ਭਾਈ ਖਾਲੜਾ ਦੀ ਫਿਲਮ ਨੇ ਭਾਰਤੀ ਲੋਕਤੰਤਰ ਨੂੰ ਨੰਗਾ ਕੀਤਾ : ਭਾਈ ਗੁਰਪ੍ਰੀਤ ਸਿੰਘ

ਭਾਈ ਖਾਲੜਾ ਦੀ ਫਿਲਮ ਨੇ ਭਾਰਤੀ ਲੋਕਤੰਤਰ ਨੂੰ ਨੰਗਾ ਕੀਤਾ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 10 ਜੁਲਾਈ (ਚਰਨਜੀਤ ਸਿੰਘ): ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਬਣਾਈ ਫ਼ਿਲਮ ਜੋ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਨੂੰ ਬਾਖ਼ੂਬੀ ਬਿਆਨ ਕਰਦੀ ਸੀ ਕਿ ਕਿਵੇਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਬੁੱਚੜ ਪੁਲੀਸ ਅਫ਼ਸਰਾਂ ਨੇ ਸਿੱਖ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਸੀ। ਘਰਾਂ, ਖੇਤਾਂ ਤੇ ਦੁਕਾਨਾਂ ਵਿੱਚੋਂ ਚੁੱਕ ਕੇ ਹਜ਼ਾਰਾਂ ਨੌਜਵਾਨ ਲਾਪਤਾ ਕਰ ਦਿੱਤੇ ਤੇ ਲਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਸਨ। ਲੰਬੇ ਇੰਤਜ਼ਾਰ ਤੋਂ ਬਾਅਦ ਫ਼ਿਲਮ 'ਪੰਜਾਬ 95' ਜੋ 'ਸਤਲੁਜ' ਦੇ ਨਾਂ 'ਤੇ ਓਟੀਟੀ 'ਤੇ ਜਾਰੀ ਹੋਈ ਸੀ ਤੇ ਦੋ ਦਿਨ ਬਾਅਦ ਹੀ ਭਾਜਪਾ ਸਰਕਾਰ ਵੱਲੋਂ ਹਟਾ ਦਿੱਤੀ ਗਈ ਤਾਂ ਜੋ ਸਿੱਖ ਕੌਮ ਉੱਤੇ ਹੋਏ ਜ਼ੁਲਮਾਂ ਦੀ ਆਵਾਜ਼ ਨੂੰ ਦਬਾਇਆ ਜਾਏ। ਭਾਈ ਖਾਲੜਾ ਦੀ ਫ਼ਿਲਮ 'ਤੇ ਲੱਗੀ ਮੁੜ ਪਾਬੰਦੀ ਉੱਤੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਵਿਰੋਧੀ ਨੀਤੀਆਂ ਇੱਕੋ ਜਿਹੀਆਂ ਹਨ। ਕਾਂਗਰਸ ਵੱਲੋਂ ਕੀਤੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਵੀ ਨਹੀਂ ਵਿਖਾਉਣਾ ਚਾਹੁੰਦੀ। ਭਾਰਤ ਆਪਣੇ ਆਪ ਨੂੰ ਮਨੁੱਖੀ ਹੱਕਾਂ ਦਾ ਅਲੰਬਰਦਾਰ, ਸਭ ਤੋਂ ਵੱਡਾ ਲੋਕਤੰਤਰ ਤੇ ਧਰਮ ਨਿਰਪੱਖ ਅਖਵਾਉਂਦਾ ਹੈ ਪਰ ਇਹ ਸਭ ਢਕਵੰਜ ਹੈ ਤੇ ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟ-ਗਿਣਤੀ ਕੌਮਾਂ ਦੀ ਆਵਾਜ਼ ਨੂੰ ਇੱਥੇ ਦਬਾਇਆ ਜਾਂਦਾ ਹੈ ਤੇ ਉਹਨਾਂ ਉੱਤੇ ਘੱਲੂਘਾਰੇ ਤੇ ਨਸਲਕੁਸ਼ੀ ਵਰਤਾਈ ਜਾਂਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.