ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਸਖ਼ਤ ਮਿਹਨਤ ਅਤੇ ਸਮਰਪਣ ਦਾ ਸੰਦੇਸ਼ ਸਿਖਾਉਂਦੀਆਂ ਹਨ-ਮਲਵਿੰਦਰ ਸਿੰਘ ਚਾਹਲ
- ਰਾਜਨੀਤੀ
- (Asia/Kolkata)
ਕਪੂਰਥਲਾ 10 ਨਵੰਬਰ ਗੌਰਵ ਮੜੀਆ
ਭਗਵਾਨ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਪਿੰਡ ਸਿੱਧਵਾਂ ਦੋਨਾ ਕਪੂਰਥਲਾ ਵਿਖੇ ਭਗਵਾਨ ਵਿਸ਼ਵਕਰਮਾ ਦੇ ਮੰਦਰ ਵਿਖੇ ਆਯੋਜਿਤ ਸਮਾਗਮ ਵਿਚ ਕਪੂਰਥਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੇ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਲਿਆ ਤੇ ਪੰਜਾਬ ਅਤੇ ਇਸਦੇ ਨਾਗਰਿਕਾਂ ਲਈ ਖੁਸ਼ੀ,ਖੁਸ਼ਹਾਲੀ,ਤਰੱਕੀ ਸ਼ਾਂਤੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ।ਮੰਮੂ ਚਾਹਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਬ੍ਰਹਿਮੰਡ ਦਾ ਪਹਿਲਾ ਸ਼ਿਲਪਕਾਰ ਅਤੇ ਨਿਰਮਾਣ ਅਤੇ ਸ੍ਰਿਸ਼ਟੀ ਦਾ ਦੇਵਤਾ ਮੰਨਿਆ ਜਾਂਦਾ ਹੈ।ਉਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਸਾਨੂੰ ਸਖ਼ਤ ਮਿਹਨਤ, ਹੁਨਰ, ਰਚਨਾਤਮਕਤਾ ਅਤੇ ਸਮਰਪਣ ਦਾ ਸੰਦੇਸ਼ ਸਿਖਾਉਂਦੀਆਂ ਹਨ।ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਹਰ ਕਿਸੇ ਦੇ ਜੀਵਨ ਚ ਤਰੱਕੀ ਅਤੇ ਖੁਸ਼ਹਾਲੀ ਲਿਆਵੇ ਅਤੇ ਰਾਜ ਵਿਕਾਸ ਦੇ ਰਾਹ ਤੇ ਅੱਗੇ ਵਧਦਾ ਰਹੇ।ਮੰਮੂ ਚਾਹਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਸਿਰਜਣਾ, ਸ਼ਿਲਪਕਲਾ,ਵਾਸਤੂਕਲਾ,ਤਕਨਾਲੋਜੀ ਅਤੇ ਨਿਰਮਾਣ ਦੇ ਪ੍ਰਤੀਕ ਹਨ।ਉਨ੍ਹਾਂ ਨੂੰ ਸ੍ਰਿਸ਼ਟੀ ਦਾ ਮਹਾਨ ਸ਼ਿਲਪਕਾਰ ਮੰਨਿਆ ਜਾਂਦਾ ਹੈ।ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ,ਇਮਾਨਦਾਰੀ, ਹੁਨਰ, ਅਨੁਸ਼ਾਸਨ ਅਤੇ ਸਮਰਪਣ ਨਾਲ ਆਪਣੇ ਕੰਮ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਮਜ਼ਦੂਰਾਂ, ਕਾਰੀਗਰਾਂ, ਇੰਜੀਨੀਅਰਾਂ ,ਤਕਨੀਕੀ ਮਾਹਿਰਾਂ ਅਤੇ ਮਿਹਨਤਕਸ਼ ਲੋਕਾਂ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ।ਸੜਕਾਂ,ਇਮਾਰਤਾਂ,ਉਦਯੋਗਾਂ,ਮਸ਼ੀਨਾਂ ਅਤੇ ਆਧੁਨਿਕ ਤਕਨਾਲੋਜੀ ਦੇ ਵਿਕਾਸ ਪਿੱਛੇ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਅਣਥੱਕ ਮਿਹਨਤ ਅਤੇ ਹੁਨਰ ਹੁੰਦਾ ਹੈ।ਮੰਮੂ ਚਾਹਲ ਨੇ ਕਿਹਾ ਕਿ ਮਜ਼ਦੂਰ ਅਤੇ ਕਾਰੀਗਰ ਸਿਰਫ਼ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਹੀ ਨਹੀਂ ਕਰਦੇ,ਸਗੋਂ ਆਪਣੀ ਮਿਹਨਤ ਨਾਲ ਦੇਸ਼ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦੇ ਹਨ।ਸਮਾਜ ਦੇ ਹਰੇਕ ਵਰਗ ਨੂੰ ਉਨ੍ਹਾਂ ਦੀ ਮਿਹਨਤ, ਹੁਨਰ ਅਤੇ ਯੋਗਦਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ।ਕੰਮਗਾਰਾਂ ਨੂੰ ਸਨਮਾਨ,ਸੁਰੱਖਿਆ ਅਤੇ ਬਿਹਤਰ ਮੌਕੇ ਪ੍ਰਦਾਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦਾ ਪਾਵਨ ਦਿਹਾੜਾ ਸਾਨੂੰ ਆਪਣੇ ਕੰਮ ਪ੍ਰਤੀ ਨਿਸ਼ਠਾਵਾਨ ਰਹਿਣ,ਮਿਹਨਤ ਦਾ ਸਤਿਕਾਰ ਕਰਨ ਅਤੇ ਨਵੀਂ ਤਕਨਾਲੋਜੀ ਤੇ ਹੁਨਰ ਨੂੰ ਅਪਣਾ ਕੇ ਅੱਗੇ ਵਧਣ ਦਾ ਸੰਦੇਸ਼ ਦਿੰਦਾ ਹੈ।ਇਸ ਸ਼ੁਭ ਮੌਕੇ ਤੇ ਮੰਮੂ ਚਾਹਲ ਨੇ ਭਗਵਾਨ ਵਿਸ਼ਵਕਰਮਾ ਪੂਜਨ ਦਿਵਸ ਤੇ ਸੂਬੇ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੱਤੀਆਂ।ਅੰਤ ਵਿੱਚ ਉਨ੍ਹਾਂ ਕਾਮਨਾ ਕੀਤੀ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਅਪਾਰ ਕਿਰਪਾ ਸਮੂਹ ਪੰਜਾਬ ਵਾਸੀਆਂ ਤੇ ਬਣੀ ਰਹੇ ਅਤੇ ਹਰ ਮਿਹਨਤਕਸ਼ ਪਰਿਵਾਰ ਦੇ ਜੀਵਨ ਵਿੱਚ ਖੁਸ਼ਹਾਲੀ ਆਵੇ।