ਸਰਕਾਰ ਵੱਲੋਂ ਬਣਾਏ ਸ਼ਖਤ ਕਾਨੂੰਨ ਦਾ ਕੀ ਫਾਇਦਾ , ਜਲੰਧਰ ਵਿੱਚ ਫਿਰ ਹੋਈ ਗੁਰਬਾਣੀ ਦੀ ਬੇਅਦਬੀ

ਸਰਕਾਰ ਵੱਲੋਂ ਬਣਾਏ ਸ਼ਖਤ ਕਾਨੂੰਨ ਦਾ ਕੀ ਫਾਇਦਾ , ਜਲੰਧਰ ਵਿੱਚ ਫਿਰ ਹੋਈ ਗੁਰਬਾਣੀ ਦੀ ਬੇਅਦਬੀ

ਜਲੰਧਰ , ਅਮਰਜੀਤ ਸਿੰਘ ਭਾਨਾ -ਕਮਿਸ਼ਨਰੇਟ ਪੁਲਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ਰਾਜਾ ਗਾਰਡਨ ਵਿਚ ਸਥਿਤ ਇਕ ਖਾਲੀ ਪਲਾਟ ਵਿਚੋਂ ਦੇਰ ਰਾਤ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਮਿਲਣ ਨਾਲ ਇਲਾਕੇ ਵਿਚ ਭਾਰੀ ਰੋਸ ਫੈਲ ਗਿਆ। ਇਸ ਸਬੰਧ ਵਿਚ ਸਿੱਖ ਜਥੇਬੰਦੀਆਂ ਨੇ ਗੁਰੂ ਸਾਹਿਬ ਦੇ ਪਵਿੱਤਰ ਅੰਗ ਮਿਲਣ ਤੋਂ ਬਾਅਦ ਰੋਸ ਜ਼ਾਹਰ ਕੀਤਾ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਸਮੇਤ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਵੀ ਮੌਕੇ ’ਤੇ ਪਹੁੰਚ ਗਏ। 

ਘਟਨਾ ਸਥਾਨ 'ਤੇ ਪਹੁੰਚੀਆਂ ਪੁਲਸ ਟੀਮਾਂ ਪਲਾਟ ਦੇ ਨਾਲ ਲੱਗਦੀ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਛਾਣਨ ਵਿਚ ਜੁਟ ਗਈਆਂ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਬੇਅਦਬੀ ਕਿਸ ਨੇ ਕੀਤੀ ਹੈ। ਘਟਨਾ ਵਾਲੀ ਥਾਂ ’ਤੇ ਪਹੁੰਚੇ ਬਘੇਲ ਸਿੰਘ ਨੇ ਦੱਸਿਆ ਕਿ ਉਹ ਕੀਰਤਨ ਦਰਬਾਰ ਵਿਚ ਸਨ। ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਖਾਲੀ ਪਲਾਟ ਵਿਚ ਗੁਟਕਾ ਸਾਹਿਬ ਦੇ ਅੰਗ ਖ਼ਿੱਲਰੇ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਝੋਲੀ ਵਿਚ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਇਸ ਗੱਲ ’ਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਬੇਅਦਬੀ ਕੀਤੀ ਹੈ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਉੱਥੇ ਹੀ, ਮੌਕੇ ’ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਗੁਟਕਾ ਸਾਹਿਬ ਦੇ ਅੰਗ ਖਾਲੀ ਪਲਾਟ ਵਿਚ ਸੁੱਟੇ ਗਏ ਸਨ, ਜਿਸ ਤੋਂ ਬਾਅਦ ਉਹ ਆਪਣੀ ਸੰਸਥਾ ਦੇ ਨਾਲ ਇਥੇ ਪਹੁੰਚੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੇਅਦਬੀ ਕਰਨ ਵਾਲੇ ਮੁਲਜ਼ਮ ਬੇਨਕਾਬ ਨਹੀਂ ਹੋ ਜਾਂਦੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਉਹ ਇਥੇ ਹੀ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬਸਤੀ ਬਾਵਾ ਖੇਲ ਇਲਾਕੇ ਦੇ ਬਾਬਾ ਬੁੱਢਾ ਜੀ ਪੁਲ ਨੇੜੇ ਸਥਿਤ ਪਲਾਟ ਵਿਚ ਗੁਟਕਾ ਸਾਹਿਬ ਨੂੰ ਪਾੜ ਕੇ ਬੇਅਦਬੀ ਕੀਤੀ ਗਈ ਹੈ, ਜਿਸ ਤੋਂ ਬਾਅਦ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਹਨ। ਪਲਾਟ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਛਾਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਟੀਮ ਨੇ ਬੇਅਦਬੀ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਹ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲੈਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.