ਹਜ਼ਾਰਾਂ ਕਿਸਾਨਾਂ ਮਜਦੂਰਾਂ ਨੂੰ ਸੜਕਾਂ ਬੰਦ ਕਰਕੇ ਰੋਕਣ ਦੇ ਬਾਵਜੂਦ ਸੀ.ਐੱਮ. ਮਾਨ ਦਾ ਕਿਸਾਨ ਮਜਦੂਰ ਮੋਰਚਾ ਦੇ ਸੱਦੇ ਤੇ ਕਾਲੇ ਝੰਡੇ ਦਿਖਾ ਕੇ ਜਬਰਦਸਤ ਵਿਰੋਧ

ਹਜ਼ਾਰਾਂ ਕਿਸਾਨਾਂ ਮਜਦੂਰਾਂ ਨੂੰ ਸੜਕਾਂ ਬੰਦ ਕਰਕੇ ਰੋਕਣ ਦੇ ਬਾਵਜੂਦ ਸੀ.ਐੱਮ. ਮਾਨ ਦਾ ਕਿਸਾਨ ਮਜਦੂਰ ਮੋਰਚਾ ਦੇ ਸੱਦੇ ਤੇ ਕਾਲੇ ਝੰਡੇ ਦਿਖਾ ਕੇ ਜਬਰਦਸਤ ਵਿਰੋਧ

ਟਾਂਗਰਾ -ਸੁਰਜੀਤ ਸਿੰਘ ਖਾਲਸਾ
ਲੋਕਾਂ ਦੇ ਹੱਕਾਂ ਦਾ ਘਾਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਗੁਰੂਆਂ ਦੀ ਵਿਚਾਰਧਾਰਾ ਦੇ ਖਿਲਾਫ ਕੰਮ ਕਰ ਰਿਹਾ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਭਾਵਨਾਤਮਕ ਪੱਧਰ ਤੇ ਗੁੰਮਰਾਹ ਕਰਕੇ ਆਪਣੀ ਸਿਆਸਤ ਚਮਕਾਉਣ ਲਈ ਸ਼ੁਕਰਾਨਾ ਯਾਤਰਾ ਵਰਗੇ ਅਡੰਬਰ ਰਚ ਰਿਹਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਦੇ ਮੌਕੇ ਪੁਲਿਸ ਫੋਰਸਾਂ ਦੁਆਰਾ ਰੋਕੇ ਜਾਣ ਮੌਕੇ ਕੀਤਾ। ਉਹਨਾ ਜਾਣਕਾਰੀ ਦਿੱਤੀ ਕਿ ਕਿਸਾਨ ਮਜਦੂਰ ਮੋਰਚਾ ਦੇ ਪੱਕੇ ਐਲਾਨ ਅਨੁਸਾਰ ਅੱਜ ਮੁੱਖ ਮੰਤਰੀ ਨੂੰ ਸ਼ੰਭੂ ਖਨੌਰੀ ਬਾਰਡਰ ਮੋਰਚਿਆਂ ਨੂੰ ਉਖਾੜਨ ਸਮੇਂ ਹੋਈਆਂ ਟਰਾਲੀ ਚੋਰੀ ਅਤੇ ਹੋਰ ਸਮਾਨ ਦੇ ਹੋਏ 3 ਕਰੋੜ 77 ਲੱਖ ਦੇ ਕਰੀਬ ਦੇ ਨੁਕਸਾਨ ਅਤੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਦੀਆਂ ਅਹਿਮ ਮੰਗਾਂ ਸਬੰਧੀ ਸਵਾਲ ਪੁੱਛਣ ਦੇ ਪ੍ਰੋਗਰਾਮ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਿੰਡ ਟਾਹਲੀ ਸਾਹਿਬ, ਜੱਬੋਵਾਲ, ਵੰਨਚੜੀ ਅਤੇ ਬੰਡਾਲਾ ਵਿੱਚ ਇੱਕਠੇ ਹੋ ਕੇ ਸਵਾਲ ਪੁੱਛਣ ਲਈ ਜਲੰਧਰ ਅਮ੍ਰਿਤਸਰ ਨੈਸ਼ਨਲ ਹਾਈਵੇ ਵੱਲ ਵਧੇ ਪਰ ਸਰਕਾਰ ਵੱਲੋਂ ਵੱਖ ਵੱਖ ਥਾਵਾਂ ਤੇ ਟਿੱਪਰ ਬੱਸਾਂ ਅਤੇ ਹੋਰ ਸਿਵੀਲੀਅਨ ਸਾਧਨ ਰਸਤੇ ਵਿਚ ਖੜੇ ਕਰਕੇ ਰਸਤੇ ਜਾਮ ਕਰਕੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਫੋਰਸ ਅਤੇ ਰੈਪਿਡ ਐਕਸ਼ਨ ਫੋਰਸ ਲਗਾ ਕੇ ਕਿਸਾਨਾਂ ਮਜਦੂਰਾਂ ਨੂੰ ਰੋਕਿਆ, ਗਿਆ 

ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿੱਚ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਮਜਦੂਰ ਨੈਸ਼ਨਲ ਹਾਈਵੇ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਪਰ ਇੱਕ ਵਾਰ ਫਿਰ ਮੁੱਖ ਮੰਤਰੀ ਕਿਸਾਨਾਂ ਦੇ ਸਵਾਲ ਲੈਣ ਤੋਂ ਭਗੌੜੇ ਸਿੱਧ ਹੋਏ ਅਤੇ ਜਦੋਂ ਬਿਨਾਂ ਰੁਕੇ ਉਹਨਾ ਦਾ ਕਾਫਲਾ ਕਿਸਾਨਾਂ ਦੇ ਕੋਲੋ ਨਿਕਲਿਆ ਤਾਂ ਮੁੱਖ ਮੰਤਰੀ ਨੂੰ ਵੱਡੀ ਗਿਣਤੀ ਵਿੱਚ ਕਾਲੇ ਝੰਡੇ ਦਿਖਾ ਕੇ "ਟਰਾਲੀ ਚੋਰਾਂ ਦੀ ਸਰਕਾਰ ਮੁਰਦਾਬਾਦ" ਦੇ ਨਾਅਰੇ ਲਗਾਉਂਦੇ ਹੋਏ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਜੱਬੋਵਾਲ ਵੱਲੋਂ ਆਉਂਦੇ ਕਾਫਲੇ ਨੂੰ ਪਹਿਲਾਂ ਜੱਬੋਵਾਲ ਅਤੇ ਫਿਰ ਟਾਂਗਰਾ ਰੇਲ ਫਾਟਕ ਨਜ਼ਦੀਕ ਟਿੱਪਰ ਅਤੇ ਪ੍ਰਾਈਵੇਟ ਬੱਸਾਂ ਨਾਲ ਸੜਕਾਂ ਬੰਦ ਕਰਕੇ ਰੋਕਿਆ ਗਿਆ। ਇੱਥੋਂ ਤੱਕ ਕਿ ਸੀ ਐਮ ਦੇ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਰਵਾਨਾ ਹੋਣ ਮਗਰੋਂ ਵੀ ਕਿਸਾਨਾਂ ਨੂੰ ਸੜਕ ਦੇ ਅਗਲੇ ਅਤੇ ਪਿਛਲੇ ਰਸਤੇ ਬੱਸਾਂ ਟਿੱਪਰਾਂ ਨਾਲ ਬੰਦ ਕਰਕੇ ਸ਼ਾਮ ਤੱਕ ਰੋਕ ਰੱਖਿਆ ਗਿਆ, ਜਦੋਂ ਕਿਸਾਨਾਂ ਨੇ ਆਪਣੇ ਘਰਾਂ ਵੱਲ ਦਾ ਰੁਖ਼ ਕੀਤਾ ਤਾਂ ਵੀ ਪੁਲਿਸ ਵੱਲੋਂ ਓਹਨਾ ਦਾ ਰਸਤਾ ਰੋਕੀ ਰੱਖਿਆ ਜਿਸ ਤੇ ਪੁਲਿਸ ਫੋਰਸਾਂ ਨਾਲ ਹਲਕੀਆਂ ਝੜਪਾਂ ਅਤੇ ਤਿੱਖੀ ਅਤੇ ਜਬਰਦਸਤ ਬਹਿਸਬਾਜ਼ੀ ਵੀ ਹੋਈ। ਆਗੂਆਂ ਦੱਸਿਆ ਕਿ ਕੱਲ੍ਹ ਇਸੇ ਵਿਸ਼ੇ ਤੇ ਐਸ ਐਸ ਪੀ ਅੰਮ੍ਰਿਤਸਰ ਨਾਲ ਚਰਚਾ ਹੋਈ ਅਤੇ ਉਹਨਾਂ ਵੱਲੋਂ ਸਿਕਊਰਿਟੀ ਥਰੇਟ ਦਾ ਹਵਾਲਾ ਦੇਣ ਤੇ ਅਸੀਂ ਸਾਫ਼ ਕਿਹਾ ਕਿ ਕਿਸਾਨ ਮਜਦੂਰ ਮੋਰਚਾ ਇੱਕ ਜਨਤਕ ਲਾਮਬੰਦੀ ਕਰਕੇ ਦੇਸ਼ ਦੇ ਹਿਤ ਵਿੱਚ ਸ਼ਾਂਤਮਈ ਸੰਘਰਸ਼ ਕਰਨ ਵਾਲਾ ਅਦਾਰਾ ਹੈ ਸੋ ਇਸ ਦੇ ਐਕਸ਼ਨ ਤੋਂ ਨੈਸ਼ਨਲ ਸਿਕਊਰਿਟੀ ਨੂੰ ਕੋਈ ਖਤਰਾ ਕਿਵੇਂ ਹੋ ਸਕਦਾ ਹੈ ਤਾਂ ਓਹਨਾ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਜਾਣਬੁੱਝ ਕੇ ਤਣਾਅ ਵਾਲਾ ਮਾਹੌਲ ਬਣਾ ਰਹੀ ਹੈ ਜਦਕਿ ਲੋਕਾਂ ਨੂੰ ਦਿਖਾਉਣ ਲਈ ਭਾਜਪਾ ਨਾਲ ਨੂਰਾ ਕੁਸ਼ਤੀ ਕੀਤੀ ਜਾ ਰਹੀ ਹੈ।

 ਉਹਨਾ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰ ਜਨਤਕ ਜਥੇਬੰਦੀਆਂ ਨੂੰ ਅੱਤਵਾਦੀ ਸੰਗਠਨਾਂ ਦੀ ਸ਼੍ਰੇਣੀ ਵਿੱਚ ਰੱਖਣ ਬਾਰੇ ਸੋਚ ਰਹੀਆਂ ਹਨ ਪਰ ਅਸੀਂ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਦੇ ਹੱਕ ਦੀ ਰਾਖੀ ਲਈ ਵਚਨਬੱਧ ਹਾਂ ਅਤੇ ਰਹਾਂਗੇ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਅਤੇ ਗੁਰਦੇਵ ਸਿੰਘ ਗੱਗੋਮਾਹਲ ਨੇ ਕਿਹਾ ਕਿ ਭਗਵੰਤ ਮਾਨ ਇਖ਼ਲਾਕੀ ਅਤੇ ਮਾਨਸਿਕ ਦੀਵਾਲੀਆਪਨ ਦਾ ਸ਼ਿਕਾਰ ਹੈ, ਕਿਉਕਿ ਉਸ ਕੋਲ ਨਾਂ ਤਾਂ ਕਿਸਾਨਾਂ ਮਜਦੂਰਾਂ ਦੇ ਸਵਾਲਾਂ ਦੇ ਜਵਾਬ ਹਨ ਅਤੇ ਨਾ ਹੀ ਉਹਨਾਂ ਦੇ ਮਸਲਿਆਂ ਦਾ ਕੋਈ ਠੋਸ ਹੱਲ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਹੀ ਪੰਜਾਬ ਸਰਕਾਰ ਕੋਲ ਸਿਰਫ ਮੀਡੀਆ ਨੂੰ ਹੱਥਠੋਕੇ ਵਾਂਗ ਵਰਤਣ ਦੀ ਜਾਚ ਹੈ, ਜਿਸ ਰਾਹੀਂ ਉਹ ਆਪਣੀ ਸਿਰੇ ਦੀ ਨਖਿਦ ਕਾਰਗੁਜਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਤਹਿਤ ਉਹ ਮਸ਼ਹੂਰੀਆਂ ਰਾਹੀਂ ਤਰ੍ਹਾਂ ਤਰ੍ਹਾਂ ਦੇ ਬਿਰਤਾਂਤ ਸਿਰਜ ਕੇ ਮਾਨਸਿਕ ਮਾਇਆਜਾਲ ਉਣਦੇ ਹਨ। ਇਸ ਮੌਕੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ ਅਤੇ ਬਲਵਿੰਦਰ ਸਿੰਘ ਰੁਮਾਣਾ ਚੱਕ ਨੇ ਕਿਹਾ ਜਿਸ ਤਰ੍ਹਾਂ ਪੁਲਿਸ ਬਲਾਂ ਦੀ ਦੁਰਵਰਤੋ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਇਸ਼ਾਰੇ ਤੇ ਪੰਜਾਬ ਵਿੱਚ ਦਮਨ ਚੱਕਰ ਚਲਾਉਣ ਲਈ ਕੀਤੀ ਜਾ ਰਹੀ ਹੈ ਇਸਤੋਂ ਇਹ ਵੀ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਸੋਚ ਗੈਰ ਸੰਵਿਧਾਨਿਕ ਅਤੇ ਗੈਰ ਲੋਕਤੰਤਰਿਕ ਤਰੀਕੇ ਨਾਲ ਪੰਜਾਬ ਨੂੰ ਦਬਾਉਣ ਦੀ ਹੈ ਪਰ ਪੰਜਾਬ ਅਜਿਹੇ ਹੀ ਧਾੜਵੀਆਂ ਨਾਲ ਜੂਝਣ ਵਾਲੇ ਲੋਕਾਂ ਦੇ ਖਿੱਤੇ ਲਈ ਜਾਣਿਆ ਜਾਂਦਾ ਹੈ। ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਅਜਿਹੇ ਧੱਕੇ ਅੱਗੇ ਅੜਨ ਅਤੇ ਲੜਨ ਦਾ ਹੈ, ਸੋ ਦਿੱਲੀ ਤੋਂ ਬੈਠ ਕੇ ਖੁਦ ਨੂੰ ਹਾਈ ਕਮਾਂਡ ਸਮਝ ਕੇ ਪੰਜਾਬ ਸਰਕਾਰ ਨੂੰ ਕਠਪੁਤਲੀ ਵਾਂਗ ਵਰਤ ਕੇ ਕੋਈ ਵੀ ਦਬਾਅ ਨਹੀਂ ਸਕਦਾ, ਸੋ ਪੰਜਾਬ ਸਰਕਾਰ ਨੂੰ ਹੋਸ਼ ਵਿੱਚ ਆਉਣਾ ਚਾਹੀਦਾ ਹੈ ਅਤੇ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਮਸਲੇ ਦਾ ਹੱਲ ਕਰਦੇ ਹੋਏ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਬੰਦ ਕਰਨੀ ਚਾਹੀਦੀ ਹੈ। ਆਗੂਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਜਦੋਂ ਤੱਕ ਕਿਸਾਨਾਂ ਮਜਦੂਰਾਂ ਦੇ ਮਸਲਿਆਂ ਨੂੰ ਲੈ ਕੇ ਸੁਹਿਰਦਤਾ ਨਹੀਂ ਦਿਖਾਈ ਜਾਂਦੀ ਓਦੋਂ ਤੱਕ ਜਦੋਂ ਜਦੋਂ ਵੀ ਮੁੱਖ ਮੰਤਰੀ ਆਪਣੇ ਸਿਆਸੀ ਦੌਰਿਆਂ ਤੇ ਆਉਣਗੇ ਤਾਂ ਕੇ ਐੱਮ ਐੱਮ ਦੀਆਂ ਜਥੇਬੰਦੀਆ ਵੱਲੋਂ ਓਹਨਾ ਨੂੰ ਲਗਾਤਾਰ ਸਵਾਲ ਕਰਨ ਦੇ ਐਲਾਨ ਅਨੁਸਾਰ ਇਹ ਪ੍ਰੋਗਰਾਮ ਕੀਤੇ ਜਾਂਦੇ ਰਹਿਣਗੇ। ਆਗੂਆਂ ਕਿਹਾ ਮੁੱਖ ਮੰਤਰੀ ਨੂੰ ਸਵਾਲਾਂ ਤੋਂ ਵਾਰ ਵਾਰ ਭਗੌੜੇ ਹੋਣ ਦੀ ਬਜ਼ਾਏ ਮਸਲੇ ਹੱਲ ਕਰਨ ਤੇ ਧਿਆਨ ਦੇਣ ਦੀ ਲੋੜ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.