ਸੰਤ ਭਿੰਡਰਾਂਵਾਲ਼ਿਆਂ ਦਾ ਇੰਝ ਹੋਇਆ ਅੰਤਿਮ ਸਸਕਾਰ

ਸੰਤ ਭਿੰਡਰਾਂਵਾਲ਼ਿਆਂ ਦਾ ਇੰਝ ਹੋਇਆ ਅੰਤਿਮ ਸਸਕਾਰ

ਸੰਤ ਭਿੰਡਰਾਂਵਾਲ਼ਿਆਂ ਦਾ ਇੰਝ ਹੋਇਆ ਅੰਤਿਮ ਸਸਕਾਰ 

ਜੂਨ 1984 ਦੇ ਘੱਲੂਘਾਰੇ ’ਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਤੇ ਬਾਬਾ ਠਾਹਰਾ ਸਿੰਘ ਦੀ ਕਮਾਂਡ ਹੇਠ ਜੁਝਾਰੂ ਸਿੰਘ ਏਨੀ ਬਹਾਦਰੀ ਨਾਲ਼ ਲੜੇ ਕਿ ਭਾਰਤੀ ਫ਼ੌਜਾਂ ਦੇ ਜਰਨੈਲ ਅੱਸ਼-ਅੱਸ਼ ਕਰ ਉੱਠੇ, ਉਹਨਾਂ ਦੇ ਪਸੀਨੇ ਛੁੱਟ ਗਏ, ਧਰਤੀ ਹਿੱਲ ਗਈ ਤੇ ਮੂੰਹ ’ਤੇ ਉਂਗਲਾ ਧਰੀਆਂ ਰਹਿ ਗਈਆਂ ਕਿ ਆਹ ਕੀ ਹੋ ਗਿਆ। ਆਖ਼ਰ ਭਾਰਤੀ ਫ਼ੌਜ ਨੇ ਖ਼ਾਲਸਾ ਫ਼ੌਜਾਂ ਹੱਥੋਂ ਆਪਣੀ ਹਾਰ ਹੁੰਦੀ ਵੇਖ ਕੇ ਟੈਂਕ ਮੰਗਵਾਏ। ਤੇ ਏੱਧਰ ਆਪਣੇ ਜਾਨੋਂ ਪਿਆਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਲਈ ਸਿੰਘ-ਸੂਰਮੇ ਆਖ਼ਰੀ ਸਾਹ ਤੇ ਆਖ਼ਰੀ ਗੋਲ਼ੀ ਤਕ ਜੂਝ ਕੇ ਚਮਕੌਰ ਦੀ ਗੜ੍ਹੀ ਵਾਲ਼ਾ ਸ਼ਾਨਾਮੱਤਾ ਇਤਿਹਾਸ ਦੁਹਰਾਅ ਗਏ। ਦੂਜੇ ਪਾਸੇ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਵਿਰਸਾ ਸਿੰਘ ਵਲਟੋਹਾ ਆਦਿਕ ਬਾਂਹਾਂ ਖੜ੍ਹੀਆਂ ਕਰ ਗਏ, ਸ਼ਹੀਦਾਂ ਦੀਆਂ ਲਾਸ਼ਾਂ ’ਤੇ ਪੈਰ ਰੱਖ ਕੇ ਫ਼ੌਜ ਦੀਆਂ ਗੱਡੀਆਂ ’ਚ ਬੀਬੇ ਪੁੱਤ ਬਣ ਕੇ ਬਹਿ ਗਏ ਤੇ ਧਰਮ ਯੁੱਧ ਮੋਰਚੇ ਤੋਂ ਖਹਿੜਾ ਛੁਡਾ ਕੇ ਜੇਲ੍ਹਾਂ ’ਚ ਸੁਰੱਖਿਅਤ ਪਹੁੰਚ ਗਏ। ਸੰਤ ਜਰਨੈਲ ਸਿੰਘ ਨੇ ਸਦੀਵੀ ਤੌਰ ’ਤੇ ਕੌਮ ਦਾ ਪਿਆਰ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਕਲੰਕ ਖੱਟ ਲਿਆ। ਅੱਜ ਹਰਚੰਦ ਸਿਹੁੰ ਲੌਂਗੋਵਾਲ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਹੈ, ਉਸ ਨੇ ਰਾਜੀਵ-ਲੌਂਗੌਵਾਲ ਸਮਝੌਤਾ ਕਰਕੇ ਖ਼ੁਦ ਹੀ ਮੌਤ ਨੂੰ ਸਹੇੜ ਲਿਆ ਸੀ ਤੇ ਸੰਤ ਜਰਨੈਲ ਸਿੰਘ ਦਾ ਨਾਂ ਪੂਰੀ ਦੁਨੀਆਂ ’ਚ ਚਮਕ ਰਿਹਾ ਹੈ। ਸੰਤ ਭਿੰਡਰਾਂਵਾਲੇ ਆਪ ਨਹੀਂ ਸਨ ਵਿਕੇ, ਤਾਂ ਹੀ ਅੱਜ ਉਹਨਾਂ ਦੀਆਂ ਤਸਵੀਰਾਂ ਵਿਕ ਰਹੀਆਂ ਹਨ। ਸੰਤ ਭਿੰਡਰਾਂਵਾਲ਼ਿਆਂ ਦੀ ਯਾਦ ’ਚ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ ਅਤੇ ਸ਼ਹੀਦੀ ਗੈਲਰੀ ਤੇ ਕੇਂਦਰੀ ਸਿੱਖ ਅਜਾਇਬ ਘਰ ’ਚ ਸੰਤਾਂ ਦੀ ਤਸਵੀਰ ਵੀ ਸਥਾਪਿਤ ਹੋ ਚੁੱਕੀ ਹੈ। ਸੰਤਾਂ ਦੀ ਇਹ ਅਰਦਾਸ ਪ੍ਰਵਾਨ ਹੋਈ ਕਿ “ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਧਰਮ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਕੌਮ ਦੀ ਅਣਖ਼ ਜਗਾਉਣ ਵਾਸਤੇ ਕੁਰਬਾਨੀ ਕੀਤੀ ਸੀ, ਮੇਰੀ ਵੀ ਸਤਿਗੁਰਾਂ ਅੱਗੇ ਇਹ ਹੀ ਮੰਗ ਹੈ, ਸੱਚੇ ਪਾਤਸ਼ਾਹ ਕੌਮ ਨੂੰ ਬਲ ਬਖ਼ਸ਼ਣ।”
ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸ਼ਹੀਦੀ ਦੇਹ ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਸੰਤਾਂ ਦੇ ਸਰੀਰ ’ਤੇ 14 ਗੋਲ਼ੀਆਂ ਲੱਗੀਆਂ। ਦੋ ਗੋਲ਼ੀਆਂ ਉਹਨਾਂ ਦੀ ਛਾਤੀ ’ਚ, ਇੱਕ ਡੌਲ਼ੇ ’ਚ, ਸੱਤ ਸਿਰ ਦੇ ਇੱਕ ਪਾਸੇ, ਇੱਕ ਪਿੰਨੀ ’ਚ ਤੇ ਤਿੰਨ ਪੈਰਾਂ ’ਚ ਵੱਜੀਆਂ। ਉਹਨਾਂ ਦਾ ਸਸਕਾਰ 8 ਜੂਨ ਨੂੰ ਸਵੇਰੇ ਦਸ ਵਜੇ ਦੇ ਕਰੀਬ ਭਾਰਤੀ ਫ਼ੌਜ ਅਤੇ ਪੁਲੀਸ ਦੀ ਨਿਗਰਾਨੀ ’ਚ ਸ੍ਰੀ ਅੰਮ੍ਰਿਤਸਰ ਵਿਖੇ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਨੇੜੇ ਸ਼ਮਸ਼ਾਨ ਘਾਟ ਵਿੱਚ ਹੋਇਆ। ਇਹ ਸਾਰਾ ਦ੍ਰਿਸ਼ ਬਾਬਾ ਬੁੱਧ ਸਿੰਘ ਨੇ ਕੰਧ ਵਿਚਲੇ ਸੁਰਾਖ਼ ਰਾਹੀਂ ਅੱਖੀਂ ਵੇਖਿਆ ਜੋ ਸ਼ਮਸ਼ਾਨ ਘਾਟ ਦੇ ਨੇੜੇ ਹੀ ਹਵੇਲੀ ਰਾਂਝੇ ਵਾਲ਼ੀ ’ਚ ਰਹਿੰਦੇ ਸਨ ਤੇ ਉਸ ਸਮੇਂ ਉਹ ਸ਼ਮਸ਼ਾਨ ਘਾਟ ਦੇ ਨਾਲ਼ ਲੱਗਦੇ ਮੱਲ ਅਖਾੜੇ ਵਿੱਚ ਮੌਜੂਦ ਸਨ। ਮੜ੍ਹੀਆਂ ਵਿਚਲੇ ਦੋ ਮੁਲਾਜ਼ਮਾਂ ਗੰਗਾ ਰਾਮ ਅਤੇ ਬਾਊ ਰਾਮ ਨੇ ਗੱਡੀ ਵਿੱਚ ਹੀ ਸੰਤਾਂ ਦਾ ਇਸ਼ਨਾਨ ਕਰਵਾਇਆ, ਫ਼ੌਜ ਦੀ ਗੱਡੀ ਭੇਜ ਕੇ ਨੇੜਲੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਗ੍ਰੰਥੀ ਮਨਜੀਤ ਸਿੰਘ ਨੂੰ ਅਰਦਾਸ ਲਈ ਲਿਆਂਦਾ ਗਿਆ। ਡੀ.ਐੱਸ.ਪੀ. ਅਪਾਰ ਸਿੰਘ ਬਾਜਵਾ ਅਤੇ ਐੱਸ.ਪੀ. ਸੀਤਲ ਦਾਸ ਨੇ ਸੰਤਾਂ ਦਾ ਸਸਕਾਰ ਸਿੱਖ ਮਰਯਾਦਾ ਅਨੁਸਾਰ ਕਰਨ ’ਤੇ ਜ਼ੋਰ ਦਿੱਤਾ। ਥਾਣਾ ਬੀ-ਡਵੀਜ਼ਨ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਅਤੇ ਇੰਸਪੈਕਟਰ ਨਿਰਮਲ ਸਿੰਘ ਵੀ ਓਥੇ ਮੌਜੂਦ ਸਨ। ਥਾਣਾ ਬੀ-ਡਵੀਜ਼ਨ ਦੇ ਪੁਲੀਸ ਮੁਲਾਜ਼ਮ ਚਿੰਮਾ ਭਲਵਾਨ ਨੂੰ ਘਿਓ ਅਤੇ ਕੱਫ਼ਨ ਲਿਆਉਣ ਲਈ ਆਖਿਆ ਗਿਆ ਪਰ ਕਰਫ਼ਿਊ ਕਾਰਨ ਦੁਕਾਨਾਂ ਬੰਦ ਸਨ। ਫਿਰ ਇੱਕ ਜਾਣਕਾਰ ਅਵਤਾਰ ਸਿੰਘ ਤਾਰੀ (ਸੁਲਤਾਨਵਿੰਡ) ਦੇ ਘਰੋਂ ਘਿਓ ਲਿਆਂਦਾ ਗਿਆ। ਗੰਗਾ ਰਾਮ ਅਤੇ ਬਾਊ ਰਾਮ ਨੇ ਸੰਤ ਭਿੰਡਰਾਂਵਾਲ਼ਿਆਂ ਅਤੇ ਭਾਈ ਅਮਰੀਕ ਸਿੰਘ ਦੀਆਂ ਦੋ ਵੱਖੋ-ਵੱਖਰੀਆਂ ਚਿਖ਼ਾਂ ਚਿਣੀਆਂ ਤੇ ਸੰਤਾਂ ਦੀ ਚਿਖ਼ਾ ਨੂੰ ਗੰਗਾ ਰਾਮ ਨੇ ਅਗਨੀ ਵਿਖਾਈ। ਸੰਤਾਂ ਦੇ ਫੁੱਲ 14 ਜੂਨ 1984 ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ ਗਏ ਜਿਨ੍ਹਾਂ ਦਾ ਰਿਕਾਰਡ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਰਿਕਾਰਡ ਵਿੱਚ ਮੌਜੂਦ ਹੈ।
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਨਿਰਣਾਇਕ ਬਚਨ ਹਨ ਕਿ “ਜੇ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਜਿੱਦੇਂ ਏਸ ਅਸਥਾਨ ’ਤੇ ਪੁਲੀਸ ਵੱਲੋਂ ਹੁਣ ਹਮਲਾ ਹੋਇਆ ਤਾਂ ਦੁਨੀਆਂ ’ਚ ਇਹ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆਂ ਓਸ ਦਿਨ ਜ਼ਰੂਰ ਖ਼ਾਲਿਸਤਾਨ ਬਣੇਗਾ। ਹਰ ਇੱਕ ਨੌਜੁਆਨ, ਮਾਤਾ, ਬੀਬੀ ਤੇ ਬਜ਼ੁਰਗ ਨੂੰ ਹਿਰਦੇ ਵਿੱਚ ਇਹ ਗੱਲ ਘਰ ਕਰ ਲੈਣੀ ਚਾਹੀਦੀ ਆ ਕਿ ਅਸੀਂ ਗ਼ੁਲਾਮ ਹਾਂ ਤੇ ਅਜ਼ਾਦ ਹੋਣਾ। ਹੁਣ ਸਿਰ ਜਿੰਨੇ ਮਰਜ਼ੀ ਲਾਉਣੇ ਪੈਣ, ਅਜ਼ਾਦ ਜ਼ਰੂਰ ਹੋਣਾ। ਇਸ ਅਜ਼ਾਦੀ ਨੂੰ ਨਾ ਮੈਂ ਕਦੇ ਅਜ਼ਾਦੀ ਕਿਹਾ, ਨਾ ਕਹਿਨਾ ਤੇ ਨਾ ਅਜੇ ਕਹਿਣਾ, ਜਦੋਂ ਅਜ਼ਾਦ ਹੋਵਾਂਗੇ ਕਹਿ ਲਵਾਂਗੇ। ਸਿੱਖ ਭਾਰਤ ’ਚ ਗ਼ੁਲਾਮ ਨੇ, ਅਸੀਂ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ।” ਘੱਲੂਘਾਰੇ ਪਿੱਛੋਂ ਸੰਤ ਜਰਨੈਲ ਸਿੰਘ ਦੇ ਇਹਨਾਂ ਬੋਲਾਂ ’ਤੇ ਦ੍ਰਿੜਤਾ ਨਾਲ਼ ਪਹਿਰਾ ਦਿੰਦਿਆਂ ਸਿੱਖ ਜਵਾਨੀ ਨੇ ਆਪਣੇ ਘਰਾਂ-ਪਰਿਵਾਰਾਂ ਦੇ ਮੋਹ ਤਿਆਗ ਕੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜੂਝਦਿਆਂ ਆਪਣੇ ਖ਼ੂਨ ਦਾ ਕੁਤਰਾ-ਕੁਤਰਾ ਵਹਾ ਦਿੱਤਾ ਤੇ ਹਿੰਦੁਸਤਾਨ ਦੀ ਹਕੂਮਤ ਵਿਰੁੱਧ ਇੱਕ ਦਹਾਕਾ ਹਥਿਆਰਬੰਦ ਲੜਾਈ ਲੜੀ। 
 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.