਾਇਲ’ ਨਾਲ਼ ਨਹੀਂ ਬਲਕਿ ਭਰੋਸੇ ਅਤੇ ਵਿਸ਼ਵਾਸ ਨਾਲ ਸਥਾਪਤ ਹੁੰਦੇ ਹਨ। ਰਿਸ਼ਤੇ ਕਾਨੂੰਨ ਨਾਲ ਨਹੀਂ ਸਗੋਂ ਸਮਝਦਾਰੀ,ਇਮਾਨਦਾਰੀ ਸਪਰਪਣ ਅਤੇ ਜਿੰਮੇਵਾਰੀ ਨਾਲ ਜੀਏ ਨਿਭਾਏ ਹਨ।
ਜੇ ਕਿਤੇ ਨੈਤਿਕ ਅਧਾਰਾਂ ਉੱਤੇ ਲੱਭਿਆ ਰਿਸ਼ਤਾ ਟੁੱਟ ਵੀ ਜਾਵੇ ਤਾਂ ਕਾਨੂੰਨ ਕੁਝ ਹੱਦ ਤੱਕ ਸੁਰੱਖਿਆ ਦੇਂਦਾ ਹੈ ਅਤੇ ਦੂਸਰਾ ਰਿਸ਼ਤਾ ਲੱਭਣਾ ਵੀ ਕੋਈ ਅਯੋਗ ਨਹੀਂ ਹੁੰਦਾ।ਲੋੜ ਹੈ ਆਤਮ ਭਰੋਸੇ ਦੀ।ਲਿਵ-ਇਨ ਰਿਸ਼ਤੇ ਕਿਸੇ ਵੀ ਤਰ੍ਹਾਂ ਪਰਿਵਾਰਾਂ ਅਤੇ ਸਾਡੇ ਸੱਭਿਆਚਾਰ ਲਈ ਅਨੁਕੂਲ ਨਹੀਂ ਹਨ। ਇਹ ਇੱਕ ਐਸੀ ਬੁਰਾਈ ਹੈ ਜੋ ਸਿਰਫ ਦੁਖਦਾਈ ਨਤੀਜਿਆਂ ਵੱਲ ਲੈਕੇ ਜਾਂਦੀ ਹੈ। ਇਸ ਲਈ ਅਜਿਹੇ ਸੰਬੰਧ ਬਣਾਉਣ ਤੋਂ ਬਚਣਾ ਹੀ ਸਮਝਦਾਰੀ ਹੈ ਅਤੇ ਸਮੁੱਚੇ ਪਰਿਵਾਰ ਤੇ ਸਮਾਜ ਲਈ ਵੀ ਬੇਹਤਰ ਹੈ।
✍️ ਨਿਸ਼ਾ ਮਣੀ
+919417402228
+917009914936
Leave a Reply