ਚਿੱਟਾ ਗਲੀ ਗਲੀ, ਸਰਕਾਰ ਨਾਲ ਰਲੀ

ਚਿੱਟਾ ਗਲੀ ਗਲੀ, ਸਰਕਾਰ ਨਾਲ ਰਲੀ

ਸੰਨ 2017 ਦੀਆਂ ਵਿਧਾਨ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਇਹ ਡਾਇਲੌਗ ਇਹ ਅਖਾਣ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਪੰਜਾਬ ਅਕਸਰ ਹੀ ਆਪਣੇ ਚੋਣ ਪਰਚਾਰ ਅਤੇ ਚੋਣ ਰੈਲੀਆਂ ਵਿੱਚ ਸਟੇਜਾਂ ਉੱਤੇ ਬੋਲਿਆ ਕਰਦੇ ਸਨ , ਪਰ ਸੰਨ 2022 ਜਦੋਂ ਤੋਂ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਉਦੋਂ ਤੋਂ ਭਗਵੰਤ ਮਾਨ ਨੇ ਇਹ ਅਖਾਣ ਸਟੇਜਾਂ ਤੋਂ ਕਦੇ ਵੀ ਨਹੀਂ ਬੋਲਿਆ । 
ਚਿੱਟੇ ਦਿਨ ਵਰਗੀ ਸਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵਿੱਚ ਪੰਜਾਬ ਵਿੱਚ ਚਿੱਟਾ ਵਿਕਣਾ ਅਕਾਲੀਆਂ ਅਤੇ ਕਾਂਗਰਸ ਦੇ ਰਾਜ ਨਾਲੋਂ ਕਿਤੇ ਜ਼ਿਆਦਾ ਵੱਧ ਗਿਆ ਹੈ ਅਤੇ ਚਿੱਟੇ ਨਾਲ ਪੰਜਾਬੀ ਅਤੇ ਸਿੱਖ ਨੌਜਵਾਨਾਂ ਦੀਆਂ ਮੌਤਾਂ ਹੋਣ ਦੀ ਗਿਣਤੀ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀ ਹੈ । ਹੁਣ ਚਿੱਟਾ ਪੰਜਾਬ ਦੇ ਪਿੰਡਾਂ ਵਿੱਚ ਹਰ ਗਲ੍ਹੀ ਮੋੜ ਹਰ ਮੁਹੱਲੇ ਹਰ ਵਾਰਡ ਅਤੇ ਇੱਥੋਂ ਤੱਕ ਕਿ ਕਈ ਪਿੰਡਾਂ ਵਿੱਚ ਤਾਂ ਕਰਿਆਨੇ ਅਤੇ ਹੋਰ ਸਮਾਨ ਦੀਆਂ ਦੁਕਾਨਾਂ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਹੋਮ ਡਿਲਿਵਰੀ ਦੀ ਵੀ ਸਹੂਲਤ ਉਪਲਬਧ ਹੈ , ਆਨਲਾਈਨ ਬੁਕਿੰਗ ਵੀ ਸੁਣਿਆਂ ਹੈ ਕਿ ਹੁੰਦੀ ਹੈ । 
ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਭਾਗ ਦੋ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ । ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੀ ਜਨਤਾ ਨੂੰ ਬੁੱਧੂ ਬਣਾਉਣ ਲਈ ਮਹਿਜ ਇੱਕ ਡਰਾਮੇ ਤੋਂ ਵੱਧ ਕੁੱਝ ਵੀ ਨਹੀਂ ਲੱਗ ਰਿਹਾ । ਕਿਸੇ ਵੀ ਵੱਡੇ ਨਸ਼ਾ ਤਸਕਰ ਨੂੰ ਜਾਂ ਜਿਥੋਂ ਦਿੱਲੀਉਂ ਵਾਇਆ ਪਾਕਿਸਤਾਨ ਬਾਰਡਰ ਚਿੱਟਾ ਪੰਜਾਬ ਵਿੱਚ ਪਹੁੰਚਦਾ ਹੈ ਉੱਥੇ ਤੱਕ ਕਦੇ ਸਰਕਾਰ ਨਹੀਂ ਪਹੁੰਚਦੀ । ਅਸੀਂ ਇਹ ਨਹੀਂ ਕਹਿੰਦੇ ਕਿ ਪਾਕਿਸਤਾਨ ਤੋਂ ਚਿੱਟੇ ਵਰਗਾ ਨਸ਼ਾ ਆ ਨਹੀਂ ਸਕਦਾ, ਪਰ ਸਚਾਈ ਇਹੀ ਹੈ ਕਿ ਇਹ ਦਿੱਲੀ ਤੋਂ ਹੀ ਤਿਆਰ ਕਰਕੇ ਪੰਜਾਬ ਨੂੰ ਭੇਜਿਆ ਜਾਂਦਾ ਹੈ, ਸ਼ੋਅ ਬਾਰਡਰ ਤੋਂ ਕਰਕੇ ਪਾਕਿਸਤਾਨ ਦਾ ਨਾਮ ਲਗਾ ਦਿੱਤਾ ਜਾਂਦਾ ਹੈ । 
ਪ੍ਰਧਾਨ ਮੰਤਰੀ ਮੋਦੀ ਦੇ ਰਾਜ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਕਵਿੰਟਲਾਂ ਦੇ ਹਿਸਾਬ ਨਾਲ ਚਿੱਟਾ ਫੜਿਆ ਗਿਆ ਪਰ ਖ਼ਬਰਾਂ ਨੂੰ ਦਬਾ ਦਿੱਤਾ ਗਿਆ ਕਿਉਂਕਿ ਬਦਨਾਮ ਕਰਨਾ ਅਤੇ ਮਾਰਨਾ ਤਾਂ ਪੰਜਾਬ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਹੀ ਹੈ । 
ਹੋਵੇ ਰਾਜਨੀਤਕ ਨੇਤਾ ਅਤੇ ਬੋਲੇ ਵੀ ਸੱਚ ਇਹ ਦੋ ਗੱਲਾਂ ਦਾ ਮੇਲ ਕਦੇ ਨਹੀਂ ਹੋ ਸਕਦਾ । ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਹਨ ਰਾਜਨੀਤਕ ਲੋਕਾਂ ਉੱਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਲੋੜ ਪੈਣ ਉੱਤੇ ਗਧੇ ਨੂੰ ਵੀ ਬਾਪ ਆਖ ਦਿੰਦੇ ਹਨ ਅਤੇ ਲੋੜ ਨਿੱਕਲਣ ਤੇ ਬਾਪ ਨੂੰ ਵੀ ਗਧਾ ਆਖ ਦਿੰਦੇ ਹਨ । 
ਬਾਕੀ ਪੰਜਾਬੀਓ ਅਤੇ ਖਾਸ ਕਰਕੇ ਸਿੱਖ ਭਰਾਵੋ ਬਜ਼ੁਰਗੋ ਅਤੇ ਬੱਚਿਓ ਤੇ ਬੱਚੀਓ , ਮੈਂ ਇਹੀ ਸੋਚਦਾ ਹੁੰਦਾ ਹਾਂ ਕਿ ਕਦੇ ਕਿਸੇ ਨੇ ਕਿਸੇ ਮੇ ਢਾਹ ਕੇ ਧੱਕੇ ਨਾਲ ਤਾਂ ਚਿੱਟਾ ਜਾਂ ਸਮੈਕ ਮੂੰਹ ਵਿੱਚ ਪਾਏ ਨਹੀਂ ਹੋਣੇ ਜਾਂ ਏਸ ਤਰ੍ਹਾਂ ਕਿਸੇ ਨੇ ਕਿਸੇ ਦੇ ਚਿੱਟੇ ਦਾ ਟੀਕਾ ਵੀ ਨਹੀਂ ਲਗਾਇਆ ਹੋਣਾ । ਇਹ ਤਾਂ ਵਪਾਰੀ ਲੋਕ ਹਨ , ਵਪਾਰੀਆਂ ਨੇ ਆਪਣਾ ਮਾਲ ਉੱਥੇ ਲਿਜਾ ਕੀ ਹੀ ਵੇਚਣਾ ਹੁੰਦਾ ਹੈ ਜਿੱਥੇ ਉੱਸ ਸਮਾਨ ਦੀ ਜਿਆਦਾ ਮੰਗ ਹੋਵੇ । ਹਰ ਇਨਸਾਨ ਨੂੰ ਇਹ ਪਤਾ ਹੀ ਹੁੰਦਾ ਹੈ ਕਿ ਮੇਰੀ ਜਿੰਦਗੀ ਲਈ ਕੀ ਚੰਗਾ ਹੈ ਕੀ ਮਾੜਾ ਹੈ । ਫੇਰ ਅਸੀਂ ਹੁਣ ਇਹ ਦੋਸ਼ ਵੀ ਆਰ ਐਸ ਐਸ, ਸਰਕਾਰਾਂ, ਏਜੰਸੀਆਂ ਜਾਂ ਪਾਕਿਸਤਾਨ ਉੱਤੇ ਮੜ੍ਹ ਦਈਏ ਕਿ ਇਹ ਸਾਡੇ ਮੁੰਡਿਆਂ ਨੂੰ ਧੱਕੇ ਨਾਲ ਏਹੋ ਜਿਹੇ ਜਾਨਲੇਵਾ ਨਸ਼ੇ ਕਰਾਉਂਦੇ ਹਨ । 
ਅਸੀਂ ਵਿਦੇਸ਼ਾਂ ਵਿੱਚ ਆਏ ਅੰਮ੍ਰਿਤ ਪਾਨ ਕੀਤਾ ਹੋਇਆ ਸੀ , ਸ਼ੁਰੂਆਤ ਵਿੱਚ ਮਜਬੂਰੀ ਵੱਸ ਸ਼ਰਾਬੀਆਂ ਕਬਾਬੀਆਂ ਏਥੋਂ ਤੱਕ ਸਿਗਰਟਨੋਸ਼ੀ ਕਰਨ ਵਾਲਿਆਂ ਨਾਲ ਵੀ ਕਮਰਿਆਂ ਵਿੱਚ ਰਹਿਣਾ ਪਿਆ ਸੀ ਪਰ ਫੇਰ ਵੀ ਏਹਨਾਂ ਭੈੜੀਆਂ ਅਲਾਮਤਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ, ਉੱਲਟਾ ਕਈਆਂ ਨੂੰ ਪ੍ਰੇਰ ਕੇ ਸੁਧਾਰਿਆ ਅਤੇ ਗੁਰਸਿੱਖ ਵੀ ਬਣਾਇਆ । ਮੈਂ ਮਈ ਮਹੀਨੇ ਵਿੱਚ ਹੁਸ਼ਿਆਰਪੁਰ ਦੇ ਸੈਣੀ ਹਸਪਤਾਲ ਜੋ ਕਿ ਦਿਮਾਗੀ ਬਿਮਾਰੀਆਂ ਦੇ ਮਾਹਰ ਹਨ ਉੱਥੇ ਦੇ ਮੁੱਖੀ ਡਾਕਟਰ ਸਾਹਿਬ ਨੂੰ ਵੈਸੇ ਹੀ ਮਿਲਣ ਗਿਆ, ਜਦੋਂ ਮੁਲਾਕਾਤ ਕਰਕੇ ਬਾਹਰ ਨਿਕਲਿਆ ਤਾਂ ਰਿਸੈਪਸ਼ਨ ਤੇ ਵੀਹ ਪੱਚੀ ਬੰਦੇ ਖੜ੍ਹੇ ਸਨ , ਜਦੋਂ ਮੈਂ ਪੁੱਛਿਆ ਤਾਂ ਕਹਿੰਦੇ ਕਿ ਇਹ ਸਾਰੇ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਆਏ ਹਨ , ਉੱਹ ਅਧਾਰ ਕਾਰਡ ਤੇ ਮਿਲਦੀ ਹੈ । ਨਸ਼ਾ ਛਡਾਉਣ ਲਈ ਪੰਜਾਬੀਆਂ ਨੂੰ ਨਸ਼ੇ ਤੋਂ ਵੀ ਖਤਰਨਾਕ ਜੀਭ ਥੱਲੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ, ਜਿਸ ਦਾ ਲਗਾਤਾਰ ਸੇਵਨ ਕਰਨ ਨਾਲ ਮੁੰਡੇ ਬੱਚੇ ਪੈਦਾ ਕਰਨ ਤੋਂ ਵੀ ਵਾਂਝਿਆਂ ਹੋ ਜਾਂਦੇ ਹਨ । 
ਫੜਨਾ ਕੰਨ ਹੀ ਹੈ ਲੱਤਾਂ ਦੇ ਹੇਠਾਂ ਦਿ ਫੜ ਲਓ ਜਾਂ ਸਿੱਧਾ ਹੀ ਫੜ ਲਓ , ਲਾਉਣਾ ਪੰਜਾਬੀਆਂ ਨੂੰ ਨਸ਼ੇ ਉੱਤੇ ਹੀ ਹੈ, ਚਿੱਟਾ ਸਮੈਕ ਨਹੀਂ ਤਾਂ ਗੋਲੀਆਂ ਉੱਤੇ ਲਗਾ ਦਿਓ । 
ਬਾਕੀ ਭਾਈ ਪੰਜਾਬ ਇੱਕ ਨਹੀਂ ਹਜਾਰਾਂ ਤਰਾਂ ਦੀਆਂ ਅਲਾਮਤਾਂ ਦੇ ਨਾਲ ਜੂਝ ਰਿਹਾ ਹੈ । ਜਿਸ ਤਰ੍ਹਾਂ ਸਵਾਰੀ ਆਪਣੇ ਸਮਾਨ ਦੀ ਆਪ ਜਿਮੇਂਵਾਰ ਹੁੰਦੀ ਹੈ ਏਸੇ ਤਰ੍ਹਾਂ ਹੀ ਆਪਣੇ ਅਤੇ ਆਪਣੇ ਪਿਆਰੇ ਪੰਜਾਬ ਦੇ ਜਿਮੇਂਵਾਰ ਵੀ ਸਾਨੂੰ ਸਭ ਨੂੰ ਖੁਦ ਹੀ ਬਣਨਾ ਪੈਣਾ ਹੈ । ਇਹ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ । ਪਰ ਪੰਜਾਬ ਨੇ ਤਾਂ ਇੱਥੇ ਹੀ ਰਹਿਣਾ ਹੈ । ਜਾਗਦੇ ਰਹੋ ਅਤੇ ਸਤਰਕ ਰਹੋ । 2027 ਵਿੱਚ ਵੇਖ ਲਿਓ ਕਿ ਪੰਜਾਬ ਦੇ ਪੁੱਤਾਂ ਦੇ ਨਸ਼ੇ ਛਡਾਉਣ ਲਈ ਕਿਸ ਨੇ ਆਵਾਜ਼ ਬੁਲੰਦ ਕੀਤੀ ਸੀ ਅਤੇ ਡਿਬਰੂਗੜ੍ਹ ਜੇਲ੍ਹ ਕਿਸ ਨੂੰ ਜਾਣਾ ਪਿਆ ਸੀ । ਬਾਕੀ ਚਿੱਟੇ ਦੇ ਹੋਲਸੇਲਰ ਅਕਾਲੀ , ਦਰਬਾਰ ਸਾਹਿਬ ਨੂੰ ਅਤੇ ਅਕਾਲ ਤਖਤ ਨੂੰ ਢਾਹੁਣ ਵਾਲੇ ਕਾਂਗਰਸੀ ਅਤੇ ਇਹਨਾਂ ਦੇ ਭਾਈਵਾਲ਼ ਬੀ ਜੇ ਪੀ ਵਾਲੇ ਅਤੇ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲਿਜਾਣ ਵਾਲੇ ਆਮ ਆਦਮੀ ਪਾਰਟੀ ਵਾਲੇ ਵੀ ਤੁਹਾਡੇ ਕੋਲੋਂ ਵੋਟਾਂ ਮੰਗਣ ਲਈ ਆਉਣਗੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਲੇ ਵੀ ਆਉਣਗੇ, ਇਹ ਚੋਣ ਤੁਸੀਂ ਪੰਜਾਬੀਆਂ ਨੇ ਕਰਨੀ ਹੈ ਕਿ ਕਿਸ ਨੂੰ ਜਿਤਾਉਣਾ ਹੈ, ਨਸ਼ੇ ਵੇਚਣ ਵਾਲਿਆਂ ਨੂੰ ਜਾਂ ਨਸ਼ਾ ਛਡਾਊਣ ਅਤੇ ਨਸ਼ਾ ਖਤਮ ਕਰਨ ਵਾਲਿਆਂ ਨੂੰ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.