ਰਾਸ਼ਟਰਵਾਦੀ, ਸਿਆਸੀ ਤੇ ਅਖੌਤੀ ਸਿੱਖਾਂ ਦਾ ਕੀ ਕਰੀਏ ?

ਰਾਸ਼ਟਰਵਾਦੀ, ਸਿਆਸੀ ਤੇ ਅਖੌਤੀ ਸਿੱਖਾਂ ਦਾ ਕੀ ਕਰੀਏ ?

ਹਿੰਦੁਸਤਾਨ ਦੀ ਹਕੂਮਤ ਨੇ ਕਿਹੜਾ ਜ਼ੁਲਮ ਹੈ ਜੋ ਸਿੱਖਾਂ ਉੱਤੇ ਨਹੀਂ ਕੀਤਾ। ਸਿੱਖਾਂ ਦਾ ਤਖ਼ਤ ਟੈਂਕਾਂ-ਤੋਪਾਂ ਦੇ ਗੋਲ਼ੇ ਮਾਰ ਕੇ ਢਾਹਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ, ਸ੍ਰੀ ਦਰਬਾਰ ਸਾਹਿਬ ਨੂੰ ਗੋਲ਼ੀਆਂ ਦੇ ਨਾਲ਼ ਛਲਣੀ-ਛਲਣੀ ਕੀਤਾ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਸਿੱਖਾਂ ਦੇ ਗਲ਼ਾਂ 'ਚ ਬਲ਼ਦੇ ਟਾਇਰ ਪਾਏ, ਸਿੱਖ ਬੀਬੀਆਂ ਦੀ ਪੱਤਾਂ ਰੋਲੀਆਂ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਸਿੱਖਾਂ ਦੀ ਰੱਜ ਕੇ ਨਸਲਕੁਸ਼ੀ ਕੀਤੀ, ਸਿੱਖਾਂ ਨੂੰ ਅੱਤਵਾਦੀ-ਦਹਿਸ਼ਤਗਰਦ ਆਖਿਆ, ਸੰਵਿਧਾਨ 'ਚ ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕੀਤੀ, ਪੰਜਾਬੀ ਬੋਲਦੇ ਇਲਾਕੇ ਖੋਹੇ, ਦਰਿਆਈ ਪਾਣੀ ਲੁੱਟੇ, ਡੈਮਾਂ ਦਾ ਕੰਟਰੋਲ ਖੋਹਿਆ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾਅ ਨਾ ਕੀਤੇ, ਸਿੱਖਾਂ ਦੇ ਧਰਮ ਉੱਤੇ ਸਿਧਾਂਤਕ ਹਮਲੇ ਕੀਤੇ ਪਰ ਇਸ ਦੇ ਬਾਵਜੂਦ ਵੀ ਬਥੇਰੇ ਸਿੱਖ ਨੇ ਜੋ ਹਿੰਦੁਸਤਾਨ ਜ਼ਿੰਦਾਬਾਦ, ਭਾਰਤ ਮਾਤਾ ਕੀ ਜੈ ਅਤੇ ਜੈ ਹਿੰਦ ਤੇ ਵੰਦੇ ਮਾਤਰਮ ਦੇ ਨਾਹਰੇ ਲਾਉਂਦੇ ਫਿਰਦੇ ਨੇ ਤੇ ਭਾਰਤ ਮਾਤਾ, ਤਿਰੰਗੇ ਝੰਡੇ ਤੇ ਭਾਰਤੀ ਸੰਵਿਧਾਨ ਨੂੰ ਮੱਥੇ ਟੇਕਦੇ ਨੇ।
ਇਹਨਾਂ ਰਾਸ਼ਟਰਵਾਦੀ, ਸਿਆਸੀ, ਭੇਖੀ ਤੇ ਅਖੌਤੀ ਸਿੱਖਾਂ ਨੂੰ ਐਨਾ ਦੁੱਖ ਕਦੇ ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਟੁੱਟਣ ਦਾ ਨਹੀਂ ਹੋਇਆ ਹੋਣਾ ਜਿੰਨਾ ਦੁੱਖ ਅਤੇ ਡਰ ਇਹਨਾਂ ਨੂੰ ਦੇਸ਼ ਟੁੱਟਣ ਦਾ ਲੱਗਾ ਰਹਿੰਦਾ ਹੈ। ਚੌਥੇ ਕੁ ਦਿਨ ਇਹ ਭੇਖੀ ਸਿੱਖ ਆਪਣੇ ਮੂੰਹ ਵਿੱਚ ਮਾਇਕ ਤੁੰਨ ਕੇ ਆਖਦੇ ਹਨ ਕਿ "ਅਸੀਂ ਦੇਸ਼ ਨਹੀਂ ਟੁੱਟਣ ਦਿਆਂਗੇ ਤੇ ਦੇਸ਼ ਲਈ ਜਾਨ ਵਾਰ ਦਿਆਂਗੇ।" ਇਹ ਸਭ ਵੇਖ ਕੇ ਸਮਝ ਹੀ ਨਹੀਂ ਆਉਂਦੀ ਕਿ ਅਜਿਹੇ ਸਿੱਖ ਕਿਸ ਬਿਰਤੀ ਦੇ ਮਾਲਕ ਨੇ ਇਹਨਾਂ ਵਿੱਚ ਕੋਈ ਸਿੱਖੀ ਵਾਲ਼ਾ ਕਿਣਕਾ ਦਿਸਦਾ ਹੀ ਨਹੀਂ, ਇਹ ਕਲਗੀਧਰ ਦੇ ਪੁੱਤ ਬਣਨ ਦੀ ਥਾਂ ਭਾਰਤ ਮਾਤਾ ਕੇ ਮਾਲ ਬਣੀ ਫਿਰਦੇ ਨੇ ਤੇ ਉਸ ਦਿੱਲੀ ਸਰਕਾਰ ਅਤੇ ਹਿੰਦੂ ਹਾਕਮਾਂ ਦੇ ਤਲਵੇ ਚੱਟਦੇ ਫਿਰਦੇ ਨੇ ਜਿਹੜੇ ਹਰ ਰੋਜ਼ ਸਿੱਖਾਂ ਨੂੰ ਜ਼ਲੀਲ ਕਰਦੇ ਨੇ, ਸਿੱਖਾਂ ਦੇ ਉੱਤੇ ਨਵੇਂ ਤੋਂ ਨਵੇਂ ਕਾਲ਼ੇ ਕਾਨੂੰਨ ਲਾਗੂ ਕਰਕੇ ਗ਼ੁਲਾਮੀ ਦੀਆਂ ਜ਼ੰਜੀਰਾਂ ਪੱਕੀਆਂ ਕਰਦੇ ਨੇ, ਸਿੱਖਾਂ ਨਾਲ਼ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਲਗਾਤਾਰ ਜਾਰੀ ਹੈ‌। ਭਾਰਤ ਇਹਨਾਂ ਦੀ ਜਾਨ ਲੈਣ ਨੂੰ ਫਿਰਦਾ ਹੈ ਤੇ ਇਹ ਭਾਰਤ ਤੋਂ ਜਾਨ ਵਾਰਨ ਨੂੰ ਫਿਰਦੇ ਨੇ।
ਅਣਖੀਲੇ ਸਿੱਖਾਂ ਤੇ ਆਮ ਸਿੱਖਾਂ ਨੂੰ ਤਾਂ ਢੱਠਾ ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲਦਾ ਨਹੀਂ ਪਰ ਕੁਝ ਭੇਖੀ ਸਿੱਖਾਂ ਨੂੰ ਇਸ ਵਿੱਚ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਜੁਝਾਰੂ ਸਿੰਘਾਂ ਦਾ ਹੀ ਕਸੂਰ ਨਜ਼ਰ ਆਉਂਦਾ ਹੈ। ਇਹ ਭਾਰਤ ਸਰਕਾਰ ਅਤੇ ਭਾਰਤੀ ਫ਼ੌਜ ਨੂੰ ਦੋਸ਼ੀ ਘੱਟ ਤੇ ਆਪਣੀ ਹੀ ਕੌਮ ਨੂੰ ਦੋਸ਼ੀ ਕਹੀ ਜਾਣਗੇ। ਭਾਰਤੀ ਹਕੂਮਤ ਹਰ ਰੋਜ਼ ਸਿੱਖਾਂ ਨੂੰ ਪੀੜ ਅਤੇ ਸੰਤਾਪ ਦਿੰਦੀ ਹੈ ਪਰ ਮਜ਼ਾਲ ਹੈ ਕਿ ਇਨ੍ਹਾਂ ਸਿੱਖਾਂ ਦੀ ਕਦੇ ਅਣਖ਼ ਜਾਗੀ ਹੋਵੇ, ਇਹ ਫਿਰ ਵੀ ਸਰਕਾਰ ਦੀ ਜੀ-ਹਜ਼ੂਰੀ ਕਰਨੋਂ ਨਹੀਂ ਟਲਦੇ ਤੇ ਆਪਣੀ ਛੋਟੀ ਤੋਂ ਛੋਟੀ ਮੰਗ ਮਨਵਾਉਣ ਲਈ ਸਰਕਾਰਾਂ ਦੇ ਤਰਲੇ-ਮਿੰਨਤਾਂ ਕਰਦੇ ਰਹਿੰਦੇ ਨੇ।
ਜੇ ਇਹਨਾਂ ਨੂੰ ਭਰਮਾਉਣ ਦੇ ਲਈ ਕੋਈ ਹਿੰਦੂ ਆਗੂ ਇਹਨਾਂ ਦੀ ਥੋੜੀ ਜਿਹੀ ਕੋਈ ਸਿਫ਼ਤ ਕਰ ਜਾਵੇ ਤਾਂ ਇਹ ਐਨੇ ਚਾਂਭਲ ਜਾਂਦੇ ਨੇ ਕਿ ਉਸ ਨੂੰ ਮਹਾਨ ਰਹਿਬਰ ਬਣਾ ਕੇ ਪੇਸ਼ ਕਰਨਗੇ ਜਿਵੇਂ ਸਿੱਖੀ ਇਹਨਾਂ ਦੇ ਰਹਿਮੋ-ਕਰਮ 'ਤੇ ਹੀ ਹੋਵੇ। ਇਹ ਉਹ ਭੇਖੀ ਸਿੱਖ ਹਨ ਜਿਹੜੇ ਆਪਣੇ ਆਪ ਨੂੰ ਕੇਸਾਧਾਰੀ ਹਿੰਦੂ ਵੀ ਅਖਵਾਈ ਜਾਂਦੇ ਹਨ ਤੇ ਸਰਕਾਰਾਂ ਦੀਆਂ ਜੁੱਤੀਆਂ ਚੱਟਣ ਦੇ ਆਦੀ ਹੋ ਚੁੱਕੇ ਨੇ, ਇਹਨਾਂ ਦਾ ਕੋਈ ਇਲਾਜ ਨਹੀਂ ਹੈ। ਭਾਰਤੀ ਹਿੰਦੂਤਵੀਆਂ ਤੋਂ ਸਿਰ ਵਿੱਚ ਜੁੱਤੀਆਂ ਖਾਣ ਅਤੇ ਮੁੜ ਉਹਨਾਂ ਦੀਆਂ ਹੀ ਜੁੱਤੀਆਂ ਚੱਟਣਾ ਹੁਣ ਇਹਨਾਂ ਦਾ ਸੁਭਾਅ ਬਣ ਚੁੱਕਾ ਹੈ। ਇਹ ਬੀਜੇਪੀ, ਕਾਂਗਰਸ, ਬਾਦਲ ਦਲ ਤੇ ਝਾੜੂ ਪਾਰਟੀ ਵਿੱਚ ਬਹਿ ਕੇ ਪੰਥਕ ਸਿੱਖਾਂ ਅਤੇ ਪੰਥਕ ਜਥੇਬੰਦੀਆਂ ਨੂੰ ਚਿੜਾਉਂਦੇ ਰਹਿੰਦੇ ਨੇ। ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਪੰਥਕ ਸਿੱਖ ਤਾਂ ਭਾਰਤੀ ਜ਼ੁਲਮ ਵਿਰੁੱਧ ਲੜ ਲੈਣਗੇ ਪਰ ਤੁਹਾਡੇ ਰਾਸ਼ਟਰੀ ਅਤੇ ਭੇਖੀ ਸਿੱਖਾਂ ਦੇ ਗਲ਼ ਵਿੱਚ ਪਿਆ ਬਲ਼ਦਾ ਟਾਇਰ ਵੀ ਤੁਹਾਨੂੰ ਲਾਹਣਤਾਂ ਪਾਵੇਗਾ ਤੇ ਓਦੋਂ ਤੁਹਾਡੇ ਮੂੰਹ ਤੋਂ ਆਪ ਮੁਹਾਰੇ ਹੀ 'ਖ਼ਾਲਿਸਤਾਨ ਜ਼ਿੰਦਾਬਾਦ' ਨਿਕਲੇਗਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: +918872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.