ਅਰਦਾਸ ਦੀ ਮਹਾਨਤਾ

ਅਰਦਾਸ ਦੀ ਮਹਾਨਤਾ

ਇਤਿਹਾਸਵੇਤਾ ਜਾਣਦੇ ਹਨ, ਬਾਦਸ਼ਾਹ ਬਹਾਦਰ ਸ਼ਾਹ ਦੇ ਜਮਾਨੇ ਦਿੱਲੀ ਤੋਂ 10 ਦਿਸੰਬਰ, 1710ਈ: ਨੂੰ ਇਕ ਸ਼ਾਹੀ ਫੁਰਮਾਨ ਕੱਢਿਆ ਗਿਆ ਸੀ- 'ਨਾਨਕ ਪ੍ਰਸਤਾਂਰਾ ਹਰ ਜਾ ਕਿ ਬਾ ਯਾਬੰਦ, ਬਕਤਲ ਰਸਾਨੰਦ।'(ਅਖਬਾਰਿ ਦਰਬਾਰਿ ਮੁਅੱਲਾ) ਇਸ ਹੁਕਮ ਦਾ ਦਮਨ ਚੱਕਰ 50 ਵਰ੍ਹੇ ਲਗਾਤਾਰ ਚਲਦਾ ਰਿਹਾ, ਦਿੱਲੀ ਤੇ ਲਾਹੌਰ ਵਿਚ ਸਿੱਖਾਂ ਦੇ ਸਿਰਾਂ ਦੇ ਗੰਜ ਲਗਦੇ ਗਏ, ਜੋ ਪਿਛੋਂ ਸ਼ਹੀਦਗੰਜ ਅਖਵਾਏ। ਜਦੋਂ ਬਾਹਰਲੇ ਹਮਲਾਵਰ ਤੇ ਅੰਦਰਲੇ ਹਾਕਮ ਸਾਰੇ ਹੀ ਸਿੱਖਾਂ ਦੇ ਸਰਵਨਾਸ ਉੱਤੇ ਤੁਲੇ ਹੋਏ ਸਨ ਤਾਂ ਕੇਵਲ ਅਰਦਾਸ ਹੀ ਢਾਲ ਸੀ ਜਿਸ ਉੱਤੇ ਸਿੱਖ ਕੌਮ ਨੇ ਸਾਰੇ ਮਾਰੂ ਵਾਰ ਧੀਰਜ ਨਾਲ ਸਹਾਰੇ।
ਜਿਸ ਸਿਆਣੇ ਸਿਦਕੀ ਸਿੱਖ ਨੇ ਜਾਂ ਬਿਬੇਕੀ ਸਿੱਖ ਜਥੇ ਨੇ ਇਹ ਅਰਦਾਸ ਬਣਾਈ, ਉਹ ਸੱਚਮੁੱਚ ਸਿੱਖ ਸਿਧਾਂਤ ਦੀ ਰੂਹ ਨੂੰ ਸਮਝਦਾ ਸੀ। ਉਸ ਦੇ ਈਮਾਨ ਤੇ ਗਿਆਨ ਦੋਹਾਂ ਨੂੰ ਪ੍ਰਣਾਮ ਕਰਨੀ ਬਣਦੀ ਹੈ। ਅਸਲੀਅਤ ਇਹ ਹੈ ਕਿ ਇਸ ਅਰਦਾਸ ਨੇ ਜਿਥੇ ਸਿੱਖ ਸਿਧਾਂਤ ਦੇ ਮੁੱਖ ਗੁਣ ਦ੍ਰਿੜਾਏ ਹਨ, ਉਥੇ ਸਿੱਖ ਇਤਿਹਾਸ ਦੀਆਂ ਸ਼ਾਨਦਾਰ ਝਲਕੀਆਂ ਨੂੰ ਅਜਿਹਾ ਲੜੀਬੱਧ ਕੀਤਾ ਹੈ ਕਿ ਸਿਦਕੀ ਸ਼੍ਰੋਤਾ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ।
ਸਿੱਖ ਅਰਦਾਸ ਦੇ ਦੋ ਮੁੱਖ ਭਾਗ ਹਨ:
ਪਹਿਲੇ ਭਾਗ ਵਿਚ ਉਸ ਅਦਿਸ਼੍ਰਟਸੱਤਾ ਨਾਲ ਸੰਪਰਕ ਪੈਦਾ ਕਰਨ ਲਈ ਏਕਾਗ੍ਰਤਾ ਲਿਆ ਕੇ ਜੁੜਨ ਲਈ, ਗੁਰੂਆਂ ਤੇ ਸ਼ਹੀਦਾਂ ਮੁਰੀਦਾਂ ਦਾ ਧਿਆਨ ਧਰਿਆ ਜਾਂਦਾ ਹੈ ਜੋ ਉਸ ਨਾਲ ਇਕਮਿਕ ਹਨ। ਇਸ ਤਰਾਂ ਸਿੱਖ ਇਸ ਅਰਦਾਸ ਦੁਆਰਾ ਪਹਿਲੇ ਆਪਣੇ ਇਤਿਹਾਸਕ ਵਿਰਸੇ ਵਲ ਝਾਤ ਮਾਰਦਾ ਹੈ।

1. ਪਹਿਲੇ (ਪ੍ਰਿਥਮ ਭਗੌਤੀ ਸਿਮਰ ਕੈ), ਪਰਮੇਸ਼ਰ ਦੀ ਸ਼ਕਤੀ (ਭਾਵ ਪ੍ਰਮੇਸ਼ਰ ਦੇ ਬਲ ਸਰੂਪ ਨੂੰ) ਯਾਦ ਕਰ ਕੇ ਦਸ ਗੁਰੂ ਸਾਹਿਬਾਨਾਂ ਨੂੰ ਧਿਆਇਆ ਜਾਂਦਾ ਹੈ ਜਿਨ੍ਹਾਂ ਇਹ ਧਰਮ ਦਾ ਮਾਰਗ ਦਸਿਆ।
2. ਫਿਰ ਦਸ ਗੁਰੂਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦੀਦਾਰ ਦਾ ਧਿਆਨ ਕਰਦਾ ਹੈ।
3.ਫਿਰ ਪੰਜ ਪਿਆਰਿਆਂ, ਚਾਰ ਸਾਹਿਬਜਾਦਿਆਂ, ਚਾਲੀ ਮੁਕਤਿਆਂ, ਸ਼ਹੀਦਾਂ ਮੁਰੀਦਾਂ ਤੇ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕੀਤਾ ਜਾਂਦਾ ਹੈ।
4. ਫਿਰ ਕਿਸੇ ਇਕ ਵਿਅਕਤੀ ਨੂੰ ਅਰਾਧਣ ਦੀ ਥਾਂ ਇਹ ਕਿਹ ਕੇ ਤਮਾਮ ਨੇਕੀ ਦੀਆਂ ਸ਼ਕਤੀਆਂ ਦਾ ਅਵਾਹਨ ਕੀਤਾ ਜਾਂਦਾ ਹੈ:
'ਜਿਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਲਈ ਸੀਸ ਦਿਤੇ -
ਉਨਾਂ ਤਮਾਮ ਧਰਮ ਯੋਧਿਆਂ ਦੀ ਕਮਾਈ ਨੂੰ ਮੁਖ ਰੱਖ ਕੇ ਬਾਰ ਬਾਰ 'ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ' ਕਿਹਾ ਜਾਂਦਾ ਹੈ।
5. ਇਸ ਉਪਰੰਤ ਫਿਰ ਨਾਮੀ ਸ਼ਹੀਦਾਂ ਦਾ ਬਿਆਨ ਹੈ:
ਜਿਨਾਂ ਧਰਮ ਦੀ ਖਾਤਰ ਬੰਦ-ਬੰਦ ਕਟਾਏ, ਆਰਿਆਂ ਨਾਲ ਸੀਸ ਚਿਰਾਏ, ਰੰਬੀਆਂ ਨਾਲ ਖੋਪਰੀਆਂ ਉਤਰਵਾਈਆਂ, ਪੁੱਠੀਆਂ ਖੱਲਾਂ ਲੁਹਾਈਆਂ, ਚਰਖੜੀਆਂ ਉੱਤੇ ਚੜੇ ਪਰ ਧਰਮ ਨਹੀਂ ਹਾਰਿਆ। ਇਸ ਵੇਰਵੇ ਤੋਂ ਸਾਡੇ ਮਨ ਫੌਰਨ ਉਹਨਾਂ ਸਿੰਘਾਂ ਵੱਲ ਖਿੱਚੇ ਚਲੇ ਜਾਂਦੇ ਹਨ। ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਸ਼ਬੇਗ ਸਿੰਘ, ਭਾਈ ਸ਼ਾਹਬਾਜ ਸਿੰਘ ਆਦਿ ਸ਼ਖਸੀਅਤਾਂ ਵੱਲ ਚਲੇ ਜਾਂਦੇ ਹਨ। ਤੇ ਜੇ ਜਿਹਨਾਂ ਸਿੱਖਾਂ ਨੇ ੨੦ ਵੀਂ ਸਦੀ ਦਾ ਇਤਹਾਸ ਅੱਖੀਂ ਦੇਖਿਆ ਜਾਂ ਪੜਿਆ ਤਾਂ ਇਹਨਾਂ ਸ਼ਖਸੀਅਤਾਂ ਦੀ ਤਸਵੀਰਾਂ ਵੀ ਉਹਨਾਂ ਦੀਆਂ ਅੱਖਾਂ ਸਾਹਵੇਂ ਆ ਜਾਦੀਆਂ ਜਿਵੇਂ ਭਾਈ ਦਿਆਲਾ ਜੀ ਉਬਲਦੀ ਦੇਗ ਚ ਉਬਾਲੇ ਗਏ ਅਜ ਦਾ ਭਾਈ ਦਿਆਲਾ ਭਾਈ ਹਰਦੇਵ ਸਿੰਘ ਦੇਬੂ ਜਿਹਨਾਂ ਨੂੰ ਕੁਝ ਵਰ੍ਹੇ ਪਹਿਲਾਂ ਦੇਗ ਚ ਉਬਾਲਿਆ ਗਿਆ। ਜਿਹਨਾਂ ਦੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਵੀ ਮੌਜੂਦ ਹਨ, ਭਾਈ ਸ਼ਬੇਗ ਸਿੰਘ ਦੇ ਦਰਸ਼ਨ ਜਨਰਲ ਸ਼ਬੇਗ ਸਿੰਘ ਵਿਚੋਂ ਹੋ ਜਾਣਗੇ ਕਿਉਂ ਜੁ ਭਾਈ ਸ਼ਬੇਗ ਸਿੰਘ ਵੀ ਕੌਤਵਾਲ ਸੀ ਤੇ ਜਨਰਲ ਸਾਹਿਬ ਵੀ ਭਾਰਤੀ ਫੌਜ ਦੇ ਉਚੇ ਪਦ ਦੇ ਅਧਿਕਾਰੀ ਸਨ। ਪਰ ਜਦੋਂ ਧਰਮ ਦਾ ਯੁੱਧ ਲੜਨ ਦੀ ਵਾਰੀ ਆਈ ਤਾਂ ਜਿਥੇ ਭਾਈ ਸ਼ਬੇਗ ਸਿੰਘ ਚਰਖੜੀ ਚੜੇ ਜਨਰਲ ਸ਼ਬੇਗ ਸਿੰਘ ਟੈਂਕਾਂ ਤੋਪਾਂ ਮੁਹਰੇ ਹਿੱਕ ਡਾਹ ਕੇ ਅੜ ਗਿਆ। ਭਾਈ ਤਾਰੂ ਸਿੰਘ ਦੇ ਦਰਸ਼ਨ ਵੈਸੇ ਤਾਂ ਚੁਰਾਸੀ ਦੇ ਵੇਲੇ ਦੇ ਬਹੁਤਾਂਤ ਸ਼ਹੀਦਾਂ ਚੋ ਹੁੰਦੇ ਹਨ। ਪਰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਭਾਈ ਤਾਰੂ ਜੀ ਦੀ ਤਰ੍ਹਾਂ ਕਈ ਦਿਨ ਤਸੀਹੇ ਦਿੱਤੇ ਗਏ। ਜੇ ਅਜਿਹੇ ਸਾਰੇ ਸਿੰਘਾਂ ਦੇ ਇਤਿਹਾਸ ਦਾ ਵੇਰਵਾ ਦੇਣ ਲੱਗ ਗਿਆ ਤਾਂ ਕਈ ਪੰਨੇ ਭਰ ਜਾਣਗੇ.
6. ਫਿਰ ਉਹਨਾਂ ਮਹਾਂ ਪੁਰਖਾਂ ਦਾ ਧਿਆਨ ਧਰਿਆ ਜਾਂਦਾ ਹੈ। ਜਿਨ੍ਹਾਂ ਦੀ ਸਹਿਨ ਸ਼ਕਤੀ ਇਤਨੀ ਬੇਮਿਸਾਲ ਸੀ ਕਿ ਉਨ੍ਹਾਂ ਦੇਖ ਕੇ ਅਣਡਿੱਠ ਕੀਤਾ, ਜਾਬਰਾਂ ਦੇ ਬੇਅੰਦਾਜ਼ ਵਹਿਸ਼ੀਆਨਾ ਵਿਵਹਾਰ ਨੂੰ ਨਜ਼ਰ-ਅੰਦਾਜ਼ ਕੀਤਾ ਤੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ। ਇਹ ਇਕ ਬਹੁਤ ਉੱਚੀ ਪ੍ਰਾਪਤੀ ਹੈ, ਅਜਰ ਜਰਨਾ ਤੇ ਅਸ਼ਾਂਤੀ ਦੀ ਥਾਂ ਸ਼ਾਂਤੀ ਤੇ ਸ਼ਹਿਨਸ਼ੀਲਤਾ ਨੂੰ ਵਧਾਉਣਾ ਤੇ ਬਰਕਰਾਰ ਰੱਖਣਾ।
7. ਫਿਰ ਉਨ੍ਹਾਂ ਮਾਈਆਂ ਬੀਬੀਆਂ ਦੀ ਪਵਿੱਤਰ ਕਮਾਈ ਨੂੰ ਧਿਆਨ ਗੋਚਰੇ ਕੀਤਾ ਜਾਂਦਾ ਹੈ ਜਿਨ੍ਹਾਂ ਮੀਰ ਮੰਨੂੰ ਆਦਿ ਦੀਆਂ ਕੈਦਾਂ ਦੇ ਸਖਤ ਤਸੀਹੇ ਸਹਾਰੇ, ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਮਣਾਂ ਮੂੰਹ ਪੀਸਣੇ ਪੀਸੇ ਤੇ ਆਪਣੇ ਮਾਸੂਮ ਬਚਿਆਂ ਨੂੰ ਟੋਟੇ-ਟੋਟੇ ਕਰਵਾ ਕੇ ਝੋਲੀਆਂ ਵਿਚ ਪੁਆਇਆ ਅਤੇ ਖਿੜੇ ਮੱਥੇ ਉਸ ਦਾ ਭਾਣਾ ਮਿੱਠਾ ਕ ਕੇ ਮੰਨਿਆ, ਸਿੱਖੀ ਸਿਦਕ ਨਹੀਂ ਹਾਰਿਆ — ਇਨ੍ਹਾਂ ਪਵਿਤਰ ਸਤਵੰਤੀਆਂ ਦੀ ਕਮਾਈ ਨੂੰ ਯਾਦ ਕਰ ਕੇ ਉਸ ਪਰਮੇਸ਼ਰ ਦਾ ਧਿਆਨ ਧਰਿਆ ਜਾਂਦਾ ਹੈ। ਇਸ ਤਰ੍ਹਾਂ ਇਕ ਵਾਰ ਇਨ੍ਹਾਂ ਸ਼ਹੀਦਾਂ ਮੁਰੀਦਾਂ ਦੀ ਕਮਾਈ ਦਾ ਪਵਿਤਰ ਵਾਤਾਵਰਣ ਇਸ ਨਿੱਕੇ ਜਿਹੇ ਜੀਵ ਨੂੰ ਅਜਿਹੇ ਉੱਚੇ ਅਧਿਆਤਮ ਮੰਡਲ ਵੱਲ ਲੈ ਜਾਂਦਾ ਹੈ।। ਵਰਨਾ ੧੩.੫ ਬਿਲਿਅਨ (light year) ਫੈਲਿਆ ਸਾਡਾ observable universe ਤੇ ਉਸ ਤੋਂ ਅਗਾਂਹ ਦਾ ਹੋਰ ਅਨੰਤ ਬ੍ਰਹੰਮਡ ਜਿਸਦੀ ਖੋਜ ਅਜੇ ਹੁਣ ਵਾਲੀ ਮਨੁੱਖੀ ਸਭਿਅਤਾ ਤੋਂ ਦੂਰ ਹੈ ਫਿਰ ਅਗਾਂਹ (meta verse , parallel universe, super novas) ਤੇ ਉਸ ਸਾਰੇ ਪਸਾਰੇ ਚ ਸਾਡਾ ਸੌਰ ਮੰਡਲ ਉਸ ਵਿਚਲੇ ਗ੍ਰਹਿ ਤੇ ਉਹਨਾਂ ਅਸੀਮ ਗ੍ਰਹਿਆਂ ਦੀ ਗਿਣਤੀ ਚ ਇਕ ਨਿੱਕੀ ਜਿਹੀ ਧਰਤੀ, ਤੇ ਧਰਤੀ ਦੇ ੮ ਬਿਲੀਅਨ ਲੋਕਾਂ ਵਿਚ ਇਕ ਅਰਦਾਸ ਕਰਨ ਵਾਲਾ ਛੋਟਾ ਜਿਹਾ ਜੀਵ ਫਿਰ ਇਕੱਲੇ ੮ ਬਿਲੀਅਨ ਪ੍ਰਾਣੀ ਹੀ ਨਹੀਂ ਜੀਵ ਜੰਤੂ, ਕੀਟ ਪਤੰਗੇ, ਬਨਸਪਤੀ ਤੇ ਅਰਬਾਂ ਖਰਬਾਂ ਦੇ ਤਾਮ ਝਾਮ ਵਿਚ ਜਿਵੇਂ ਰੇਤ ਦੇ ਰੇਗਿਸਤਾਨ ਅੰਦਰ ਇਕ ਰੇਤ ਦਾ ਕਿਣਕਾ ਏਨੀ ਕੁ ਔਕਾਤ ਦੇ ਮਾਲਕ ਜੀਵ ਆਤਮਾ ਨੂੰ ਜਿਥੇ ਉਹ ਆਪਣੇ ਆਪ ਨੂੰ ਪ੍ਰਭੂ ਦੇ ਨਿਕਟ ਹੋਇਆ ਮਹਿਸੂਸ ਕਰਦਾ ਹੈ।
ਇਹ ਅਰਦਾਸ ਦਾ ਪਹਿਲਾ ਭਾਗ ਹੈ ਜਦੋਂ ਕਿ ਗੁਰੂਆਂ ਅਤੇ ਗੁਰੂ ਪੰਥ ਦੀ ਕਮਾਈ ਦਾ ਧਿਆਨ ਜਗਿਆਸ਼ੂ ਨੂੰ ਏਕਾਗਰ ਕਰਕੇ ਰੱਬ ਨਾਲ ਜੋੜ ਦਿੰਦਾ ਹੈ। ਤੇ ਉਹ ਆਪਣੀ ਅਰਜ਼ ਮਾਲਕ ਦੇ ਅੱਗੇ ਪੇਸ਼ ਕਰਨ ਦੇ ਯੋਗ ਹੁੰਦਾ ਹੈ। (ਚਲਦਾ, ਬਾਕੀ ਭਾਗ ਅਗਲੇ ਚ)
ਡਾ. ਸੁਰਜੀਤ ਸਿੰਘ ਜਰਮਨੀ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.