ਪਹਿਲੇ ਦੋ ਘੱਲੂਘਾਰਿਆਂ ਤੋਂ ਵੀ ਵੱਧ ਭਿਆਨਕ ਸੀ ਤੀਜਾ ਘੱਲੂਘਾਰਾ ਜੂਨ 1984
- ਗੁਰਬਾਣੀ-ਇਤਿਹਾਸ
- 06 Jun, 2026 04:01 AM (Asia/Kolkata)
ਪਹਿਲੇ ਦੋ ਘੱਲੂਘਾਰਿਆਂ ਤੋਂ ਵੀ ਵੱਧ ਭਿਆਨਕ ਸੀ ਤੀਜਾ ਘੱਲੂਘਾਰਾ ਜੂਨ 1984
ਸਿੱਖ ਕੌਮ ਉੱਤੇ ਪਹਿਲਾਂ ਵੀ ਦੋ ਘੱਲੂਘਾਰੇ 1746 ਅਤੇ 1762 ਵਿੱਚ ਵਾਪਰ ਚੁੱਕੇ ਸਨ, ਪਰ ਜੂਨ 1984 ਦਾ ਤੀਜਾ ਘੱਲੂਘਾਰਾ ਪਹਿਲੇ ਦੋ ਘੱਲੂਘਾਰਿਆਂ ਨਾਲ਼ੋਂ ਵੀ ਕਿਤੇ ਵੱਧ ਭਿਆਨਕ, ਨੁਕਸਾਨਦਾਇਕ ਅਤੇ ਖ਼ਤਰਨਾਕ ਸੀ। ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਅਤੇ ਫ਼ੌਜ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ-ਸਿੰਘਣੀਆਂ ਕੋਲ਼ੋਂ ਤੇ ਉਸ ਸਮੇਂ ਨੂੰ ਕਿਸੇ ਵੀ ਤਰ੍ਹਾਂ ਹੰਢਾਉਣ ਤੇ ਅੱਖੀਂ ਤੱਕਣ ਵਾਲ਼ੇ ਲੋਕਾਂ ਨਾਲ਼ ਜਦੋਂ ਮੈਂ ਗੱਲਬਾਤ ਕਰਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਹਕੂਮਤ ਨੇ ਮੁਗਲ ਹਕੂਮਤ ਨੂੰ ਵੀ ਮਾਤ ਪਾ ਦਿੱਤੀ ਸੀ। ਇੰਦਰਾ ਗਾਂਧੀ ਨੇ ਅਬਦਾਲੀ, ਲਖਪਤ ਰਾਏ, ਜ਼ਕਰੀਆਂ ਖ਼ਾਂ, ਮੀਰ ਮੰਨੂ ਅਤੇ ਫ਼ਰੁਖ਼ਸੀਅਰ ਵੱਲੋਂ ਕੀਤੇ ਜ਼ੁਲਮਾਂ ਤੋਂ ਵੀ ਵੱਧ ਸਿੱਖ ਕੌਮ ਉੱਤੇ ਕਹਿਰ ਢਾਹਿਆ ਹੈ। ਇਸੇ ਘੱਲੂਘਾਰੇ ਦੇ ਪੀੜ ਅੱਜ ਵੀ ਸਿੱਖ ਮਨਾਂ ਵਿੱਚ ਜਿਉਂ ਦੀ ਤਿਉਂ ਕਾਇਮ ਹੈ ਤੇ ਸਦਾ ਰਹੇਗੀ। ਸਿੱਖ ਨਾ ਤਾਂ ਇਸ ਘੱਲੂਘਾਰੇ ਨੂੰ ਭੁੱਲਣਗੇ, ਨਾ ਭੁੱਲ ਸਕਦੇ ਹਨ ਅਤੇ ਨਾ ਹੀ ਇਹ ਘੱਲੂਘਾਰਾ ਵਪਰਾਉਣ ਵਾਲ਼ੇ ਦੁਸ਼ਮਣਾਂ ਨੂੰ ਸਿੱਖ ਕਦੇ ਮਾਫ਼ ਕਰਨਗੇ।
ਸ੍ਰੀ ਦਰਬਾਰ ਸਾਹਿਬ ਸਿੱਖੀ ਦਾ ਮੁੱਖ ਧੁਰਾ, ਸਿੱਖਾਂ ਦਾ ਦਿਲ ਤੇ ਜਾਨੋਂ ਪਿਆਰਾ ਅਸਥਾਨ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸਿੱਖ ਕੌਮ ਆਨ-ਸ਼ਾਨ ਤੇ ਬਾਦਸ਼ਾਹਤ ਦਾ ਪ੍ਰਤੀਕ ਹੈ ਤੇ ਦੋਵਾਂ ਗੁਰ-ਅਸਥਾਨਾਂ ’ਤੇ ਸਿੱਖ ਸਿਰ ਝੁਕਾਉਂਦੇ ਹਨ, ਦਾਤਾਂ ਮੰਗਦੇ ਹਨ, ਤੇ ਇਹਨਾਂ ਦੀ ਪਵਿੱਤਰਤਾ ਦੀ ਰਾਖੀ ਲਈ ਸ਼ਹਾਦਤਾਂ ਪਾਉਣ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ। ਇਹਨਾਂ ਪਾਵਨ ਅਸਥਾਨਾਂ ਉੱਤੇ ਮੁਗਲ਼ ਹਾਕਮਾਂ ਨੇ ਕਈ ਵਾਰ ਹਮਲੇ ਕੀਤੇ, ਇਹਨਾਂ ਨੂੰ ਢਾਹਿਆ, ਬੇਅਦਬੀ ਕੀਤੀ, ਸਰੋਵਰ ਪੂਰਿਆ ਪਰ ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਯੋਧੇ ਨਿੱਤਰੇ, ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਬਾਏ, ਅਬਦਾਲੀ ਵਰਗੇ ਕਈ ਦੁਸ਼ਟ ਭਜਾਏ ਤੇ ਆਖ਼ਰੀ ਸਾਹਾਂ ਤਕ ਜੂਝਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਘੜ ਦਾ ਸਿਰ ਵੱਢਿਆ ਤੇ ਸਿੱਖ ਸੂਰਬੀਰਾਂ ਨੇ ਹਮੇਸ਼ਾਂ ਹੀ ਆਪਣਾ ਫਰਜ ਨਿਭਾਇਆ। ਪੁਰਾਤਨ ਸਿੱਖ ਜਰਨੈਲਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਅੰਮ੍ਰਿਤਸਰ ਵਿੱਚ ਕਿਲ੍ਹੇ ਅਤੇ ਮੀਨਾਰ ਬਣਾਏ ਹੋਏ ਸਨ।
ਜਦੋਂ ਅੰਗਰੇਜ਼ ਹਕੂਮਤ ਸੀ ਤਾਂ ਉਹ ਵੀ ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ ਨੂੰ ਸਮਝਦੇ ਸੀ ਕਿ ਸਿੱਖਾਂ ਨੂੰ ਇਹਨਾਂ ਅਸਥਾਨਾਂ ਤੋਂ ਤਾਕਤ ਅਤੇ ਪ੍ਰੇਰਨਾ ਮਿਲ਼ਦੀ ਹੈ।ਅੰਗਰੇਜ਼ਾਂ ਨੇ ਕਦੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਜ਼ੁਰਅਤ ਨਹੀਂ ਸੀ ਕੀਤੀ, ਹਾਲਾਂਕਿ ਦਰਬਾਰ ਸਾਹਿਬ ਦੇ ਬਾਹਰ ਅੰਗਰੇਜ਼ਾਂ ਨੇ ਇੱਕ ਗਿਰਜਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹੋਰ ਕਈ ਗੁਰਦੁਆਰੇ ਸਾਹਿਬਾਨਾਂ ਵਿੱਚ ਸਿੱਖੀ ਦੇ ਵਿਰੋਧੀ ਮਹੰਤਾਂ-ਪੁਜਾਰੀਆਂ ਤੇ ਬਾਹਮਣਾਂ ਨੂੰ ਕਾਬਜ ਕਰਵਾ ਦਿੱਤਾ ਸੀ ਪਰ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਸਿੰਘ ਸਭਾ ਲਹਿਰ ਚਲਾ ਕੇ ਗੁਰਦੁਆਰੇ ਆਜ਼ਾਦ ਕਰਵਾ ਲਏ ਸਨ।
1947 ਵਿੱਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਹਿੰਦੂ ਹਾਕਮਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਤੇ 4 ਜੁਲਾਈ 1955 ਨੂੰ ਦਰਬਾਰ ਸਾਹਿਬ ਵਿੱਚ ਪੁਲੀਸ ਭੇਜ ਕੇ ਪਹਿਲਾ ਹਮਲਾ ਕੀਤਾ ਸੀ। ਸਿੱਖਾਂ ਨਾਲ਼ ਤਾਂ ਧੱਕੇਸ਼ਾਹੀਆਂ ਬਾ-ਦਸਤੂਰ ਜਾਰੀ ਰਹੀਆਂ ਹਾਲਾਂਕਿ ਭਾਰਤ ਨੂੰ ਅਜ਼ਾਦ ਕਰਾਉਣ ਵਿੱਚ ਸਿੱਖ ਕੌਮ ਦਾ ਸਭ ਤੋਂ ਵੱਡਾ ਯੋਗਦਾਨ ਸੀ। ਜਦੋਂ ਪੰਥ ਤੇ ਪੰਜਾਬ ਦੇ ਹੱਕਾਂ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਂਤਮਈ ਮੋਰਚਾ ਲਾਇਆ ਤਾਂ ਗੰਗੂ ਅਤੇ ਨਹਿਰੂ ਦੀ ਵਾਰਸ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਵਿਉਂਤ ਘੜ ਲਈ, ਚਕਰਾਤਾ ਵਿੱਚ ਭਾਰਤੀ ਫ਼ੌਜ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਹਮਲੇ ਦੀਆਂ ਤਿਆਰੀਆਂ ਵਿੱਚ ਰੁੱਝ ਗਈ।
1 ਜੂਨ ਨੂੰ ਸੀ.ਆਰ.ਪੀ.ਐਫ. ਨੇ ਸ੍ਰੀ ਦਰਬਾਰ ਸਾਹਿਬ ਉੱਤੇ ਗੋਲ਼ੀਆਂ ਚਲਾ ਕੇ ਕਈ ਸਿੰਘ ਸ਼ਹੀਦ ਕਰ ਦਿੱਤੇ ਸਨ ਪਰ 2 ਜੂਨ ਨੂੰ ਟੈਲੀਵਿਜ਼ਨ ਉੱਤੇ ਸ਼ਾਂਤੀ, ਏਕਤਾ ਅਤੇ ਗੱਲਬਾਤ ਦਾ ਕਹਿ ਕੇ ਇੰਦਰਾ ਗਾਂਧੀ ਪਖੰਡ, ਝੂਠ ਅਤੇ ਧ੍ਰੋਹ ਕਮਾ ਰਹੀ ਸੀ। 1975 ਵਿੱਚ ਲੱਗੀ ਐਮਰਜੰਸੀ ਦੌਰਾਨ ਅਕਾਲੀ ਆਗੂਆਂ ਅਤੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਜੋ ਜਬਰਦਸਤ ਵਿਰੋਧ ਕੀਤਾ ਸੀ, ਇੰਦਰਾ ਗਾਂਧੀ ਨੂੰ ਉਸ ਦਾ ਵੀ ਗੁੱਸਾ ਸੀ, ਭਾਜਪਾ ਵੀ ਸਿੱਖਾਂ ਦੇ ਖ਼ਿਲਾਫ਼ ਹੋ ਕੇ ਕਾਂਗਰਸ ਦੇ ਨਾਲ਼ ਖੜ੍ਹੀ ਸੀ, ਕਾਮਰੇਡ ਪਾਰਟੀਆਂ ਵੀ ਇੰਦਰਾ ਗਾਂਧੀ ਨੂੰ ਸਮਰਥਨ ਦੇ ਰਹੀਆਂ ਸਨ ਤੇ ਕੁਝ ਅਖੌਤੀ ਅਕਾਲੀ ਆਗੂ ਸਮਝੌਤੇ ਅਤੇ ਗ਼ੱਦਾਰੀਆਂ ਉੱਤੇ ਉੱਤਰ ਆਏ ਸਨ। ਸਿੱਖਾਂ ਨੂੰ ਮਾਰ ਕੇ ਤੇ ਭਾਰਤ-ਭਰ ਦੀ ਹਿੰਦੂ ਬਹੁ-ਗਿਣਤੀ ਨੂੰ ਖ਼ੁਸ਼ ਕਰਕੇ ਇੰਦਰਾ ਅਗਲੀਆਂ ਚੋਣਾਂ ਵੀ ਜਿੱਤਣਾ ਚਾਹੁੰਦੀ ਸੀ।
ਅਕਾਲੀ ਦਲ ਨੇ 3 ਜੂਨ ਤੋਂ ਕੇਂਦਰ ਸਰਕਾਰ ਨਾਲ਼ ਨਾ-ਮਿਲਵਰਤਣ ਲਹਿਰ ਚਲਾਉਣ ਦਾ ਐਲਾਨ ਵੀ ਕੀਤਾ ਹੋਇਆ ਸੀ ਤੇ ਉਸੇ ਦਿਨ ਪੰਜਵੇਂ ਪਾਤਸ਼ਾਹ, ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਸ ਨੂੰ ਮਨਾਉਣ ਲਈ ਬੇਅੰਤ ਸੰਗਤਾਂ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਪਹੁੰਚੀਆਂ ਸਨ ਤੇ ਸਰਕਾਰ ਨੇ ਪਹਿਲੀ ਤੋਂ ਮਿੱਥੀ ਹੋਈ ਸਾਜ਼ਿਸ਼ ਤਹਿਤ ਕਰਫਿਊ ਲਾ ਦਿੱਤਾ। ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸਮੁੱਚੇ ਪੰਜਾਬ ਨੂੰ ਪੂਰੀ ਤਰ੍ਹਾਂ ਘੇਰ ਲਿਆ। ਟੈਲੀਫ਼ੋਨ, ਬਿਜਲੀ, ਆਵਾਜਾਈ ਅਤੇ ਪਾਣੀ ਦੀ ਸਪਲਾਈ ਸਭ ਕੁਝ ਬੰਦ ਕਰ ਦਿੱਤਾ ਤੇ ਸਿੱਖਾਂ ਨੂੰ ਜ਼ੁਲਮ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ।
4 ਜੂਨ 1984 ਨੂੰ ਅੰਮ੍ਰਿਤ ਵੇਲੇ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤਾਂ ਭਾਰਤੀ ਫ਼ੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਗੋਲ਼ੇ ਵਰ੍ਹਾ ਕੇ ਹਮਲਾ ਸ਼ੁਰੂ ਕਰ ਦਿੱਤਾ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਵੀ ਤਾਬੜਤੋੜ ਗੋਲੀਆਂ ਚਲਾਈਆਂ ਜਿਸ ਨਾਲ਼ ਪਾਠ ਅਤੇ ਕੀਰਤਨ ਕਰਦੇ ਸਿੰਘ ਵੀ ਸ਼ਹਾਦਤਾਂ ਦੇ ਜਾਮ ਪੀ ਗਏ। ਜਦੋਂ ਸੰਤ ਜਰਨੈਲ ਸਿੰਘ ਅਤੇ ਸਾਥੀ ਜੁਝਾਰੂ ਸਿੰਘਾਂ ਨੇ ਖ਼ਾਲਸਈ ਹੱਥ ਦਿਖਾਏ, ਪ੍ਰਕਰਮਾ ਵਿੱਚ ਉੱਤਰੀਆਂ ਭਾਰਤੀ ਫ਼ੌਜਾਂ ਦੀਆਂ ਲਾਸ਼ਾਂ ਦੇ ਢੇਰ ਲਾਏ, ਪੂਰੀ ਬਹਾਦਰੀ ਅਤੇ ਸਿਦਕਦਿਲੀ ਨਾਲ਼ ਮੁਕਾਬਲਾ ਕੀਤਾ ਤਾਂ ਜਨਰਲ ਵੈਦਿਆ, ਕੁਲਦੀਪ ਬਰਾੜ, ਰਣਜੀਤ ਦਿਆਲ ਵਰਗਿਆਂ ਦੇ ਪਸੀਨੇ ਛੁੱਟ ਗਏ।
ਫ਼ੌਜ ਨੂੰ ਤਾਂ ਲੱਗਦਾ ਸੀ ਕਿ ਦੋ-ਚਾਰ ਘੰਟਿਆਂ ਵਿੱਚ ਹੀ ਉਹ ਸਾਰੀ ਕਾਰਵਾਈ ਮੁਕਾ ਲੈਣਗੇ ਤੇ ਸੰਤ ਭਿੰਡਰਾਂਵਾਲਿਆਂ ਨੂੰ ਫੜ ਕੇ ਜਾਂ ਮਾਰ ਕੇ ਇੰਦਰਾ ਗਾਂਧੀ ਅੱਗੇ ਦਿੱਲੀ ਪੇਸ਼ ਕਰ ਦੇਣਗੇ ਪਰ ਫ਼ੌਜੀ ਜਰਨੈਲਾਂ ਨੇ ਵੱਡੀ ਖਤਾ ਖਾਧੀ ਤੇ ਉਹਨਾਂ ਦੇ ਸਾਰੇ ਅਨੁਮਾਨ ਗਲਤ ਸਾਬਤ ਹੋਏ ਤੇ ਹੰਕਾਰ ਚਕਨਾ-ਚੂਰ ਹੋ ਗਿਆ। ਫ਼ੌਜ ਨੇ ਪਹਿਲਾਂ ਮਸ਼ੀਨਗੰਨਾਂ ਤੇ ਰਾਕਟ ਲਾਂਚਰਾਂ ਦੀ ਵਰਤੋਂ ਕੀਤੀ ਪਰ 150-200 ਖ਼ਾਲਸਾਈ ਯੋਧੇ ਹੀ ਪੰਜਾਹ ਹਜ਼ਾਰ ਤੋਂ ਵੱਧ ਅੰਮ੍ਰਿਤਸਰ ਵਿੱਚ ਆਈ ਭਾਰਤੀ ਫ਼ੌੌਜ ਉੱਤੇ ਭਾਰੂ ਪੈ ਗਏ ਸਨ। ਫਿਰ ਕੀ ਸੀ ਦਿੱਲੀ ਤਕ ਫ਼ੋਨ ਖੜਕ ਗਏ ਤੇ ਹੋਰ ਫ਼ੌਜ, ਬਖ਼ਤਰ ਬੰਦ ਗੱਡੀਆਂ, ਜ਼ਹਿਰੀਲੀਆਂ ਗੈਸਾਂ ਅਤੇ ਵੱਡੀਆ ਤੋਪਾਂ ਤੇ ਅਨੇਕਾਂ ਟੈਂਕ ਆਦਿਕ ਮੰਗਵਾਏ ਗਏ।
ਇਹ ਪਹਿਲੀ ਵਾਰ ਸੀ ਜਦੋਂ ਭਾਰਤੀ ਫ਼ੌਜ ਆਪਣੇ ਹੀ ਦੇਸ਼ ਵਿੱਚ ਸਿੱਖਾਂ ਨੂੰ ਦਬਾਉਣ ਤੇ ਮੁਕਾਉਣ ਲਈ ਟੈਂਕਾਂ-ਤੋਪਾਂ ਦੀ ਵਰਤੋਂ ਕਰ ਰਹੀ ਸੀ। ਭਾਰਤੀ ਫ਼ੌਜ ਨੇ ਆਮ ਸ਼ਰਧਾਲੂਆਂ, ਬੱਚਿਆਂ, ਬੀਬੀਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਵੀ ਨਾ ਬਖ਼ਸ਼ਿਆ, ਨਿਹੱਥੀਆਂ ਸੰਗਤਾਂ ਨੂੰ ਗੋਲ਼ੀਆਂ ਨਾਲ਼ ਭੁੰਨਿਆ, ਘੋਰ ਤਸੀਹੇ ਦਿੱਤੇ, ਅੱਤ ਦੀ ਗਰਮੀ ਵਿੱਚ ਪਾਣੀ ਦੀ ਬੂੰਦ ਤਕ ਨਾ ਦਿੱਤੀ। ਮੁਗਲ-ਅਫ਼ਗਾਨ ਫ਼ੌਜਾਂ ਅਤੇ ਭਾਰਤੀ-ਹਿੰਦੂ ਫ਼ੌਜਾਂ ਵਿੱਚ ਜ਼ਰਾ ਜਿੰਨਾ ਵੀ ਕੋਈ ਅੰਤਰ ਨਹੀਂ ਸੀ ਦਿਸ ਰਿਹਾ, ਗ੍ਰਿਫ਼ਤਾਰ ਕੀਤੀਆਂ ਸੰਗਤਾਂ ਦੇ ਹੱਥ-ਪੈਰ ਬੰਨ੍ਹ ਕੇ ਸਿਰ ਵਿੱਚ ਨੇੜਿਓ ਗੋਲ਼ੀਆਂ ਮਾਰੀਆਂ ਗਈਆਂ।
4 ਜੂਨ ਤੋਂ 6 ਜੂਨ ਤਕ ਭਾਰਤੀ ਫ਼ੌਜ ਨੇ ਪੂਰੀ ਤਬਾਹੀ ਮਚਾਈ, ਸਮੁੱਚੇ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਨੂੰ ਗੋਲ਼ੀਆਂ ਤੇ ਗੋਲ਼ਿਆਂ ਨਾਲ਼ ਛਲ਼ਨੀ-ਛਲ਼ਨੀ ਕਰ ਦਿੱਤਾ, ਸਿੱਖ ਜੁਝਾਰੂਆਂ ਨੂੰ ਸ਼ਹੀਦ ਕਰਨ ਲਈ ਹਰ ਹਰਬਾ ਵਰਤਿਆ ਗਿਆ। ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ਾਬੇਗ ਸਿੰਘ, ਬਾਬਾ ਠਾਹਰਾ ਸਿੰਘ ਦੀ ਅਗਵਾਈ ਵਿੱਚ ਮੁੱਠੀ ਭਰ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਧਰਮ ਦੀ ਰਾਖੀ ਲਈ ਆਪਣੇ ਸੀਸ ਵਾਰਦਿਆਂ ਹੱਸ-ਹੱਸ ਸ਼ਹਾਦਤਾਂ ਪਾਈਆਂ ਤੇ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜ ਦਿੱਤਾ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਸੁਣ ਕੇ ਭਾਰਤੀ ਫ਼ੌਜ ਵਿੱਚ ਡਿਊਟੀਆਂ ਕਰਦੇ ਕਈ ਸਿੱਖਾਂ ਨੇ ਬਗ਼ਾਵਤ ਕਰ ਦਿੱਤੀ ਤੇ ਹਜ਼ਾਰਾਂ-ਲੱਖਾਂ ਸੰਗਤਾਂ ਨੇ ਵੀ ਪਿੰਡਾਂ-ਸ਼ਹਿਰਾਂ ਵਿੱਚੋਂ ਕਮਰਕੱਸੇ ਕਰਕੇ ਸ੍ਰੀ ਦਰਬਾਰ ਸਾਹਿਬ ਨੂੰ ਵਹੀਰਾਂ ਘੱਤ ਲਈਆਂ ਤੇ ਰਾਹ ਵਿੱਚ ਹਜ਼ਾਰਾਂ ਸਿੱਖ ਜੋ ਭਾਰਤੀ/ਹਿੰਦੂ ਫ਼ੌਜ ਦੇ ਜ਼ੁਲਮਾਂ ਦਾ ਸ਼ਿਕਾਰ ਬਣ ਗਏ।
ਫ਼ੌਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਉੱਤੇ ਵੀ ਗੋਲ਼ੀਆਂ ਚਲਾਈਆਂ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਲੁੱਟਣ ਮਗਰੋਂ ਸਾੜ ਦਿੱਤਾ, ਪੁਰਾਤਨ ਹੱਥ-ਲਿਖਤ ਬੀੜਾਂ ਤੇ ਹੁਕਮਨਾਮਿਆਂ ਸਮੇਤ ਬੇਸ਼ੁਮਾਰ ਸਾਹਿਤ ਨੂੰ ਫ਼ੌਜ ਚੁੱਕ ਕੇ ਲੈ ਗਈ, ਗੁਰੂ ਦੀਆਂ ਗੋਲਕਾਂ ਅਤੇ ਸਿੰਘਾਂ ਦੇ ਕਵਾਟਰਾਂ ਵਿੱਚੋਂ ਵੀ ਫ਼ੌਜ ਨੇ ਪੈਸੇ, ਸੋਨਾ-ਚਾਂਦੀ ਤੇ ਹੋਰ ਕੀਮਤੀ ਸਮਾਨ ਲੁੱਟ ਲਿਆ, ਤੋਸ਼ਾਖਾਨਾ ਵੀ ਸਾੜ ਦਿੱਤਾ, ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਫ਼ੌਜੀ ਕੈਂਪਾਂ ਵਿੱਚ ਤਸੀਹੇ ਦਿੱਤੇ, ਲਾਈਨਾਂ ਵਿੱਚ ਖੜ੍ਹੇ ਕਰਕੇ ਮਾਰਿਆ, ਕਈਆਂ ਨੂੰ ਲੰਬਾਂ ਸਮਾਂ ਜੇਲ੍ਹਾਂ ਵਿੱਚ ਤਾੜ ਦਿੱਤਾ, 40 ਤੋਂ ਵੀ ਵੱਧ ਗੁਰਧਾਮਾਂ ਉੱਤੇ ਹਮਲਾ ਕੇ ਸੰਗਤਾਂ ਨੂੰ ਗੋਲ਼ੀਆਂ ਨਾਲ਼ ਭੁੰਨ ਦਿੱਤਾ, ਪੰਜਾਬ ਭਰ ਵਿੱਚ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਤੇ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਬਣ ਗਿਆ ਜਿਸ ਨਾਲ਼ ਹਰ ਸਿੱਖ ਗ਼ੁਲਾਮੀ ਦਾ ਅਹਿਸਾਸ ਕਰਨ ਲੱਗਾ।
ਸਿੱਖ ਕੌਮ ਦੀ ਇਸ ਪੀੜਾ ਨੂੰ ਬਿਆਨ ਕਰਦਿਆਂ ਪਾਕਿਸਤਾਨ ਦੇ ਇੱਕ ਪ੍ਰਸਿੱਧ ਮੁਸਲਮਾਨ ਸ਼ਾਇਰ ਨੇ ਲਿਿਖਆ ਹੈ ਕਿ “ਅੱਜ ਤਪਦੀ ਭੱਠੀ ਬਣ ਗਈ, ਮੇਰੇ ਵਿਹੜੇ ਦੀ ਹਰ ਇੱਟ। ਜਿੱਥੇ ਦੁਨੀਆਂ ਮੱਥਾ ਟੇਕਦੀ, ਉਹ ਬੂਟਾਂ ਛੱਡੀ ਭਿੱਟ।
ਮੇਰੇ ਬੁਰਜ ਮੁਨਾਰੇ ਢਾਹ ਦਿੱਤੇ, ਢਾਹ ਦਿੱਤਾ ਤਖ਼ਤ ਅਕਾਲ। ਮੇਰਾ ਸੋਨੇ ਰੰਗਾ ਰੰਗ ਅੱਜ, ਮੇਰੇ ਲਹੂ ਨਾਲ਼ ਲਾਲੋ ਲਾਲ।
ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ। ਓਸ ਮੌਤ ਵਿਆਹੀ ਹੱਸ ਕੇ, ਓਹਦੇ ਦਿਲ 'ਤੇ ਰੱਤਾ ਨਾ ਮੈਲ਼। ਪਰ ਕੋਈ ਨਾ ਉਹਨੂੰ ਬਹੁੜਿਆ, ਉਹਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱੱਕੇ ਰਹਿ ਗਏ ਘਰਾਂ ਵਿੱਚ, ਮੇਰੇ ਲੱਖਾਂ ਪੁੱਤਰ ਸ਼ੇਰ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)
ਮੋ: 8872293883.
Leave a Reply