ਭਾਰਤੀ ਫ਼ੌਜਾਂ ਦੇ ਟੈਂਕਾਂ-ਤੋਪਾਂ ਅੱਗੇ ਬਹਾਦਰੀ ਨਾਲ਼ ਜੂਝੀਆਂ ਖ਼ਾਲਸਾ ਫ਼ੌਜਾਂ

ਭਾਰਤੀ ਫ਼ੌਜਾਂ ਦੇ ਟੈਂਕਾਂ-ਤੋਪਾਂ ਅੱਗੇ ਬਹਾਦਰੀ ਨਾਲ਼ ਜੂਝੀਆਂ ਖ਼ਾਲਸਾ ਫ਼ੌਜਾਂ

ਭਾਰਤੀ ਫ਼ੌਜਾਂ ਦੇ ਟੈਂਕਾਂ-ਤੋਪਾਂ ਅੱਗੇ ਬਹਾਦਰੀ ਨਾਲ਼ ਜੂਝੀਆਂ ਖ਼ਾਲਸਾ ਫ਼ੌਜਾਂ

ਮਿਤੀ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਪੰਜਾਬ ਅਤੇ ਚੰਡੀਗੜ੍ਹ ’ਚ ਰਾਤ ਨੌਂ ਵਜੇ ਕਰਫ਼ਿਊ ਲਾ ਕੇ 4 ਜੂਨ ਨੂੰ ਅੰਮ੍ਰਿਤ ਵੇਲ਼ੇ 4 ਵੱਜ ਕੇ 40 ਮਿੰਟ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੰਤ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾ ਕੇ ਭਾਰਤੀ ਫ਼ੌਜ ਨੇ ਗੋਲ਼ਾ ਦਾਗ ਦਿੱਤਾ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਸਿੰਘ-ਸੂਰਮੇ ਭਾਰਤੀ ਫ਼ੌਜ ਨਾਲ਼ ਟੱਕਰ ਲੈਣ ਲੱਗੇ। ਇਸ ਫ਼ੌਜੀ ਹਮਲੇ ਦਾ ਮਕਸਦ ਸਿੱਖਾਂ ਦੇ ਸੱਭਿਆਚਾਰ ਨੂੰ ਖ਼ਤਮ ਕਰਨਾ ਅਤੇ ਜਜ਼ਬੇ ਤੇ ਸਵੈਮਾਣ ਨੂੰ ਸੱਟ ਮਾਰਨਾ ਸੀ। ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਹਿੰਦ ਹਕੂਮਤ ਸਿੱਖਾਂ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਸੀ ਤੇ ਸੰਤ ਜਰਨੈਲ ਸਿੰਘ ਸਮੇਤ ਬਾਕੀ ਜੁਝਾਰੂਆਂ ਨੂੰ ਸਰੀਰਕ ਤੌਰ ’ਤੇ ਖ਼ਤਮ ਕਰ ਕੇ ਪੂਰੀ ਕੌਮ ਨੂੰ ਸਬਕ ਸਿਖਾਉਣੀ ਚਾਹੁੰਦੀ ਸੀ। ਇਹ ਹਮਲਾ ਕੇਵਲ ਕਾਂਗਰਸ ਨੇ ਨਹੀਂ ਬਲਕਿ ਪੂਰੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੇ ਕੀਤੀ ਤੇ ਸਮਰਥਨ ਭਾਜਪਾ, ਆਰ.ਐੱਸ.ਐੱਸ., ਅਖੌਤੀ ਅਕਾਲੀ ਦਲ, ਕਾਮਰੇਡ ਪਾਰਟੀਆਂ ਤੇ ਸਮੁੱਚੀਆਂ ਫ਼ਿਰਕੂ ਕੱਟੜਵਾਦੀ ਜਮਾਤਾਂ ਨੇ ਕੀਤਾ ਸੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ, ਭਾਈ ਅਮਰੀਕ ਸਿੰਘ, ਜਨਰਲ ਸ਼ਾਬੇਗ ਸਿੰਘ, ਬਾਬਾ ਠਾਹਰਾ ਸਿੰਘ ਤੇ ਹੋਰਾਂ ਜੁਝਾਰੂਆਂ ਨੇ ‘ਧਰਮ ਹੇਤ ਸੀਸ ਦੇਣ’ ਦਾ ਨਿਸ਼ਚਾ ਕੀਤਾ ਹੋਇਆ ਸੀ। ਦਮਦਮੀ ਟਕਸਾਲ, ਫ਼ੈਡਰੇਸ਼ਨ ਅਤੇ ਕਾਰ ਸੇਵਾ ਹਜ਼ੂਰ ਸਾਹਿਬ ਵਾਲ਼ੇ ਤੇ ਕਈ ਹੋਰ ਜੁਝਾਰੂ ਹਥਿਆਰਾਂ ਨਾਲ਼ ਲੈਸ ਹੋ ਕੇ ਭਾਰਤੀ ਫ਼ੌਜ ਵਿਰੁੱਧ ਲਗਾਤਾਰ ਜੂਝ ਰਹੇ ਸਨ। ਸਿੰਘਾਂ ਨੇ ਭਾਰਤੀ ਫ਼ੌਜਾਂ ਦੇ ਸੱਥਰ ਵਿਛਾ ਦਿੱਤੇ, ਭਾਰਤੀ ਫ਼ੌਜਾਂ ਦੇ ਜਰਨੈਲਾਂ ਨੇ ਸੋਚਿਆ ਵੀ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਦੇ ਜਾਂਬਾਜ਼ ਯੋਧੇ ਉਹਨਾਂ ਦਾ ਐਨਾ ਨੁਕਸਾਨ ਕਰ ਦੇਣਗੇ। 5 ਜੂਨ ਦੀ ਰਾਤ ਨੂੰ ਸਾਢੇ ਦਸ ਵਜੇ ਸ੍ਰੀ ਦਰਬਾਰ ਸਾਹਿਬ ਅੰਦਰ ਟੈਂਕ ਵਾੜੇ ਗਏ ਤੇ ਪ੍ਰਕਰਮਾ ’ਚ ਬਾਬਾ ਦੀਪ ਸਿੰਘ ਦੇ ਸ਼ਹੀਦੀ ਬੁੰਗੇ ਲਾਗੇ ਗਿਆਨੀ ਮੋਹਰ ਸਿੰਘ ਨੇ ਇੱਕ ਟੈਂਕ ਓਥੇ ਹੀ ਰੋਕ ਦਿੱਤਾ ਤੇ ਉਸ ਦੀਆਂ ਦੋ ਭੁਝੰਗਣਾਂ ਨੇ ਆਪਣੇ ਸਰੀਰ ’ਤੇ ਬਰੂਦ ਬੰਨ੍ਹ ਕੇ ਕਈ ਫ਼ੌਜੀ ਮੌਤ ਦੇ ਘਾਟ ਉਤਾਰ ਦਿੱਤੇ। ਜਨਰਲ ਸ਼ਾਬੇਗ ਸਿੰਘ ਜੀ ਨੇ ਤਿੰਨ ਰਾਕਟ ਲਾਂਚਰ ਦੇ ਗੋਲ਼ੇੇ ਮਾਰ ਕੇ ਤਿੰਨ ਟੈਂਕ ਨਕਾਰਾ ਕਰ ਦਿੱਤੇ। 6 ਜੂਨ ਦੀ ਸਵੇਰ ਤਕ ਭਾਰਤੀ ਫ਼ੌਜਾਂ ਨੇ ਟੈਂਕਾਂ-ਤੋਪਾਂ, ਮਸ਼ੀਨਗੰਨਾਂ, ਹੈਲੀਕਾਪਟਰਾਂ, ਰਾਕਟ ਲਾਂਚਰਾਂ, ਬਖ਼ਤਰਬੰਦ ਗੱਡੀਆਂ ਅਤੇ ਜ਼ਹਿਰਲੀਆਂ ਗੈਸਾਂ ਨਾਲ਼ ਪੂਰੀ ਤਾਕਤ ਲਾ ਕੇ ਹੱਲਾ ਬੋਲ ਦਿੱਤਾ ਤੇ ਬਹੁਤੇ ਮੋਰਚਿਆਂ ਵਿੱਚ ਸਿੰਘ ਸ਼ਹਾਦਤਾਂ ਪਾ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗੁੰਬਦ ਵੀ ਤੋਪਾਂ ਦੇ ਗੋਲ਼ਿਆਂ ਨਾਲ਼ ਉੱਡ ਚੁੱਕਾ ਸੀ।
6 ਜੂਨ ਦੀ ਸਵੇਰੇ ਸਾਢੇ ਕੁ ਸੱਤ ਵਜੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਬਚੇ ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਹੇਠ ਇਕੱਠਾ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਕੀਤੇ ਪ੍ਰਣ ਪ੍ਰਤੀ ਸੰਤੁਸ਼ਟਤਾ ਪ੍ਰਗਟ ਕੀਤੀ ਕਿ ਵੈਰੀਆਂ ਨੂੰ ਚੰਗੀ ਤਰ੍ਹਾਂ ਲੋਹੇ ਦੇ ਚਣੇ ਚਬਾਏ ਹਨ ਤੇ ਹਿੰਦੁਸਤਾਨੀ ਧਾੜਵੀਆਂ ਦੇ ਆਹੂ ਲਾਹੇ ਹਨ। ਤਕਰੀਬਨ ਪੌਣੇ ਕੁ ਨੌਂ ਵਜੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਆਪਣੇ ਸਾਥੀਆਂ ਭਾਈ ਅਮਰੀਕ ਸਿੰਘ, ਭਾਈ ਦਾਰਾ ਸਿੰਘ ਡਰਾਇਵਰ, ਭਾਈ ਸੰਤੋਖ ਸਿੰਘ ਟੇਪਾਂ ਵਾਲ਼ਿਆਂ ਤੇ ਹੋਰ 20-25 ਸਿੰਘਾਂ ਸਮੇਤ ਗੁਰੂ ਚਰਨਾਂ ’ਚ ਅਰਦਾਸ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਬਾਹਰਲੀਆਂ ਪੌੜੀਆਂ ਤੋਂ ਹੇਠਾਂ ਉੱਤਰੇ ਤੇ ਭਾਰਤੀ ਫ਼ੌਜੀਆਂ ਉੱਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਫ਼ੌਜ਼ੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਰਹੇ ਸੀ। ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ’ਚ ਦੁਸ਼ਮਣਾਂ ਨੂੰ ਲਲਕਾਰਦੇ ਗੁਰੂ ਕੇ ਲਾਲਾਂ ਦਾ ਇਹ ਨਿਆਰਾ ਤੇ ਵਿਲੱਖਣ ਕੌਤਕ ਵੇਖ ਕੇ ਭਾਰਤੀ ਫ਼ੌਜੀਆਂ ਦੇ ਕਾਲਜ਼ੇ ਕੰਬ ਗਏ। ਮੀਰੀ-ਪੀਰੀ ਦੇ ਦੋ ਨਿਸ਼ਾਨ ਸਾਹਿਬਾਂ ਦੇ ਨੇੜੇ ਆਪਣੀ ਅਸਾਲਟ ਰਾਈਫ਼ਲ ਨਾਲ਼ ਆਹਮੋ-ਸਾਮ੍ਹਣੇ ਜੰਗ ਕਰਦੇ ਹੋਏ 6 ਜੂਨ 1984 ਨੂੰ ਸਵੇਰੇ ਨੌਂ ਕੁ ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੜਾਹ ਪ੍ਰਸ਼ਾਦਿ ਵਾਲ਼ੇ ਪਾਸਿਓਂ ਫ਼ੌਜ ਦੀਆਂ ਗੋਲ਼ੀਆਂ ਦਾ ਬਰੱਸਟ ਵੱਜਣ ਨਾਲ਼ ਸ਼ਹਾਦਤ ਪ੍ਰਾਪਤ ਕੀਤੀ। ਜਨਰਲ ਸ਼ਾਬੇਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਵਿੱਚ ਰਾਤ ਹੀ 12 ਕੁ ਵਜੇ ਸ਼ਹੀਦੀ ਪਾ ਚੁੱਕੇ ਸਨ ਤੇ ਹੋਰ ਵੀ ਅਨੇਕਾਂ ਸਿੰਘਾਂ ਨੇ ਧਰਮ ਲਈ ਹੱਸ-ਹੱਸ ਕੇ ਜਾਨ ਵਾਰੀਆਂ।
ਭਾਰਤੀ ਫ਼ੌਜਾਂ ਦੇ ਜਰਨੈਲ ਬੜੀਆਂ ਫੜ੍ਹਾਂ ਮਾਰਦੇ ਸਨ ਕਿ “ਅਸੀਂ ਦੋ ਘੰਟਿਆਂ ’ਚ ਹੀ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫੜ ਲਿਆਵਾਂਗੇ।” ਦੂਜੇ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਆਖਦੇ ਸਨ ਕਿ “ਭਾਵੇਂ ਵੀਹ ਦੀ ਵੀ ਤੀਹ ਲੱਖ ਫ਼ੌਜ ਚੜ੍ਹ ਕੇ ਆ ਜਾਵੇ, ਵੇਖਿਓ ਇਹਨਾਂ ਦੀਆਂ ਕਿਵੇਂ ਢੇਰੀਆਂ ਲਾ ਕੇ ਤੋਰਦਾ, ਇੱਕ ਵਾਰ ਆਉਣ ਲੈਣ ਦਿਓ ਸਈਂ।”
ਭਾਰਤੀ ਫ਼ੌਜ ਨੂੰ ਆਪਣੀ ਤਾਕਤ ’ਤੇ ਬੜਾ ਹੰਕਾਰ ਸੀ ਜੋ ਕਲਗੀਧਰ ਦੇ ਲਾਲਾਂ ਨੇ ਚਕਨਾਚੂਰ ਕਰ ਦਿੱਤਾ। ਜਨਰਲ ਕੁਲਦੀਪ ਬਰਾੜ ਕਹਿੰਦਾ ਸੀ ਕਿ “ਜਦੋਂ ਟੈਂਕ ਗੂੰਜਦੇ ਨੇ, ਜਹਾਜ਼ ਸ਼ੂਕਦੇ ਨੇ, ਗੋਲ਼ੀਆਂ ਵਰ੍ਹਦੀਆਂ ਨੇ, ਜ਼ਮੀਨ ਅੱਗ ਛੱਡਦੀ ਏ ਤਾਂ ਕਹਿੰਦੇ-ਕਹਾਉਂਦੇ ਜਰਨੈਲਾਂ ਦੀਆਂ ਵੀ ਲੱਤਾਂ ਕੰਬਣ ਲਗ ਜਾਂਦੀਆਂ ਨੇ…।”
ਤੇ ਇੱਧਰੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਕਹਿੰਦੇ ਹੁੰਦੇ ਸਨ ਕਿ “ਅਸੀਂ ਉਹਨਾਂ ਦੇ ਵਾਰਸ ਆਂ ਜੋ ਤੱਤੀਆਂ ਤਵੀਆਂ ’ਤੇ ਬਹਿ ਗਏ, ਆਰਿਆਂ ਨਾਲ਼ ਚੀਰੇ ਗਏ, ਚਰਖੜ੍ਹੀਆਂ ’ਤੇ ਚੜ੍ਹ ਗਏ, ਬੰਦ-ਬੰਦ ਕਟਵਾ ਗਏ ਪਰ ਦੁਸ਼ਮਣਾਂ ਦੀ ਈਨ ਨਾ ਮੰਨੀ। ਸਾਡੇ ਪੁਰਖਿਆਂ ਨੇ ਨਾਗਣੀ-ਬਰਛੇ ਨਾਲ਼ ਮਸਤ ਹਾਥੀ ਦਾ ਮੱਥਾ ਵਿੰਨ੍ਹ ਦਿੱਤਾ ਤੇ ਇਕੱਲਾ-ਇਕੱਲਾ ਸਿੰਘ ਸਵਾ-ਸਵਾ ਲੱਖ ਨਾਲ਼ ਜਾ ਟਕਰਾਇਆ ਤੇ 80 ਸਾਲ ਦੀ ਉਮਰ ’ਚ ਵੀ ਬਾਬਾ ਦੀਪ ਸਿੰਘ ਨੇ ਜਾ ਖੰਡਾ ਖੜਕਾਇਆ। ਜਿਹੜਾ ਸਾਨੂੰ ਖ਼ਤਮ ਕਰਨ ਜਾਂ ਚੁੱਕਣ ਆਇਆ ਉਹ ਆਪਣਾ ਕੱਫ਼ਨ ਜ਼ਰੂਰ ਸਿਰ ’ਤੇ ਬੰਨ੍ਹ ਕੇ ਆਵੇ, ਜ਼ਿੰਦਾ ਨਹੀਂ ਕਿਸੇ ਨੇ ਮੁੜਨਾ, ਇਹ ਚੇਤਾ ਰੱਖ ਲਿਉ…।”
ਸੱਚਮੁੱਚ ਜੂਨ 1984 ਦੇ ਘੱਲੂਘਾਰੇ ’ਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ, ਭਾਈ ਅਮਰੀਕ ਸਿੰਘ ਤੇ ਜਨਰਲ ਸ਼ਾਬੇਗ ਸਿੰਘ ਦੀ ਕਮਾਂਡ ਹੇਠ ਜੁਝਾਰੂ ਸਿੰਘ ਏਨੀ ਬਹਾਦਰੀ ਨਾਲ਼ ਲੜੇ ਕਿ ਭਾਰਤੀ ਫ਼ੌਜਾਂ ਦੇ ਜਰਨੈਲ ਅੱਸ਼-ਅੱਸ਼ ਕਰ ਉੱਠੇ, ਉਹਨਾਂ ਦੇ ਪਸੀਨੇ ਛੁੱਟ ਗਏ, ਧਰਤੀ ਹਿੱਲ ਗਈ ਤੇ ਮੂੰਹ ’ਤੇ ਉਂਗਲਾ ਧਰੀਆਂ ਰਹਿ ਗਈਆਂ ਕਿ ਆਹ ਕੀ ਹੋ ਗਿਆ। ਆਖ਼ਰ ਭਾਰਤੀ ਫ਼ੌਜ ਨੇ ਖ਼ਾਲਸਾ ਫ਼ੌਜਾਂ ਹੱਥੋਂ ਆਪਣੀ ਹਾਰ ਹੁੰਦੀ ਵੇਖ ਕੇ ਟੈਂਕ ਮੰਗਵਾਏ। ਤੇ ਏਧਰ ਆਪਣੇ ਜਾਨੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਲਈ ਸਿੰਘ-ਸੂਰਮੇ ਆਖ਼ਰੀ ਸਾਹ ਤੇ ਆਖ਼ਰੀ ਗੋਲ਼ੀ ਤਕ ਜੂਝ ਕੇ ਚਮਕੌਰ ਦੀ ਗੜ੍ਹੀ ਵਾਲ਼ਾ ਸ਼ਾਨਾਮੱਤਾ ਇਤਿਹਾਸ ਦੁਹਰਾਅ ਗਏ।
ਦੂਜੇ ਪਾਸੇ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਵਿਰਸਾ ਸਿੰਘ ਵਲਟੋਹਾ ਆਦਿਕ ਬਾਂਹਾਂ ਖੜ੍ਹੀਆਂ ਕਰ ਗਏ, ਸ਼ਹੀਦਾਂ ਦੀਆਂ ਲਾਸ਼ਾਂ ’ਤੇ ਪੈਰ ਰੱਖ ਕੇ ਫ਼ੌਜ ਦੀਆਂ ਗੱਡੀਆਂ ’ਚ ਬੀਬੇ ਪੁੱਤ ਬਣ ਕੇ ਬਹਿ ਗਏ ਤੇ ਧਰਮ ਯੁੱਧ ਮੋਰਚੇ ਤੋਂ ਖਹਿੜਾ ਛੁਡਾ ਕੇ ਜੇਲ੍ਹਾਂ ’ਚ ਸੁਰੱਖਿਅਤ ਪਹੁੰਚ ਗਏ। ਸੰਤ ਜਰਨੈਲ ਸਿੰਘ ਨੇ ਸਦੀਵੀ ਤੌਰ ’ਤੇ ਕੌਮ ਦਾ ਪਿਆਰ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਕਲੰਕ ਖੱਟ ਲਿਆ ਤੇ ਰਾਜੀਵ-ਲੌਂਗੌਵਾਲ ਸਮਝੌਤਾ ਕਰਕੇ ਮੌਤ ਨੂੰ ਸਹੇੜ ਲਿਆ। ਅੱਜ ਹਰਚੰਦ ਸਿਹੁੰ ਲੌਂਗੋਵਾਲ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਤੇ ਸੰਤ ਜਰਨੈਲ ਸਿੰਘ ਦਾ ਨਾਂ ਪੂਰੀ ਦੁਨੀਆਂ ’ਚ ਚਮਕ ਰਿਹਾ ਹੈ। ਸੰਤ ਭਿੰਡਰਾਂਵਾਲੇ ਆਪ ਨਹੀਂ ਸਨ ਵਿਕੇ, ਤਾਂ ਹੀ ਅੱਜ ਉਹਨਾਂ ਦੀਆਂ ਤਸਵੀਰਾਂ ਵਿਕ ਰਹੀਆਂ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਯਾਦ ’ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਗੁਰਦੁਆਰਾ ਸ਼ਹੀਦੀ ਯਾਦਗਾਰ ਬਣ ਚੁੱਕਾ ਹੈ ਤੇ ਸ਼ਹੀਦੀ ਗੈਲਰੀ ਵੀ ਸਥਾਪਿਤ ਹੋ ਚੁੱਕੀ ਹੈ। ਸੰਤਾਂ ਦੀ ਇਹ ਅਰਦਾਸ ਪ੍ਰਵਾਨ ਹੋਈ ਕਿ “ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਧਰਮ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਕੌਮ ਦੀ ਅਣਖ਼ ਜਗਾਉਣ ਵਾਸਤੇ ਕੁਰਬਾਨੀ ਕੀਤੀ ਸੀ, ਮੇਰੀ ਵੀ ਸਤਿਗੁਰਾਂ ਅੱਗੇ ਇਹ ਹੀ ਮੰਗ ਹੈ, ਸੱਚੇ ਪਾਤਸ਼ਾਹ ਕੌਮ ਨੂੰ ਬਲ ਬਖ਼ਸ਼ਣ।”
 

                ਰਣਜੀਤ ਸਿੰਘ ਦਮਦਮੀ ਟਕਸਾਲ
       (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
                ਮੋ: +918872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.