ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਲਈ ਹਰ ਅੰਮ੍ਰਿਤਧਾਰੀ ਅੱਤਵਾਦੀ
- ਅੰਤਰਰਾਸ਼ਟਰੀ
- 11 Jul, 2026 01:55 PM (Asia/Kolkata)
1984 ਵਿੱਚ ਭਾਰਤ ਸਰਕਾਰ ਨੇ 'ਬਾਤਚੀਤ' ਪਰਚੇ ਵਿੱਚ ਹਰ ਅੰਮ੍ਰਿਤਧਾਰੀ ਨੂੰ ਅੱਤਵਾਦੀ ਆਖਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਅੰਮ੍ਰਿਤਧਾਰੀ ਵੇਖਣ ਨੂੰ ਭਾਵੇਂ ਭੋਲ਼ੇ-ਭਾਲ਼ੇ ਲੱਗਦੇ ਨੇ ਪਰ ਇਹ ਅੱਤਵਾਦੀ ਹੁੰਦੇ ਹਨ। ਪੰਜਾਬ ਪੁਲੀਸ ਅਤੇ ਸੀ.ਆਰ.ਪੀ.ਐੱਫ. ਸਭ ਤੋਂ ਵੱਧ ਅੰਮ੍ਰਿਤਧਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੁੰਦੀ ਸੀ। ਦਿੱਲੀ ਦਰਬਾਰ ਨੇ ਪੰਜਾਬ ਪੁਲੀਸ ਨੂੰ ਕਿਹਾ ਕਿ "ਜੇ ਤਰੱਕੀਆਂ ਲੈਣੀਆਂ ਹਨ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਕਤਲ ਕਰੋ।" ਪੁਲਿਸ ਮੁਖੀ ਰਿਬੈਰੋਂ ਤੋਂ ਬਾਅਦ ਜਦੋਂ ਕੇ.ਪੀ.ਐੱਸ. ਗਿੱਲ ਨੇ ਕਮਾਂਡ ਸੰਭਾਲੀ ਤਾਂ ਪੁਲਸੀਆਂ ਨੇ ਸਿੱਖਾਂ ਦਾ ਸ਼ਿਕਾਰ ਹੋਰ ਵੀ ਤੇਜ਼ੀ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਅਜੀਤ ਸੰਧੂ ਏ.ਐੱਸ.ਆਈ. ਤੋਂ ਐੱਸ.ਐੱਸ.ਪੀ. ਬਣ ਗਿਆ, ਉਸ ਨੇ ਜਨਰਲ ਲਾਭ ਸਿੰਘ ਪੰਜਵੜ, ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਬੀਬੀ ਮਹਿੰਦਰ ਕੌਰ ਤੇ ਭਰਾ ਰਾਜਵਿੰਦਰ ਸਿੰਘ, ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ, ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਭਗਤ ਸਿੰਘ ਦੇ ਭਾਣਜੇ ਕੁਲਜੀਤ ਸਿੰਘ ਢੱਟ ਅਤੇ ਹੋਰ ਸੈਂਕੜੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ।
ਕੁਝ ਨਰਮ ਦਿਲ ਵਾਲੇ ਪੁਲਸੀਏ ਜੋ ਦਰਿੰਦੇ ਪੁਲਸੀਆਂ ਦੇ ਆਖੇ ਨਹੀਂ ਸਨ ਲੱਗਦੇ ਫਿਰ ਉਹਨਾਂ ਦੇ ਘਰਾਂ 'ਤੇ ਹਮਲੇ ਕਰਵਾ ਕੇ ਉਹਨਾਂ ਨੂੰ ਵੀ ਖਾੜਕੂਆਂ ਦੇ ਵਿਰੁੱਧ ਭੁਗਤਾ ਦਿੱਤਾ ਜਾਂਦਾ ਸੀ। ਪਹਿਲਾਂ ਪੁਲਿਸ ਖਾੜਕੂ ਸਿੰਘਾਂ ਨੂੰ ਮਾਰਦੀ ਸੀ ਤੇ ਫਿਰ ਆਮ ਸਿੱਖਾਂ ਨੂੰ ਵੀ ਮਾਰ ਕੇ ਖਾੜਕੂ ਤੇ ਅੱਤਵਾਦੀ ਕਹਿ ਦਿੱਤਾ ਜਾਂਦਾ ਸੀ। ਪੁਲਸੀਆਂ ਵੱਲੋਂ ਵੱਖ-ਵੱਖ ਕਹਾਣੀਆਂ ਘੜੀਆਂ ਜਾਂਦੀਆਂ ਕਿ 'ਅਸੀਂ ਨਾਕਾ ਲਾਇਆ ਹੋਇਆ ਸੀ, ਦੋ ਸ਼ੱਕੀ ਬੰਦੇ ਸਕੂਟਰ 'ਤੇ ਆਏ, ਅਸੀਂ ਰੁਕਣ ਦਾ ਇਸ਼ਾਰਾ ਕੀਤਾ, ਉਹਨਾਂ ਨੇ ਅੱਗਿਓਂ ਗੋਲ਼ੀ ਚਲਾ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਉਹ ਮਾਰੇ ਗਏ ਜਿਨ੍ਹਾਂ ਦੀ ਪਛਾਣ ਫਲਾਣੇ ਖਾੜਕੂ ਵਜੋਂ ਹੋਈ।' ਇਹ ਵੀ ਕਿਹਾ ਜਾਂਦਾ ਸੀ ਕਿ 'ਅਸੀਂ ਹਥਿਆਰਾਂ ਦੀ ਬਰਾਮਦਗੀ ਲਈ ਇੱਕ ਖਾੜਕੂ ਨੂੰ ਲੈ ਕੇ ਜਾ ਰਹੇ ਸੀ, ਰਸਤੇ ਵਿੱਚ ਉਸ ਦੇ ਸਾਥੀਆਂ ਨੇ ਸਾਡੀ ਜੀਪ ਉੱਤੇ ਹਮਲਾ ਕਰ ਦਿੱਤਾ, ਤੇ ਦੋਵਾਂ ਪਾਸਿਓਂ ਹੋਈ ਫਾਇਰਿੰਗ ਵਿੱਚ ਹੱਥਕੜੀ ਵਾਲ਼ਾ ਖਾੜਕੂ ਮਾਰਿਆ ਗਿਆ ਤੇ ਅਸੀਂ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ।'
ਪਰ ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਸੱਚਮੁੱਚ ਹੀ ਸਿੰਘ ਆਪਣੇ ਕਿਸੇ ਜੁਝਾਰੂ ਸਾਥੀ ਨੂੰ ਛੁਡਾਉਣ ਆਉਂਦੇ ਹੁੰਦੇ ਸੀ ਤਾਂ ਫਿਰ ਉਹ ਛੁਡਾ ਕੇ ਲੈ ਜਾਂਦੇ ਸਨ ਤੇ ਮੌਕੇ 'ਤੇ ਪੁਲਸੀਏ ਹੀ ਮਰਦੇ ਹੁੰਦੇ ਸਨ ਜਿਵੇਂ ਜਨਰਲ ਲਾਭ ਸਿੰਘ ਪੰਜਵੜ ਨੂੰ ਜਲੰਧਰ ਦੀ ਕਚਹਿਰੀ ਵਿੱਚੋਂ ਅਤੇ ਭਾਈ ਅਨੋਖ ਸਿੰਘ ਬੱਬਰ ਨੂੰ ਲੁਧਿਆਣੇ ਦੀ ਕਚਹਿਰੀ ਵਿੱਚੋਂ ਤੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਨੂੰ ਛੁਡਾਇਆ ਗਿਆ ਸੀ।
ਕੁਝ ਪੁਲਸੀਏ ਆਪਣੀ ਡਿਊਟੀ ਨੂੰ ਲੱਤ ਮਾਰ ਕੇ ਸਿੱਖ ਸੰਘਰਸ਼ ਵਿੱਚ ਸ਼ਾਮਿਲ ਹੋ ਗਏ ਤੇ ਇਹਨਾਂ ਨੇ ਚੋਟੀ ਦੇ ਕਾਰਨਾਮੇ ਕੀਤੇ ਤੇ ਕਰਵਾਏ ਸਨ। ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਨੂੰ ਉਡਾਉਣ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਪਹਿਲਾਂ ਪੁਲਿਸ ਵਿੱਚ ਹੀ ਸਨ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਵੀ ਪੁਲਿਸ ਦੀ ਡਿਊਟੀ ਕਰ ਰਹੇ ਸਨ। ਪੀ.ਏ.ਪੀ. ਜਲੰਧਰ ਵਿੱਚ ਰਿਬੈਰੋ 'ਤੇ ਹਮਲਾ ਅਤੇ ਗੋਬਿੰਦ ਰਾਮ ਉੱਤੇ ਬੰਬ ਧਮਾਕੇ ਵਿੱਚ ਵੀ ਪੁਲਸੀਆਂ ਨੇ ਮਦਦ ਕੀਤੀ ਸੀ। ਭਾਈ ਸੁਖਦੇਵ ਸਿੰਘ ਸੁੱਖਾ ਉਰਫ਼ ਜਨਰਲ ਲਾਭ ਸਿੰਘ ਪੰਜਵੜ, ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਨਾਮ ਸਿੰਘ ਭੂਰਾ ਕੋਹਨਾ, ਭਾਈ ਸੁਜਾਨ ਸਿੰਘ ਮਨਾਵਾਂ ਪੁਲਿਸ ਦੀ ਨੌਕਰੀ ਛੱਡ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲ਼ ਰਲ ਗਏ ਸਨ। ਬਸ਼ੀਰ ਮੁਹੰਮਦ ਉਰਫ਼ ਭਾਈ ਲਛਮਣ ਸਿੰਘ ਬੱਬਰ, ਭਾਈ ਮਨਜੀਤ ਸਿੰਘ ਸਠਿਆਲਾ ਅਤੇ ਭਾਈ ਬਿਸ਼ੇਸ਼ਰ ਸਿੰਘ ਸਮੇਤ ਹੋਰ ਅਨੇਕਾਂ ਪੁਲਸੀਆਂ ਨੇ ਸਿੱਖ ਸੰਘਰਸ਼ ਦਾ ਰਾਹ ਫੜਿਆ ਸੀ। ਸਿਪਾਹੀ ਸਤਨਾਮ ਸਿੰਘ ਮਾਣਕ ਨੇ ਝੂਠੇ ਮੁਕਾਬਲੇ ਨਸ਼ਰ ਕੀਤੇ ਸਨ।
ਪੁਲਿਸ ਅਫ਼ਸਰ ਗੋਬਿੰਦ ਰਾਮ ਨੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਪਰਿਵਾਰ ਸਮੇਤ ਅਨੇਕਾਂ ਸਿੱਖਾਂ ਦੇ ਪਰਿਵਾਰਾਂ ਉੱਤੇ ਤਸ਼ੱਦਦ ਢਾਹਿਆ, ਉਹ ਆਖਦਾ ਸੀ ਕਿ "ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਗੋਬਿੰਦ ਰਾਮ ਨੂੰ ਚੇਤੇ ਰੱਖੋਗੇ।" ਉਸ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਭਰਜਾਈ ਤੇ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਤੇ ਭਾਈ ਕੁਲਵੰਤ ਸਿੰਘ ਕੈਸ਼ੀਅਰ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਨੂੰ ਚੁੱਕ ਕੇ ਅਣਮਨੁੱਖੀ ਤਸੀਹੇ ਦਿੱਤੇ ਸਨ ਜਿਸ ਖ਼ਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮੋਰਚਾ ਲਾਉਣ ਦਾ ਸੱਦਾ ਦੇਣਾ ਪਿਆ ਸੀ। ਉਸ ਨੇ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ (ਤੁਗਲਵਾਲਾ) ਦੇ ਮਾਤਾ ਜੀ ਅਤੇ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਗਰਭਵਤੀ ਹਾਲਤ ਵਿੱਚ ਕੁੱਟਿਆ ਸੀ।
ਬੁੱਚੜ ਕੇ.ਪੀ.ਐੱਸ. ਗਿੱਲ ਦੀ ਅਗਵਾਈ ਵਿੱਚ ਇਹ ਪੁਲੀਸ ਕਾਤਲ ਮਸ਼ੀਨ ਬਣ ਗਈ ਸੀ। ਇਹਨਾਂ ਨੂੰ ਬੰਦੇ ਮਾਰਨ ਦਾ ਐਨਾ ਸਵਾਦ ਪੈ ਗਿਆ ਕਿ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ, ਜੰਝਾਂ ਚੜ੍ਹਨੀਆਂ ਬੰਦ ਹੋ ਗਈਆਂ ਤੇ ਹਰ ਰੋਜ਼ ਸਿਵੇ ਬਲਣ ਲੱਗੇ। ਪੁਲਿਸ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਮਾਤਾ ਜੀ ਅਤੇ ਭਾਈ ਬਲਵਿੰਦਰ ਸਿੰਘ ਗੱਗੋਬੂਹਾ ਦੇ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ।
ਪੁਲਿਸ ਨੇ ਜੁਝਾਰੂ ਸਿੰਘਾਂ ਨੂੰ ਠਾਹਰਾਂ ਦੇਣ ਵਾਲੇ ਅਤੇ ਉਹਨਾਂ ਦੇ ਹਮਦਰਦੀ ਪਰਿਵਾਰਾਂ ਦੇ ਘਰ ਢਾਹ ਦਿੱਤੇ ਤੇ ਕਈ ਮੈਂਬਰ ਖਾੜਕੂ ਕਹਿ ਕੇ ਮਾਰ ਦਿੱਤੇ। ਘਰਾਂ, ਦੁਕਾਨਾਂ, ਖੇਤਾਂ ਵਿੱਚੋਂ ਚੁੱਕ ਕੇ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਪੁਲਿਸ ਨੇ ਕਿਸੇ ਇੱਕ ਜੁਝਾਰੂ ਤੋਂ ਫੜੇ ਗਏ ਹਥਿਆਰ ਫਿਰ ਹੋਰ ਨਵੇਂ-ਨਵੇਂ ਸਿੱਖਾਂ ਦੇ ਕੋਲੋਂ ਓਹੀ ਹਥਿਆਰ ਬਰਾਮਦ ਹੋਏ ਵਿਖਾ ਕੇ ਡਰਾਮਾ ਕਰੀ ਰੱਖਿਆ। ਪੁਲਿਸ ਨੇ ਸੰਤੋਖਾ ਕਾਲ਼ਾ ਕੈਟ ਅਤੇ ਅਜੀਤ ਪੂਹਲੇ ਵਰਗੇ ਕਈ ਕੈਟ ਪੈਦਾ ਕੀਤੇ ਹੋਏ ਸਨ। ਇਜ਼ਹਾਰ ਆਲਮ ਨੇ ਆਲਮ ਸੈਨਾ ਤੇ ਗੋਬਿੰਦ ਰਾਮ ਨੇ ਰਾਵਣ ਸੈਨਾ ਬਣਾਈ ਹੋਈ ਸੀ। ਪੁਲਿਸ ਅਫ਼ਸਰ ਸੁਮੇਧ ਸੈਣੀ, ਸਵਰਨ ਘੋਟਣਾ, ਸੀਤਾ ਰਾਮ ਅਤੇ ਥਾਣੇਦਾਰ ਸੂਬਾ ਸਰਹੰਦ ਨੇ ਸਿੱਖਾਂ ਉੱਤੇ ਬੜਾ ਜ਼ਾਲਮਾਨਾ ਕਹਿਰ ਕੀਤਾ।
14 ਜੂਨ 1992 ਨੂੰ ਭਾਈ ਸੁਰਜੀਤ ਸਿੰਘ ਬਹਿਲਾ ਨੂੰ ਮੁਕਾਬਲੇ ਵਿੱਚ ਸ਼ਹੀਦ ਕਰਨ ਸਮੇਂ 1600 ਸੁਰੱਖਿਆ ਕਰਮਚਾਰੀਆਂ ਨੇ ਪਿੰਡ ਦੇ ਹੀ ਪੰਜ ਬੰਦਿਆਂ ਨੂੰ ਆਪਣੀ ਢਾਲ ਬਣਾ ਕੇ ਮਾਰ ਦਿੱਤਾ ਸੀ। ਪੁਲਿਸ ਨੇ ਮੈਂਬਰ ਪਾਰਲੀਮੈਂਟ ਭਾਈ ਜਗਦੇਵ ਸਿੰਘ ਖੁੱਡੀਆਂ, ਆਈ.ਏ.ਐੱਸ. ਅਫ਼ਸਰ ਦਾ ਪੁੱਤਰ ਬਲਵੰਤ ਸਿੰਘ ਮੁਲਤਾਨੀ ਅਤੇ ਵਕੀਲ ਕੁਲਵੰਤ ਸਿੰਘ ਰੋਪੜ ਨੂੰ ਉਸ ਦੀ ਪਤਨੀ ਤੇ ਬੱਚੇ ਸਮੇਤ ਕੋਹ-ਕੋਹ ਕੇ ਸ਼ਹੀਦ ਕੀਤਾ। ਇਹਨਾਂ ਪੁਲਸੀਆਂ ਅਤੇ ਕੈਟਾਂ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਚਾਰ ਮੈਂਬਰ ਅਤੇ ਭਾਈ ਜੋਗਾ ਸਿੰਘ ਖਾਨਪੁਰ ਦੇ ਪਰਿਵਾਰਿਕ ਮੈਂਬਰ ਬੇਦਰਦੀ ਨਾਲ ਸ਼ਹੀਦ ਕੀਤੇ। ਬੱਗੇ ਪਿੰਡ ਦੇ ਇੱਕੋ ਪਰਿਵਾਰ ਦੇ ਸੱਤ ਮੈਂਬਰ ਮਾਰ ਦਿੱਤੇ, ਪਿੰਡ ਬੀਰੋਮਾਜਰੀ ਵਿੱਚ ਤਿੰਨ ਔਰਤਾਂ ਨਾਲ ਬਲਾਤਕਾਰ ਕੀਤਾ, ਪੁਲਿਸ ਅਫ਼ਸਰ ਮੁਹੰਮਦ ਮੁਸਤਫ਼ਾ ਦੇ ਗੰਨਮੈਨਾਂ ਦਵਿੰਦਰਪਾਲ, ਸਤੀਸ਼, ਗੋਗੀ ਤੇ ਦਾਰੇ ਨੇ ਪਿੰਡ ਮਨੀਮਾਜਰੇ 'ਚ ਵਿਆਹੁਤਾ ਲੜਕੀ ਦੀ ਹਥਿਆਰਾਂ ਦਾ ਡਰ ਵਿਖਾ ਕੇ ਪੱਤ ਲੁੱਟੀ।
ਪੁਲੀਸ ਨੇ ਲੁਧਿਆਣੇ ਵਿੱਚ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਗੋਲੀਆਂ ਮਾਰੀਆਂ, ਸੰਨ 2012 ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਗੋਲ਼ੀ ਮਾਰ ਕੇ ਸ਼ਹੀਦ ਕੀਤਾ, ਬਜ਼ੁਰਗ ਭਾਈ ਸੋਹਣ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਹੀ ਮਾਰ ਦਿੱਤਾ, ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ਼ ਮੰਗਦੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਤੇ ਅਨੇਕਾਂ ਸੰਗਤਾਂ ਨੂੰ ਜ਼ਖ਼ਮੀ ਕੀਤਾ ਸੀ। ਪੁਲੀਸ ਨੇ ਹੁਣ ਵੀ ਬਥੇਰੇ ਸਿੱਖਾਂ ਉੱਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਤਾੜਿਆ ਹੋਇਆ ਹੈ। ਸੀ.ਆਈ.ਏ. ਸਟਾਫਾਂ ਅਤੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਪਤਾ ਨਹੀਂ ਕਿੰਨੇ ਸਿੱਖਾਂ ਨੂੰ ਜ਼ੁਲਮ ਝੱਲਣਾ ਪੈਂਦਾ ਹੈ।
ਕੀ ਇਹ ਪੁਲਸੀਏ ਆਪਣੇ ਪਰਿਵਾਰਾਂ ਨਾਲ ਵੀ ਅਜਿਹਾ ਵਿਹਾਰ ਕਰਦੇ ਹਨ ? ਪੁਲਸੀਆਂ ਦੇ ਪਰਿਵਾਰ ਇਹਨਾਂ ਨੂੰ ਦਰਿੰਦਗੀ ਬਾਰੇ ਸਵਾਲ ਕਿਉਂ ਨਹੀਂ ਕਰਦੇ ? ਬੁੱਚੜ ਪੁਲਿਸ ਵਾਲਿਆਂ ਨੂੰ ਉਸ ਦੇ ਬੱਚੇ ਕਿਵੇਂ ਪਾਪਾ ਕਹਿ ਦਿੰਦੇ ਨੇ ? ਉਹਨਾਂ ਦੀਆਂ ਪਤਨੀਆਂ ਕਿਵੇਂ ਇਹਨਾਂ ਰਾਖਸ਼ਾਂ ਨੂੰ ਆਪਣੇ ਪਤੀ ਮੰਨੀ ਬੈਠੀਆਂ ਹਨ ? ਕੀ ਇਹਨਾਂ ਦਾ ਕੋਈ ਰਿਸ਼ਤੇਦਾਰ ਇਹਨਾਂ ਨੂੰ ਜ਼ੁਲਮ ਕਰਨੋਂ ਰੋਕਦਾ ਨਹੀਂ ਹੈ ? ਪੁਲਿਸ ਆਪਣੇ ਕਾਰਿਆਂ ਤੋਂ ਕਦੋਂ ਹਟੇਗੀ ? ਕਦੋਂ ਤਕ ਸਿੱਖ ਜਵਾਨੀ ਇਹਨਾਂ ਦਾ ਸ਼ਿਕਾਰ ਹੁੰਦੀ ਰਹੇਗੀ ? ਖ਼ਾਕੀ ਵਰਦੀ ਸਿੱਖਾਂ ਦੇ ਖ਼ੂਨ ਨਾਲ ਲਿੱਬੜੀ ਹੋਈ ਹੈ।
ਪੰਜਾਬ ਪੁਲਿਸ ਨੂੰ ਆਖ਼ਰ ਅਜਿਹੀ ਕਿਹੜੀ ਟ੍ਰੇਨਿੰਗ ਅਤੇ ਕਿਹੜੀ ਸਕੂਲਿੰਗ ਦਿੱਤੀ ਜਾਂਦੀ ਹੈ ਕਿ ਇੱਕ ਆਮ ਜਿਹੇ ਘਰੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਭਰਤੀ ਹੋਇਆ ਇਨਸਾਨ ਵਰਦੀ ਪਾਉਂਦਿਆਂ ਹੀ ਆਪਣੇ ਅੰਦਰਲੇ ਮਨੁੱਖੀ ਗੁਣਾਂ ਨੂੰ ਵਿਸਾਰ ਬੈਠਦਾ ਹੈ ਅਤੇ ਹੌਲੀ-ਹੌਲੀ ਕਰੂਰਤਾ, ਹੰਕਾਰ ਤੇ ਬੇਰਹਿਮੀ ਦੇ ਸਾਰੇ ਹੱਦ-ਬੰਨੇ ਟੱਪ ਜਾਂਦਾ ਹੈ।
ਜੇ ਕਿਸੇ ਟ੍ਰੇਨਿੰਗ ਦਾ ਨਤੀਜਾ ਨਿਮਰਤਾ, ਇਨਸਾਫ਼ ਅਤੇ ਲੋਕ-ਸੇਵਾ ਦੀ ਭਾਵਨਾ ਦੀ ਥਾਂ ਅਹੁਦੇ ਦੇ ਹੰਕਾਰ, ਵਹਿਸ਼ੀਪੁਣੇ ਅਤੇ ਜ਼ੁਲਮ ਦੇ ਰੂਪ ਵਿੱਚ ਸਾਹਮਣੇ ਆਵੇ, ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਅਜਿਹੀ ਟ੍ਰੇਨਿੰਗ ਦਾ ਅਸਲ ਮਕਸਦ ਕੀ ਹੈ ? ਕੀ ਇਸ ਦਾ ਉਦੇਸ਼ ਮਨੁੱਖੀ ਹੱਕਾਂ ਦੀ ਰੱਖਿਆ ਕਰਨਾ ਹੈ ਜਾਂ ਫਿਰ ਅਜਿਹੇ ਬੁੱਚੜ ਪੁਲਸੀਏ ਤਿਆਰ ਕਰਨਾ, ਜੋ ਆਪਣੀ ਹੀ ਕੌਮ ਦੇ ਉਹਨਾਂ ਲੋਕਾਂ ਉੱਤੇ ਸਖ਼ਤੀ ਕਰਨ, ਜੋ ਪੰਥ ਅਤੇ ਪੰਜਾਬ ਉੱਤੇ ਹੁੰਦੀ ਹਕੂਮਤੀ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦੇ ਵਿਰੁੱਧ, ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚ ਅਤੇ ਇਨਸਾਫ਼ ਦੇ ਮਾਰਗ 'ਤੇ ਚੱਲਦਿਆਂ ਸੰਘਰਸ਼ ਕਰ ਰਹੇ ਹੁੰਦੇ ਹਨ ?
ਸਾਰੀ ਦੁਨੀਆਂ ਕਿਰਤ ਕਰ ਕੇ ਇਮਾਨਦਾਰੀ ਨਾਲ਼ ਆਪਣੀ ਰੋਜ਼ੀ-ਰੋਟੀ ਕਮਾਉਂਦੀ ਹੈ, ਪਰ ਇਹ ਕਿਹੋ ਜਿਹੀ ਨੌਕਰੀ ਹੈ ਕਿ ਜਿੱਥੇ ਪੀੜਤ ਲੋਕਾਂ ਉੱਤੇ ਹੀ ਜ਼ੁਲਮ ਕਰਕੇ ਤਨਖ਼ਾਹ ਲਈ ਜਾਂਦੀ ਹੈ ? ਬੇਗੁਨਾਹਾਂ ਦੇ ਖ਼ੂਨ, ਹੰਝੂਆਂ ਅਤੇ ਦੁੱਖਾਂ ਦੀ ਕੀਮਤ 'ਤੇ ਕਮਾਈ ਹੋਈ ਰੋਟੀ ਤੇ ਦੌਲਤ ਕਦੇ ਸਕੂਨ ਨਹੀਂ ਦੇ ਸਕਦੀ। ਅਜਿਹੇ ਕਰਮ ਮਨੁੱਖ ਦੇ ਮੱਥੇ ਉੱਤੇ ਪਾਪਾਂ ਦਾ ਬੋਝ ਅਤੇ ਇਤਿਹਾਸ ਵਿੱਚ ਕਦੇ ਨਾ ਮਿਟਣ ਵਾਲਾ ਕਲੰਕ ਹੀ ਛੱਡਦੇ ਹਨ।
ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਮੋ: 8872293883.
Leave a Reply