ਘਲੂਘਾਰਾ ਚੌਰਾਸੀ ਦੀ ਬਰਸੀ ਬਾਰੇ ਜਥੇਦਾਰ ਦੇ ਸੰਦੇਸ਼ ਦੇ ਮਾਇਨੇ ਅਤੇ ਵੱਡੇ ਸਵਾਲ -ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਘਲੂਘਾਰਾ ਚੌਰਾਸੀ ਦੀ ਬਰਸੀ ਬਾਰੇ ਜਥੇਦਾਰ ਦੇ ਸੰਦੇਸ਼ ਦੇ ਮਾਇਨੇ ਅਤੇ ਵੱਡੇ ਸਵਾਲ -ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਘਲੂਘਾਰਾ ਚੌਰਾਸੀ ਦੀ ਬਰਸੀ ਬਾਰੇ ਜਥੇਦਾਰ ਦੇ ਸੰਦੇਸ਼ ਦੇ ਮਾਇਨੇ ਅਤੇ ਵੱਡੇ ਸਵਾਲ 

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ 

​ਜੂਨ 1984 ਦਾ ਘੱਲੂਘਾਰਾ ਸਿੱਖ ਮਾਨਸਿਕਤਾ ’ਤੇ ਇੱਕ ਅਜਿਹਾ ਡੂੰਘਾ ਜ਼ਖ਼ਮ ਹੈ, ਜਿਸ ਦੀ ਪੀੜ ਹਰ ਸਾਲ ਜੂਨ ਮਹੀਨੇ ਆਉਂਦਿਆਂ ਹੀ ਨਾਸੂਰ ਬਣ ਕੇ ਵਹਿਣ ਲੱਗਦੀ ਹੈ। ਇਸ ਇਤਿਹਾਸਕ ਤੇ ਰੂਹਾਨੀ ਸੰਕਟ ਦੇ ਦਿਹਾੜੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਂ ਦਿੱਤਾ ਸੰਦੇਸ਼ ਮਹਿਜ਼ ਰਸਮੀ ਬਿਆਨਬਾਜ਼ੀ ਨਹੀਂ, ਸਗੋਂ ਭਟਕ ਰਹੀ ਕੌਮੀ ਬੇੜੀ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਇੱਕ ਚਾਨਣ-ਮੁਨਾਰਾ ਪ੍ਰਤੀਤ ਹੁੰਦਾ ਹੈ। ਉਨ੍ਹਾਂ ਦੇ ਸੰਦੇਸ਼ ਦੇ ਦੋ ਨੁਕਤੇ ਰਹਿ ਚੁਕੇ ਸਾਬਕਾ ਜਥੇਦਾਰਾਂ ਦੇ ਰਵਾਇਤੀ ਵਿਚਾਰਾਂ ਨਾਲੋਂ ਵੱਖਰੀ ਤੇ ਬੇਹੱਦ ਪ੍ਰਭਾਵਸ਼ਾਲੀ ਲਕੀਰ ਖਿੱਚਦੇ ਹਨ, ਜਿਨ੍ਹਾਂ ’ਤੇ ਗੰਭੀਰ ਚਿੰਤਨ ਦੀ ਲੋੜ ਹੈ।

ਮੂਲ ਵੱਲ ਪਰਤਣ ਦਾ ਹੋਕਾ: ‘ਗੁਰੂ ਗ੍ਰੰਥ ਅਤੇ ਗੁਰੂ ਪੰਥ’

​ਜਥੇਦਾਰ ਗੜਗੱਜ ਜੀ ਨੇ ਕੌਮ ਨੂੰ ਆਪਣੇ ਮੂਲ—‘ਗੁਰੂ ਗ੍ਰੰਥ ਅਤੇ ਗੁਰੂ ਪੰਥ’—ਨਾਲ ਜੁੜਨ ਦੀ ਅਪੀਲ ਕੀਤੀ ਹੈ। ਅੱਜ ਜਦੋਂ ਸਿੱਖ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਸ਼ਖ਼ਸੀਅਤ ਪੂਜਾ, ਕਰਮਕਾਂਡ , ਡੇਰਾਵਾਦ,ਧੜੇਬੰਦੀਆਂ ਅਤੇ ਅੰਦਰੂਨੀ ਕਾਟੋ-ਕਲੇਸ਼ ਦੀ ਦਲਦਲ ਵਿੱਚ ਧਸ ਚੁੱਕੀਆਂ ਹਨ, ਉੱਥੇ ਇਹ ਸੰਦੇਸ਼ ਇੱਕ ‘ਜਗਾਉਣ ਵਾਲੀ ਹੂਕ’ ਵਾਂਗ ਹੈ। ਇਹ ਅਪੀਲ ਯਾਦ ਦਿਵਾਉਂਦੀ ਹੈ ਕਿ ਜਦੋਂ ਤੱਕ ਸਿੱਖ ਕੌਮ ਸੰਸਥਾਗਤ ਤੌਰ ’ਤੇ ‘ਪੰਥਕ ਸਿਧਾਂਤ’ ਅਤੇ ਰੂਹਾਨੀ ਤੌਰ ’ਤੇ ‘ਗੁਰਬਾਣੀ ਦੇ ਫ਼ਲਸਫ਼ੇ’ ਨੂੰ ਆਪਣਾ ਧੁਰਾ ਨਹੀਂ ਬਣਾਉਂਦੀ, ਉਦੋਂ ਤੱਕ ਅੰਦਰੂਨੀ ਨਿਘਾਰ ਨੂੰ ਠੱਲ੍ਹ ਪਾਉਣਾ ਅਸੰਭਵ ਹੈ। ਇਹ ਰਵਾਇਤੀ ਸਿਆਸੀ ਕੂੜ ਪਸਾਰੇ ਤੋਂ ਉੱਪਰ ਉੱਠ ਕੇ ਕੌਮ ਨੂੰ ਆਪਣੇ ਅਸਲ ਵਿਰਸੇ ਦੀ ਸੰਭਾਲ ਵੱਲ ਮੋੜਨ ਦਾ ਸਾਰਥਕ ਯਤਨ ਹੈ।

ਪੰਜਾਬ ਸਾਡਾ ਹੋਮਲੈਂਡ: ਹਿਜਰਤ ਦੇ ਦੌਰ ’ਚ ਸੁਚੇਤ ਪਹੁੰਚ

​ਦੂਜਾ ਅਤੇ ਸਭ ਤੋਂ ਅਹਿਮ ਨੁਕਤਾ ਹੈ—ਨਵੀਂ ਪੀੜ੍ਹੀ ਨੂੰ ਆਪਣੇ ਹੋਮਲੈਂਡ (ਪੰਜਾਬ) ਦੀ ਮਿੱਟੀ ਨਾਲ ਜੋੜ ਕੇ ਰੱਖਣਾ। ਅੱਜ ਪੰਜਾਬ ਦਾ ਗੱਭਰੂ ਅਤੇ ਮੁਟਿਆਰ ‘ਰੋਜ਼ੀ-ਰੋਟੀ ਅਤੇ ਸੁਰੱਖਿਅਤ ਭਵਿੱਖ’ ਦੀ ਭਾਲ ਵਿੱਚ ਹਜ਼ਾਰਾਂ ਮੀਲ ਦੂਰ ਪਰਦੇਸਾਂ ਵੱਲ ਉਡਾਰੀ ਮਾਰ ਰਹੇ ਹਨ। ਪੰਜਾਬ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਬਜ਼ੁਰਗ ਘਰਾਂ ਦੀਆਂ ਬਰੂਹਾਂ ’ਤੇ ਬੈਠੇ ਝੂਰ ਰਹੇ ਹਨ। ਅਜਿਹੇ ਨਾਜ਼ੁਕ ਮੋੜ ’ਤੇ, ਆਪਣੀਆਂ ਜੜ੍ਹਾਂ (ਪੰਜਾਬ) ਨਾਲ ਜੁੜੇ ਰਹਿਣ ਦਾ ਸੱਦਾ ਦੇਣਾ ਕੋਈ ਆਮ ਗੱਲ ਨਹੀਂ। ਜਥੇਦਾਰ ਨੇ ਬੜੀ ਬਾਰੀਕੀ ਨਾਲ ਸਮਝਿਆ ਹੈ ਕਿ ਜੇਕਰ ਨਵੀਂ ਪੀੜ੍ਹੀ ਆਪਣੀ ਮਿੱਟੀ, ਬੋਲੀ ਅਤੇ ਇਤਿਹਾਸ ਤੋਂ ਟੁੱਟ ਗਈ, ਤਾਂ ਬਾਹਰਲੇ ਮੁਲਕਾਂ ਦੀ ਚਮਕ-ਦਮਕ ਵਿੱਚ ਕੌਮੀ ਪਛਾਣ ਦਾ ਗੁਆਚ ਜਾਣਾ ਲਾਜ਼ਮੀ ਹੈ।

ਜਥੇਦਾਰ ਜੀ ਦੀ ਜ਼ਿੰਮੇਵਾਰੀ 
​ਸੁਆਲ ਵਡਾ ਇਹ ਹੈ: ਕੀ ਹੁਣ ਅਮਲੀ ਕਦਮ ਚੁੱਕੇ ਜਾਣਗੇ?
​ਜਥੇਦਾਰ ਦੇ ਬੋਲ ਨਿਰਸੰਦੇਹ ਕੀਮਤੀ ਹਨ, ਪਰ ਸਭ ਤੋਂ ਵੱਡਾ ਅਤੇ ਯੱਖ ਕਰ ਦੇਣ ਵਾਲਾ ਸਵਾਲ ਇਹ ਹੈ ਕਿ ਕੀ ਇਹ ਵਿਚਾਰ ਸਿਰਫ਼ ਸਟੇਜਾਂ ਦੀ ਜ਼ੀਨਤ ਬਣ ਕੇ ਰਹਿ ਜਾਣਗੇ ਜਾਂ ਫਿਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਈ ਠੋਸ ਵਿਉਂਤਬੰਦੀ ਕੀਤੀ ਜਾਵੇਗੀ?
​ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਕੀ ਜਥੇਦਾਰ ਸਾਹਿਬ ਵਿਸ਼ਵ ਪੱਧਰ ਦੀ ਕੋਈ ਅਜਿਹੀ ਸਰਵ-ਉੱਚ ਸੰਸਥਾ ਜਾਂ ਨਿਊਕਲੀਅਸ ਤਿਆਰ ਕਰਨਗੇ, ਜੋ:
​ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਉਪਦੇਸ਼ ਨੂੰ ਆਧੁਨਿਕ ਤਕਨਾਲੋਜੀ ਅਤੇ ਵਿਗਿਆਨਕ ਭਾਸ਼ਾ ਰਾਹੀਂ ਕੌਮਾਂਤਰੀ ਪੱਧਰ ’ਤੇ ਪ੍ਰਚਾਰਨ ਅਤੇ ਪ੍ਰਸਾਰਨ ਦਾ ਜ਼ਿੰਮਾ ਲਵੇ?
​ਸਿੱਖ ਕਿਰਦਾਰ ਨੂੰ ਮੁੜ ਉਨ੍ਹਾਂ ਬੁਲੰਦੀਆਂ ’ਤੇ ਲੈ ਕੇ ਜਾਵੇ, ਜਿੱਥੇ ਕਦੇ ਸਿੱਖ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ ਸੀ ਹੁੰਦਾ, ਅਤੇ ਦੁਸ਼ਮਣ ਵੀ ਸਿੱਖ ਦੇ ਉੱਚ-ਆਚਰਣ ਤੋ ਹੈਰਾਨ ਹੁੰਦੇ ਸਨ?
​ਸੰਦੇਸ਼ ਵਧੀਆ ਹੈ, ਪਰ ਸਿੱਖ ਜਗਤ ਹੁਣ ਸਿਰਫ਼ ਜਜ਼ਬਾਤੀ ਤਕਰੀਰਾਂ ਨਾਲ ਕੁਛ ਹੋਣ ਵਾਲਾ ਨਹੀਂ ਹੈ। ਜੇਕਰ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇੱਕ ਗਲੋਬਲ ਸੰਸਥਾ ਖੜ੍ਹੀ ਕੀਤੀ ਜਾਵੇ—ਜੋ ਸਿਆਸਤ ਤੋਂ ਮੁਕਤ ਹੋਵੇ, ਜਿਸ ਵਿੱਚ ਵਿਦਵਾਨ, ਚਿੰਤਕ ਅਤੇ ਦੂਰਅੰਦੇਸ਼ ਲੋਕ ਸ਼ਾਮਲ ਹੋਣ—ਤਾਂ ਹੀ 84 ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਹੁਣ ਗੇਂਦ ਜਥੇਦਾਰ ਅਤੇ ਪੰਥਕ ਲੀਡਰਸ਼ਿਪ ਦੇ ਪਾਲ਼ੇ ਵਿੱਚ ਹੈ ਕਿ ਉਹ ਇਨ੍ਹਾਂ ਨੁਕਤਿਆਂ ਨੂੰ ਹਵਾ ਵਿੱਚ ਉੱਡਣ ਦਿੰਦੇ ਹਨ ਜਾਂ ਫਿਰ ਕੌਮ ਦੇ ਸੁਨਹਿਰੀ ਭਵਿੱਖ ਦੀ ਕੋਈ ਪੀਡੀ ਨੀਂਹ ਰੱਖਦੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.