ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਵੀ ਦਿੱਤਾ ਗਿਆ 6 ਜੂਨ 1984 ਦੀ 42ਵੀਂ ਵਰ੍ਹੇਗੰਢ ਮੌਕੇ ਸੰਦੇਸ਼
- ਧਾਰਮਿਕ/ਰਾਜਨੀਤੀ
- 06 Jun, 2026 10:41 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਘੱਲੂਘਾਰਾ ਦਿਵਸ ਮੌਕੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਵੱਲੋਂ ਵੱਖਰੇ ਤੌਰ ਤੇ ਸੰਦੇਸ਼ ਜਾਰੀ ਕੀਤਾ ਗਿਆ। ਉਹਨਾਂ ਆਪਣੇ ਸ਼ੰਦੇਸ਼ ਵਿੱਚ ਕਿਹਾ ਕਿ “ ਛੇ ਜੂਨ 1984 ਦੇ ਘੱਲੂਘਾਰੇ ਦੀ ਯਾਦ ਨੂੰ ਮਨਾਉਂਦਿਆਂ ਘੱਲੂਘਾਰੇ ਵਿੱਚ ਸ਼ਹੀਦ ਹੋਏ ਮਹਾਨ ਸਿੱਖਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਕੱਦਸ ਅਸਥਾਨ ਤੇ ਇਕੱਤਰ ਹੋਏ ਸਮੂਹ ਗੁਰੂ ਖਾਲਸਾ ਜੀ, ਦਾਸ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਫਤਿਹ ਪ੍ਰਵਾਨ ਕਰਿਓ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
6 ਜੂਨ ਦਾ ਦਿਨ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। ਕੇਂਦਰ ਦੀ ਬ੍ਰਾਹਮਣ ਵਾਦੀ ਸਰਕਾਰ ਨੇ ਹਮੇਸ਼ਾ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਹੈ ਅਤੇ ਹਮੇਸ਼ਾ ਹੀ ਸਿੱਖਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਹਨ,ਨਿਰ ਸੰਦੇਹ ਸਿੱਖਾਂ ਨੇ ਇਸ ਦੇਸ਼ ਦੀ ਸਭਿਅਤਾ,ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਇਸ ਦੇ ਸਿੱਟੇ ਵਜੋਂ ਕਦੀ ਜਰਾਇਮ ਪੇਸ਼ਾ ਕੌਮ ਅਤੇ ਕਦੀ ਅੱਤਵਾਦੀ ਕਹਿ ਕੇ ਭੰਡਿਆ ਸਾਡੇ ਸਰੂਪ ਅਤੇ ਸਿਧਾਂਤਾਂ ਉੱਪਰ ਸਮੇਂ ਸਮੇਂ ਹਮਲੇ ਕੀਤੇ ਗਏ ਸਾਡੀ ਬੋਲੀ ਅਤੇ ਅੱਡਰੀ ਪਹਿਚਾਣ ਮਿਟਾਉਣ ਦੇ ਯਤਨ ਕੀਤੇ ਗਏ,ਜਿਸ ਦੇ ਸਿੱਟੇ ਵਜੋਂ ਧਰਮ ਯੁੱਧ ਮੋਰਚੇ ਦੇ ਰੂਪ ਵਿੱਚ ਆਪਣੇ ਬਣਦੇ ਹੱਕਾਂ ਲਈ ਅਵਾਜ਼ ਉਠਾਈ ਤਾਂ ਕੇਂਦਰ ਸਰਕਾਰ ਨੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਟੈਂਕਾਂ,ਤੋਪਾਂ ਨਾਲ ਸਿੱਖਾਂ ਦੇ ਜਾਨ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਮੇਤ ਪੰਜਾਬ ਵਿਚਲੇ ਚਾਲੀ ਹੋਰ ਗੁਰਧਾਮਾਂ ਤੇ ਹਮਲਾ ਕਰਕੇ ਜਿੱਥੇ ਵੀਹਵੀਂ ਸਦੀ ਦੇ ਮਹਾਨ ਆਗੂ ਮਰਦ ਏ ਮੁਜਾਹਿਦ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ,ਦੀ ਅਗਵਾਈ ਵਿੱਚ ਅਨੇਕਾਂ ਸਿੰਘਾ ਅਤੇ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ।
ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਸ਼ਹੀਦੀਆਂ ਪਾਉਣ ਵਾਲੇ ਮਹਾਨ ਸ਼ਹੀਦਾਂ ਨੂੰ ਮੈਂ ਹਾਰਦਿਕ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ ਅਤੇ ਕੌਮ ਨੂੰ ਅਪੀਲ ਕਰਦਾ ਹਾਂ ਇਸ ਸਾਰੇ ਵਰਤਾਰੇ ਲਈ ਜਿੱਥੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੋਸ਼ੀ ਹੈ ਉੱਥੇ ਬੁੱਕਲ ਦੇ ਸੱਪ ਪ੍ਰਕਾਸ਼ ਸਿੰਘ ਬਾਦਲ ਦੀ ਭ੍ਰਿਸ਼ਟ ਜੁੰਡਲ਼ੀ ਜਿਨ੍ਹਾਂ ਨੇ ਕਦੀ ਨਕਲੀ ਨਿਰੰਕਾਰੀਆਂ ਕਦੀ ਆਸ਼ੂਤੋਸ਼ ਅਤੇ ਕਦੀ ਸਰਸੇ ਵਾਲੇ ਸੌਦਾ ਸਾਧ ਰਾਹੀਂ ਕੌਮ ਦੀ ਅਣਖ ਨੂੰ ਵੰਗਾਰਿਆ ਅਤੇ ਸਿੱਖ ਸਿਧਾਂਤਾਂ ਨੂੰ ਨੇਸ਼ਤੋ ਨਬੂਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ,ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਅਤੇ ਸਿੱਖ ਬੀਬੀਆਂ ਦੀ ਬੇਪਤੀ ਕਰਨ ਵਾਲੇ ਦੁਸ਼ਟ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਉਨ੍ਹਾਂ ਦੇ ਰੋਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਤੋਂ ਨਿਜ਼ਾਤ ਪਾਉਣ ਲਈ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਪਹਿਰਾ ਦਿੰਦਿਆਂ ਕੌਮੀ ਨਿਸ਼ਨੇ ਦੀ ਪ੍ਰਾਪਤੀ ਲਈ ਨਿੱਜੀ ਹਿੱਤਾਂ ਨੂੰ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰੋਸ਼ਨੀ ਲੈ ਕੇ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਤਰ ਹੋਕੇ,ਬੰਦੀ ਸਿਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਆਪਣਾਂ ਬਣਦਾ ਯੋਗਦਾਨ ਪਾਈਏ। ਕੇਂਦਰ ਦੀ ਸਰਕਾਰ ਵੱਲੋਂ ਜੂਨ ਚਰਾਸੀ ਦੇ ਘੱਲੂਘਾਰੇ ਦੀ ਪਾਰਲੀਮੈਂਟ ਵਿੱਚ ਮੁਆਫ਼ੀ ਮੰਗ ਕੇ ਸਿੱਖ ਹਿਰਦਿਆਂ ਤੇ ਮਲ੍ਹਮ ਲਗਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।
*ਇਸੇਤਰ੍ਹਾਂ ਸਿੱਖ ਰੈਂਫਰੈਸ ਲਾਇਬਰੇਰੀ ਵਿੱਚੋਂ ਚੁੱਕੇ ਗਏ ਪਾਵਨ ਸਰੂਪਾਂ ਅਤੇ ਦੁਰਲੱਭ ਧਾਰਮਿਕ ਲਿਟਰੇਚਰ ਬਾਰੇ ਕੌਮ ਨੂੰ ਸਪੱਸ਼ਟ ਕੀਤਾ ਜਾਵੇ ਜੇਕਰ ਇਹ ਸਰਮਾਇਆ ਸਰਕਾਰ ਪਾਸ ਹੈ ਤਾਂ ਵਾਪਸ ਕੀਤਾ ਜਾਵੇ,ਅਤੇ ਜੇ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾ ਚੁੱਕਾ ਹੈ ਜਾਂ ਸਾੜ ਦਿੱਤਾ ਗਿਆ ਹੈ।
*ਇਸ ਸਾਰੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਵੀ ਸ਼ੱਕੀ ਹੈ ਜੋ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਰਮਾਏ ਸਬੰਧੀ ਕੌਮ ਨੂੰ ਸਪਸ਼ਟ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਕੇਂਦਰ ਸਰਕਾਰ ਨੂੰ ਜੂਨ 1984 ਦੇ ਘੱਲੂਘਾਰੇ ਸਬੰਧੀ ਸਾਰੇ ਡਾਕੂਮੈਂਟ ਜਨਤਕ ਕਰਨੇ ਚਾਹੀਦੇ ਹਨ ਤਾਂ ਜੋ ਇਸ ਘਿਨਾਉਣੇ ਅਪਰਾਧ ਲਈ ਦੇਸ਼ ਅਤੇ ਵਿਦੇਸ਼ ਵਿਚਲੀਆਂ ਤਾਕਤਾਂ ਦੀ ਪਹਿਚਾਣ ਹੋ ਸਕੇ।
ਅੰਤ ਵਿੱਚ ਮਹਾਨ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਅਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਤੱਕ ਸੰਘਰਸ਼ ਚਾਲੂ ਰੱਖਣ ਦੀ ਵਚਨਬੱਧਤਾ ਦੁਹਰਾਉਂਦਿਆਂ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਨੂ ਪ੍ਰਣਾਮ ਕਰਦਾ ਹਾਂ।
ਭੁੱਲ ਚੁੱਕ ਦੀ ਖਿਮਾ ।
ਗੁਰੂ ਪੰਥ ਦਾ ਦਾਸ,
(ਧਿਆਨ ਸਿੰਘ ਮੰਡ )
ਕਾਰਜਕਾਰੀ ਜਥੇਦਾਰ
ਸ੍ਰੀ ਅਕਾਲ ਤਖ਼ਤ ਸਾਹਿਬ।
Leave a Reply