ਪੀਰ ਬਾਬਾ ਸ਼ਾਹੂ ਸ਼ਾਹ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ
- ਧਾਰਮਿਕ
- 05 Jun, 2026 12:47 PM (Asia/Kolkata)
ਇਸ ਵਾਰ ਦੋ ਦਿਨ ਮਨਾਇਆ ਜਾਵੇਗਾ ਮੇਲਾ
ਸੱਭਿਆਚਾਰਕ ਪ੍ਰੋਗਰਾਮ ਵਿੱਚ ਨਾਮਵਰ ਗਾਇਕ ਕਰਨਗੇ ਦਰਸ਼ਕਾਂ ਦਾ ਮਨੋਰੰਜਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਜੂਨ
ਚੋਹਲਾ ਸਾਹਿਬ ਵਿਖੇ ਪੀਰ ਬਾਬਾ ਸ਼ਾਹੂ ਸ਼ਾਹ ਜੀ ਦੇ ਸਲਾਨਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਮੇਲੇ ਦੇ ਸੁਚੱਜੇ ਪ੍ਰਬੰਧਾਂ ਨੂੰ ਲੈ ਕੇ ਪੀਰ ਦੀ ਦਰਗਾਹ ਵਿਖੇ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਕਮੇਟੀ ਪ੍ਰਧਾਨ ਨਿਸ਼ਾਨ ਸਿੰਘ ਭਿੱਖੀਕੇ ਅਤੇ ਥਾਣੇਦਾਰ ਮਨਮੋਹਨ ਸਿੰਘ ਪੱਪੂ ਪਹਿਲਵਾਨ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਸੇਵਾਦਾਰ ਅਤੇ ਗਾਇਕ ਰਜਿੰਦਰ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪੀਰ ਬਾਬਾ ਸ਼ਾਹੂ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਮੇਲਾ ਦੋ ਦਿਨ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 23 ਜੁਲਾਈ ਦਿਨ ਵੀਰਵਾਰ ਨੂੰ ਦਰਗਾਹ ਵਿਖੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ,ਜਿਸ ਉਪਰੰਤ ਪ੍ਰਸਿੱਧ ਕਵਾਲ ਆਪਣੀਆਂ ਰੂਹਾਨੀ ਕਵਾਲੀਆਂ ਰਾਹੀਂ ਪੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਉਨ੍ਹਾਂ ਦੱਸਿਆ ਕਿ 24 ਜੁਲਾਈ ਦਿਨ ਸ਼ੁੱਕਰਵਾਰ ਨੂੰ ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ,ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਅਤੇ ਦੋਗਾਣਾ ਗਾਇਕ ਜੋੜੀਆਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ।ਇਸੇ ਦਿਨ ਸ਼ਾਮ ਸਮੇਂ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਕਬੱਡੀ ਦੀਆਂ ਨਾਮਵਰ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲੇ ਵੀ ਕਰਵਾਏ ਜਾਣਗੇ।
ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਨੂੰ ਇਸ ਯਾਦਗਾਰੀ ਮੇਲੇ ਦੀ ਸਫਲਤਾ ਲਈ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।ਕਮੇਟੀ ਨੇ ਦੱਸਿਆ ਕਿ ਮੇਲੇ ਦੇ ਦੋਵੇਂ ਦਿਨ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।
ਮੀਟਿੰਗ ਦੌਰਾਨ ਪ੍ਰਬੰਧਕ ਕਮੇਟੀ ਦੇ ਆਗੂਆਂ,ਸੇਵਾਦਾਰਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਅਤੇ ਮੇਲੇ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਆਪਣੇ ਸੁਝਾਅ ਦਿੱਤੇ।ਇਸ ਮੌਕੇ ਬਲਵਿੰਦਰ ਸਿੰਘ ਸ਼ਿਮਲਾ ਮੈਂਬਰ ਪੰਚਾਇਤ,ਗਾਇਕ ਲੱਕੀ ਚੋਹਲਾ, ਸਰਬਜੀਤ ਸਾਹਬੀ, ਸੁਰਿੰਦਰ ਕੁੰਦਰਾ, ਦਿਲਬਾਗ ਸਿੰਘ ਬਾਗਾ,ਜਗਜੀਤ ਸਿੰਘ ਗੋਲਡੀ,ਸ਼ਿੰਦਾ ਸ਼ਾਹ,ਵਿਨੋਦ ਕੁਮਾਰ ਨੋਧੀ,ਸਾਹਬ ਸਿੰਘ ਹਕੀਮ,ਜਗਤਾਰ ਸਿੰਘ ਰੱਤੋਕੇ ਆਦਿ ਹਾਜ਼ਰ ਸਨ।
Leave a Reply