4 ਜੁਲਾਈ 1955 : ਭਾਰਤੀ/ਹਿੰਦੂਤਵੀ ਹਕੂਮਤ ਦਾ ਦਰਬਾਰ ਸਾਹਿਬ 'ਤੇ ਪਹਿਲਾ ਹਮਲਾ

4 ਜੁਲਾਈ 1955 : ਭਾਰਤੀ/ਹਿੰਦੂਤਵੀ ਹਕੂਮਤ ਦਾ ਦਰਬਾਰ ਸਾਹਿਬ 'ਤੇ ਪਹਿਲਾ ਹਮਲਾ

ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਭਾਵੇਂ ਮੁਗਲ ਹਾਕਮਾਂ ਨੇ ਕੀਤਾ ਹੋਵੇ ਜਾਂ ਹਿੰਦੂ ਹਾਕਮਾਂ ਨੇ ਇਹ ਭੁਲਾਇਆ ਨਹੀਂ ਜਾ ਸਕਦਾ। ਅਹਿਮਦ ਸ਼ਾਹ ਅਬਦਾਲੀ, ਮੱਸਾ ਰੰਘੜ ਅਤੇ ਇੰਦਰਾ ਗਾਂਧੀ ਦੇ ਹਮਲਿਆਂ ਨੂੰ ਤਾਂ ਸਾਰੇ ਜਾਣਦੇ ਹਨ ਪਰ ਸਿੱਖੋ ਯਾਦ ਰੱਖਿਓ ਕਿ 4 ਜੁਲਾਈ 1955 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਸੀ। ਉਸ ਸਮੇਂ ਸਰਕਾਰ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਉੱਤੇ ਪਾਬੰਦੀ ਲਾ ਦਿੱਤੀ ਸੀ, ਸਿੱਖਾਂ ਨੇ ਸ਼ਾਂਤਮਈ ਮੋਰਚਾ ਲਾਇਆ, ਗ੍ਰਿਫ਼ਤਾਰੀਆਂ ਦਿੱਤੀਆਂ ਤੇ ਹਿੰਦੂ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਪੁਲਿਸ ਅਤੇ ਫ਼ੌਜ ਚਾੜ੍ਹ ਦਿੱਤੀ। ਹਿੰਦੂ ਹਾਕਮ ਨਹੀਂ ਚਾਹੁੰਦੇ ਸਨ ਕਿ ਪੰਜਾਬੀ ਸੂਬਾ ਬਣੇ, ਉਹ ਪੰਜਾਬੀ ਸੂਬੇ ਦਾ ਨਾਂ ਸੁਣਨ ਨੂੰ ਵੀ ਤਿਆਰ ਨਹੀਂ ਸਨ, ਪੰਜਾਬੀ ਸੂਬਾ ਬਣਾਉਣ ਲਈ 1 ਨਵੰਬਰ 1966 ਤਕ ਸਿੱਖਾਂ ਨੂੰ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ, 70 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ ਸੀ ਤੇ ਕਾਕਾ ਇੰਦਰਜੀਤ ਸਿੰਘ ਕਰਨਾਲ ਵਾਂਗ ਕੁਝ ਸਿੰਘ ਸ਼ਹੀਦ ਵੀ ਹੋਏ ਸਨ।
ਭਾਰਤੀ/ਹਿੰਦੂ ਹਾਕਮਾਂ ਨੇ 1947 ਤੋਂ ਪਹਿਲਾਂ ਸਿੱਖਾਂ ਨਾਲ਼ ਵਾਅਦੇ ਕੀਤੇ ਸਨ ਕਿ ਅੰਗਰੇਜ਼ਾਂ ਵੱਲੋਂ ਭਾਰਤ ਛੱਡਣ ਤੋਂ ਬਾਅਦ ਉੱਤਰ ਵਿੱਚ ਸਿੱਖਾਂ ਵਾਸਤੇ ਇੱਕ ਖਿੱਤਾ ਰਾਖਵਾਂ ਕਰ ਦਿੱਤਾ ਜਾਏਗਾ ਜਿੱਥੇ ਸਿੱਖ ਵੀ ਅਜ਼ਾਦੀ ਦਾ ਨਿੱਘ ਮਾਨਣਗੇ। ਪਰ ਜਦ ਹਿੰਦੂ ਹਾਕਮਾਂ ਦੇ ਹੱਥ ਦੇਸ਼ ਦੀ ਵਾਗਡੋਰ ਆ ਗਈ ਤਾਂ ਉਹਨਾਂ ਨੇ ਸਿੱਖਾਂ ਵਿਰੁੱਧ ਨਫ਼ਰਤ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਸਿੱਖਾਂ ਨੂੰ ਗ਼ੁਲਾਮ ਬਣਾ ਲਿਆ। 1947 'ਚ ਪੰਜਾਬ ਵੰਡਿਆ ਗਿਆ ਤੇ ਸਿੱਖ ਹੋਮਲੈਂਡ ਦਾ ਅੱਧਾ ਹਿੱਸਾ ਪਾਕਿਸਤਾਨ ਵਿੱਚ ਤੇ ਅੱਧਾ ਭਾਰਤ ਨਾਲ਼ ਮਿਲ ਗਿਆ। ਪੰਜਾਬ ਦੀ ਵੰਡ ਕਾਰਨ 10 ਲੱਖ ਤੋਂ ਵਧੇਰੇ ਪੰਜਾਬੀਆਂ ਦਾ ਕਤਲੇਆਮ ਹੋਇਆ, ਪੌਣੇ ਦੋ ਸੌ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ, ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਖੋਹੀ ਗਈ, ਸਿੱਖ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਪਰ ਓਦੋਂ ਹੀ 10 ਅਕਤੂਬਰ 1947 ਨੂੰ ਸਿੱਖਾਂ ਨੂੰ 'ਜਰਾਈਮ ਪੇਸ਼ਾ ਕੌਮ' ਐਲਾਨ ਦਿੱਤਾ ਗਿਆ। ਪੰਜਾਬ ਵਿੱਚ ਸਾਰੀਆਂ ਸਰਕਾਰੀ ਨੌਕਰੀਆਂ ਉੱਤੇ ਹਿੰਦੂਆਂ ਦਾ ਕਬਜਾ ਹੋ ਗਿਆ, ਸਿੱਖਾਂ ਨੂੰ ਹਿੰਦੂ ਬਣਾਉਣ ਲਈ ਸਰਕਾਰੀ ਤੌਰ ਉੱਤੇ ਕਈ ਚਾਲਾਂ ਚੱਲੀਆਂ ਜਾਣ ਲੱਗੀਆਂ ਜਿਸ ਖ਼ਿਲਾਫ਼ ਸਿੱਖਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ, ਸੰਘਰਸ਼ ਅਤੇ ਮੋਰਚੇ ਲਾਏ ਜਾਂਦੇ ਰਹੇ ਪਰ ਹਾਕਮਾਂ ਵੱਲੋਂ ਸਿੱਖਾਂ ਨੂੰ ਬਣਦੇ ਹੱਕ ਨਾ ਦਿੱਤੇ ਜਾਂਦੇ।
ਜਦੋਂ ਭਾਰਤ ਨੂੰ ਬੋਲੀ ਦੇ ਆਧਾਰ 'ਤੇ ਸੂਬਿਆਂ ਵਿੱਚ ਵੰਡਣ ਵਾਸਤੇ ਸਰਕਾਰ ਨੇ ਕੰਮ ਅਰੰਭਿਆ ਤਾਂ ਪੰਜਾਬੀ ਸੂਬੇ ਨੂੰ ਕੋਈ ਤਵੱਜੋਂ ਹੀ ਨਹੀਂ ਦਿੱਤੀ। ਸਿੱਖਾਂ ਨੂੰ ਖ਼ਾਸ ਵੱਖਰਾ ਕਿੱਤਾ ਤਾਂ ਕੀ ਦੇਣਾ ਸੀ, ਸਗੋਂ ਮਮੂਲੀ ਮੰਗਾਂ ਵੀ ਨਾ ਮੰਨੀਆਂ ਜਾਂਦੀਆਂ ਤੇ ਸਿੱਖਾਂ ਨੂੰ ਹਰ ਰੋਜ਼ ਜ਼ਲੀਲ ਕੀਤਾ ਜਾਂਦਾ।‌ ਜੇਕਰ ਸਿੱਖ, ਪੰਜਾਬੀ ਸੂਬੇ ਦੀ ਗੱਲ ਕਰਦੇ, ਨਾਹਰਾ ਮਾਰਦੇ, ਕੋਈ ਜਲਸਾ ਕੱਢਦੇ ਤਾਂ ਹਿੰਦੂਆਂ ਵੱਲੋਂ ਸਿੱਖਾਂ ਉੱਤੇ ਹਮਲੇ ਕੀਤੇ ਜਾਂਦੇ। 1951 ਵਿੱਚ ਮਰਦਮ-ਸ਼ੁਮਾਰੀ ਵੇਲ਼ੇ ਪੰਜਾਬੀ ਹਿੰਦੂਆਂ ਨੇ ਵੀ ਆਪਣੀ ਬੋਲੀ ਹਿੰਦੀ ਹੀ ਲਿਖਵਾਈ। 31 ਦਸੰਬਰ 1954 ਨੂੰ ਜਦੋਂ ਲੁਧਿਆਣੇ ਵਿੱਚ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ ਫ਼ਿਰਕੂ ਹਿੰਦੂਤਵੀ ਆਗੂ ਕਾਲੀ ਚਰਨ ਤੇ ਉਸ ਦੇ ਗੁੰਡਿਆਂ ਨੇ ਪੱਥਰ ਅਤੇ ਇੱਟਾਂ ਵਰ੍ਹਾ ਕੇ ਅਨੇਕਾਂ ਸਿੱਖ ਜ਼ਖ਼ਮੀ ਕਰ ਦਿੱਤੇ, ਉਸ ਨੇ ਐਲਾਨ ਕੀਤਾ ਕਿ ਮੈਂ ਕਿਸੇ ਵੀ ਸਿੱਖ ਨੂੰ ਪੰਜਾਬੀ ਸੂਬਾ ਜ਼ਿੰਦਾਬਾਦ ਨਹੀਂ ਕਹਿਣ ਦਿਆਂਗਾ।
ਫਿਰ ਜਨਵਰੀ 1955 ਵਿੱਚ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਬਿਆਨ ਦੇ ਦਿੱਤਾ ਕਿ "ਮਾਸਟਰ ਤਾਰਾ ਸਿੰਘ ਦੀ ਅਗਵਾਈ 'ਚ ਸਿੱਖ, ਪੰਜਾਬੀ ਸੂਬਾ ਨਹੀਂ ਬਲਕਿ ਸਿੱਖ ਸਟੇਟ ਮੰਗਦੇ ਹਨ।" ਫਿਰ ਹਿੰਦੂ ਦਹਿਸ਼ਤਗਰਦਾਂ ਨੇ ਐਲਾਨ ਕਰ ਦਿੱਤਾ ਕਿ ਵੈਸਾਖੀ ਦੇ ਜਲਸਿਆਂ ਵਿੱਚ ਜੇ ਕਿਸੇ ਵੀ ਸਿੱਖ ਨੇ ਪੰਜਾਬੀ ਸੂਬੇ ਦਾ ਨਾਹਰਾ ਲਾਇਆ ਤਾਂ ਉਹਨਾਂ ਉੱਤੇ ਹਮਲੇ ਕੀਤੇ ਜਾਣਗੇ। ਪੰਜਾਬ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 6 ਅਪ੍ਰੈਲ 1955 ਤੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ 'ਤੇ ਪਾਬੰਦੀ ਲਾ ਦਿੱਤੀ ਅਤੇ ਸਰਕਾਰੀ ਇਜਾਜ਼ਤ ਬਿਨਾਂ ਸਿੱਖਾਂ ਦੇ ਧਾਰਮਿਕ ਜਲਸਿਆਂ ਉੱਤੇ ਵੀ ਪਾਬੰਦੀ ਲਾ ਦਿੱਤੀ।
ਪਰ ਇਸ ਦੇ ਬਾਵਜੂਦ ਵੀ ਸਿੱਖਾਂ ਨੇ 14 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਤੋਂ ਜਲੂਸ ਕੱਢਿਆ ਪਰ ਹਿੰਦੂਆਂ ਨੇ ਬੇਵਜ੍ਹਾ ਹੀ ਰਸਤੇ ਵਿੱਚ ਸਿੱਖਾਂ ਉਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਅਗਲੇ ਦਿਨ ਮਾਸਟਰ ਤਾਰਾ ਸਿੰਘ ਨੇ ਆਖਿਆ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ 'ਤੇ ਪਾਬੰਦੀ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ ਤੇ ਜੇ 23 ਅਪ੍ਰੈਲ ਤਕ ਪਾਬੰਦੀ ਨਾ ਹਟਾਈ ਤਾਂ ਇਸ ਖ਼ਿਲਾਫ਼ ਮੋਰਚਾ ਲਾਇਆ ਜਾਏਗਾ। ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਬਿਆਨ ਦੇ ਦਿੱਤਾ ਕਿ ਸਰਕਾਰ ਅਕਾਲੀਆਂ ਅੱਗੇ ਨਹੀਂ ਝੁਕੇਗੀ ਤੇ ਜੇਕਰ ਅਕਾਲੀ ਮੋਰਚਾ ਲਾਉਣਗੇ ਤਾਂ ਉਹਨਾਂ ਨੂੰ ਕੁਚਲ ਦਿੱਤਾ ਜਾਏਗਾ।
ਫਿਰ 10 ਮਈ 1955 ਨੂੰ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਵਿੱਚ ਤਕਰੀਬਨ ਦੋ ਲੱਖ ਸਿੱਖ ਦਾ ਭਰਵਾਂ ਇਕੱਠ ਹੋਇਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਸਟੇਜ ਤੋਂ ਆਖਿਆ ਕਿ "ਸਿੱਖੋ! ਅਸੀਂ ਅਜ਼ਾਦੀ ਮੰਗਦੇ ਹਾਂ ਅਤੇ ਇਹ ਸਾਨੂੰ ਡੂੰਘੀ ਗ਼ੁਲਾਮੀ ਹੇਠਾਂ ਫ਼ਸਾਉਣ ਨੂੰ ਫਿਰਦੇ ਹਨ। ਅਸੀਂ ਅਜੋਕੀ ਹਾਲਤ ਤੋਂ ਸੰਤੁਸ਼ਟ ਨਹੀਂ ਹਾਂ ਤੇ ਪੰਜਾਬੀ ਸੂਬਾ ਮੰਗਦੇ ਹਾਂ ਪਰ ਇਹ ਸਾਨੂੰ ਪੰਜਾਬੀ ਸੂਬੇ ਦੀ ਮੰਗ ਦਾ ਪ੍ਰਚਾਰ ਕਰਨ ਤੋਂ ਵੀ ਰੋਕਦੇ ਹਨ। ਇਸ ਨਾਅਰੇ 'ਤੇ ਪਾਬੰਦੀ ਲਾ ਦਿੱਤੀ ਗਈ। ਖ਼ਾਲਸਾ ਜੀ! ਇਹ ਸਮਝ ਲਓ ਕਿ ਇਹ ਸਭ ਕੁਝ ਸਾਡੀ ਅਣਖ਼ ਮਾਰਨ ਲਈ ਹੀ ਹੋ ਰਿਹਾ ਹੈ। ਇਹੀ ਕੁਝ ਤਾਂ ਸਾਡੇ ਕੋਲ਼ ਹੈ, ਜੇ ਇਹੋ ਚਲੀ ਗਈ ਤਾਂ ਸਮਝ ਲਓ, ਸਭ ਕੁਝ ਗਿਆ। ਇਸ ਲਈ ਅਣਖ਼ ਕਾਇਮ ਰੱਖਣ ਲਈ ਸਭ ਕੁਝ ਦਾਅ 'ਤੇ ਲਾ ਦਿਓ। ਇਹ ਸਮਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪੂਰਨਿਆਂ 'ਤੇ ਚੱਲ ਕੇ ਸ਼ਾਂਤਮਈ ਰਹਿੰਦਿਆਂ ਹੋਇਆ ਸੀਸ ਭੇਟ ਕਰਨ ਦਾ ਹੈ। ਮੁਕਾਬਲਾ ਹੰਕਾਰੀ ਹਾਕਮਾਂ ਨਾਲ਼ ਹੈ, ਪਰ ਸਾਨੂੰ ਭਰੋਸਾ ਉਸ ਗੁਰੂ ਉੱਤੇ ਹੈ।"
ਮਾਸਟਰ ਜੀ ਦੀ ਤਕਰੀਰ ਨੇ ਸਿੱਖ ਹਿਰਦਿਆਂ ਨੂੰ ਧੁਰ ਅੰਦਰ ਤਕ ਹਲੂਣਿਆਂ ਤੇ ਸਿੱਖ ਕੌਮ ਦਾ ਹਰ ਬੱਚਾ, ਨੌਜਵਾਨ, ਬੀਬੀ ਤੇ ਬਜ਼ੁਰਗ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਹੋ ਗਿਆ। ਮਾਸਟਰ ਜੀ ਨੇ ਫ਼ੈਸਲਾ ਲੈਂਦਿਆਂ ਕਿਹਾ ਕਿ "ਅਸੀਂ ਧਾਰਾ 144 ਨਹੀਂ ਤੋੜਨੀ, ਅਸੀਂ ਸਿਰਫ਼ ਪੰਜਾਬੀ ਸੂਬਾ ਜ਼ਿੰਦਾਬਾਦ ਨਾਅਰੇ 'ਤੇ ਲੱਗੀ ਹੋਈ ਨਜਾਇਜ਼ ਪਾਬੰਦੀ ਤੋੜਨੀ ਹੈ, ਅਸੀਂ ਚਾਰ-ਚਾਰ ਦੇ ਜੱਥਿਆਂ ਵਿੱਚ ਜਾ ਕੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਮਾਰਦਿਆਂ ਗ੍ਰਿਫ਼ਤਾਰੀ ਦੇਵਾਂਗੇ।" ਜਦੋਂ ਮਾਸਟਰ ਜੀ ਆਪਣੇ ਜਥੇ ਸਮੇਤ ਗ੍ਰਿਫ਼ਤਾਰੀ ਦੇਣ ਲਈ ਬਾਹਰ ਨਿਕਲੇ ਤਾਂ ਬ੍ਰਹਮ ਬੂਟਾ ਅਖਾੜਾ ਦੇ ਸਾਹਮਣੇ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਫਿਰ ਇਸ ਮੋਰਚੇ ਨੂੰ ਕੁਚਲਣ ਲਈ ਪੁਲਿਸ ਨੇ ਧੜਾਧੜ ਹੋਰ ਵੀ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮਾਸਟਰ ਤਾਰਾ ਸਿੰਘ ਜੀ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਪ੍ਰਿੰਸੀਪਲ ਇਕਬਾਲ ਸਿੰਘ ਨੂੰ ਮੋਰਚੇ ਦੀ ਅਗਵਾਈ ਸੌਂਪ ਦਿੱਤੀ ਸੀ। ਫਿਰ ਇਸ ਤਰ੍ਹਾਂ ਅਕਾਲੀ ਜਥੇਦਾਰਾਂ ਦੀ ਅਗਵਾਈ ਵਿੱਚ ਹਰ ਰੋਜ਼ ਸਿੱਖਾਂ ਵੱਲੋਂ ਗ੍ਰਿਫ਼ਤਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ, ਮੋਰਚਾ ਪੂਰਾ ਭਖ਼ ਗਿਆ ਸੀ, ਪੰਜਾਬ ਦਾ ਹਰ ਸਿੱਖ ਇਸ ਮੋਰਚੇ ਵਿੱਚ ਹਿੱਸਾ ਲੈਣ ਲੱਗਾ, ਸਿੱਖਾਂ ਦਾ ਹਰ ਰੋਜ਼ ਵੱਡਾ ਇਕੱਠ ਹੁੰਦਾ, ਪੁਲਿਸ ਨੇ ਕਈ ਹੋਰ ਸ਼ਹਿਰਾਂ ਵਿੱਚੋਂ ਵੀ ਅਕਾਲੀ ਆਗੂਆਂ ਨੂੰ ਛਾਪੇ ਮਾਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮੋਰਚੇ ਵਿੱਚ ਸਿੱਖ ਕੌਮ ਦੇ ਬੱਚਿਆਂ, ਨੌਜਵਾਨਾਂ ਬਜ਼ੁਰਗਾਂ ਅਤੇ ਬੀਬੀਆਂ ਨੇ ਵੀ ਵੱਡੀ ਪੱਧਰ 'ਤੇ ਗ੍ਰਿਫ਼ਤਾਰੀਆਂ ਦਿੱਤੀਆਂ ਤੇ ਖ਼ਾਲਸਾਈ ਜਲਵੇ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਹਰ ਰੋਜ਼ ਵੱਡੀ ਗਿਣਤੀ ਵਿੱਚ ਸਿੱਖ ਜੇਲ੍ਹਾਂ ਵਿੱਚ ਜਾਂਦੇ, ਕਿਸੇ ਦਿਨ ਸੱਠ ਤੋਂ ਵੱਧ ਸਿੰਘਾਂ ਦਾ ਜੱਥਾ ਤੇ ਕਿਸੇ ਦਿਨ 100 ਤੋਂ ਵੀ ਵੱਧ ਸਿੰਘਾਂ ਦਾ ਜੱਥਾ ਅਤੇ ਕਿਸੇ ਦਿਨ 1000 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਦਿੰਦਾ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ ਸਨ। ਤਿੰਨ ਮਹੀਨੇ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਵੀ ਆਪਣੇ ਪਰਿਵਾਰਾਂ ਸਮੇਤ ਜੇਲ੍ਹਾਂ ਵਿੱਚ ਗਏ।
ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਲਿਆ ਕਿ ਮੋਰਚੇ ਵਿੱਚ ਗ੍ਰਿਫ਼ਤਾਰੀ ਦੇਣ ਦੀ ਇਜਾਜ਼ਤ ਸਿਰਫ਼ ਉਸ ਨੂੰ ਹੀ ਮਿਲੇਗੀ ਜਿਸ ਨੇ ਅੰਮ੍ਰਿਤ ਛਕਿਆ ਹੋਏਗਾ। ਉਸ ਸਮੇਂ ਸਿੱਖਾਂ ਵਿੱਚ ਪੰਥ ਅਤੇ ਪੰਜਾਬ ਲਈ ਕੁਰਬਾਨੀ ਕਰਨ ਦੀ ਐਨੀ ਚਾਹਤ ਸੀ ਕਿ ਗ੍ਰਿਫ਼ਤਾਰੀ ਦੇਣ ਤੇ ਜੇਲ੍ਹ ਜਾਣ ਵਾਸਤੇ ਅਨੇਕਾਂ ਸਿੱਖਾਂ ਨੇ ਤੁਰੰਤ ਅੰਮ੍ਰਿਤਪਾਨ ਕਰ ਲਿਆ। ਓਦੋਂ ਬਹੁਤਾਂਤ ਸਿੰਘ ਅੰਮ੍ਰਿਤਧਾਰੀ ਹੀ ਸਨ ਤੇ ਬਾਕੀ ਕੇਸਾਧਾਰੀ ਸਨ, ਉਸ ਸਮੇਂ ਸਿੱਖਾਂ ਵਿੱਚ ਪਤਿਤਪੁਣਾ ਨਹੀਂ ਸੀ ਤੇ ਕੇਸਾਂ ਨੂੰ ਕਤਲ ਕਰਵਾਉਣਾ ਸਿੱਖੀ ਤੋਂ ਮੁਨਕਰ ਹੋਣਾ ਤੇ ਗੁਰੂ ਨੂੰ ਬੇਦਾਵਾ ਦੇਣਾ ਸਮਝਿਆ ਜਾਂਦਾ ਸੀ। 
ਇਸ ਮੋਰਚੇ ਕਾਰਨ ਪੂਰੀ ਸਿੱਖ ਕੌਮ ਇੱਕਜੁੱਟ ਹੋ ਚੁੱਕੀ ਸੀ, ਸਿੱਖਾਂ ਵਿੱਚ ਗ੍ਰਿਫ਼ਤਾਰੀਆਂ ਦੇਣ ਦਾ ਜੋਸ਼ ਦਿਨੋਂ-ਦਿਨ ਵੱਧਦਾ ਜਾ ਰਿਹਾ ਸੀ ਤੇ ਸਿੱਖਾਂ ਦੇ ਸਿਰੜ ਨੂੰ ਵੇਖ ਕੇ ਸਰਕਾਰ ਪੂਰੀ ਤਰ੍ਹਾਂ ਘਬਰਾ ਚੁੱਕੀ ਸੀ ਪਰ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਤੋਂ ਪਾਬੰਦੀ ਹਟਾਉਣ ਲਈ ਤਿਆਰ ਨਹੀਂ ਸੀ। 26 ਜੂਨ 1955 ਨੂੰ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਨੌਂ ਬੰਦੂਕਾਂ ਜ਼ਬਤ ਕਰਨ ਦਾ ਐਲਾਨ ਕੀਤਾ ਅਤੇ ਅਗਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ 10 ਬੰਦੂਕਾਂ ਤੇ ਸ਼੍ਰੋਮਣੀ ਕਮੇਟੀ ਦੀਆਂ ਪੰਜ ਬੰਦੂਕਾਂ ਵੀ ਜ਼ਬਤ ਕਰ ਲਈਆਂ। ਸਿੱਖਾਂ ਕੋਲ਼ੋਂ ਹਥਿਆਰ ਖੋਹ ਕੇ ਪੁਲਿਸ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਬੰਦੋਬਸਤ ਕਰ ਚੁੱਕੀ ਸੀ। ਪੁਲਿਸ ਨੇ ਸਾਰੇ ਅਕਾਲੀ ਵਰਕਰਾਂ ਦੀਆਂ ਬੰਦੂਕਾਂ ਅਤੇ ਪਿਸਤੌਲ ਜ਼ਬਤ ਕਰ ਲਏ ਅਤੇ ਮਾਸਟਰ ਤਾਰਾ ਸਿੰਘ ਦੀ ਬੰਦੂਕ ਤੇ ਪਿਸਤੌਲ ਵੀ ਉਹਨਾਂ ਦੇ ਮਕਾਨ ਤੋਂ ਚੁੱਕ ਲਈ। ਪੁਲਿਸ ਨੂੰ ਇਸ ਗੱਲ ਦਾ ਡਰ ਅਤੇ ਖ਼ਤਰਾ ਸੀ ਕਿ ਜਦੋਂ ਅਸੀਂ ਮੋਰਚਾ ਕੁਚਲਣ ਲਈ ਦਰਬਾਰ ਸਾਹਿਬ ਉੱਤੇ ਹਮਲਾ ਕਰਾਂਗੇ ਤਾਂ ਅੱਗੋਂ ਸਿੱਖ ਮੁਕਾਬਲਾ ਕਰ ਸਕਦੇ ਹਨ।
ਜਲੰਧਰ ਡਵੀਜ਼ਨ ਦੇ ਡੀ.ਆਈ.ਜੀ. ਮਹਾਸ਼ਾ ਅਸ਼ਵਨੀ ਕੁਮਾਰ ਨੇ ਮੋਰਚੇ ਨੂੰ ਕੁਚਲਣ ਲਈ ਮੁੱਖ ਮੰਤਰੀ ਭੀਮ ਸੈਨ ਸੱਚਰ ਤੋਂ ਪੰਜ ਦਿਨਾਂ ਦਾ ਸਮਾਂ ਲਿਆ ਅਤੇ ਫਿਰ 3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਅੱਛਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਦਿਆਲ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਅਕਾਲੀ ਦਲ ਦੇ ਦਫ਼ਤਰ ਉੱਤੇ ਵੀ ਹਮਲਾ ਕੀਤਾ ਅਤੇ ਅਲਮਾਰੀਆਂ ਤੋੜ ਕੇ ਸਾਰਾ ਸਮਾਨ ਕੱਢ ਲਿਆ ਅਤੇ ਸਰਾਂ ਵਿੱਚ ਠਹਿਰੇ ਹੋਏ ਪੰਜ-ਛੇ ਸੌ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਟਰੱਕਾਂ ਵਿੱਚ ਬਿਠਾ ਲਿਆ।
ਫਿਰ ਪੁਲਿਸ ਨੇ ਮੰਜੀ ਸਾਹਿਬ ਦੀਵਾਨ ਹਾਲ 'ਤੇ ਵੀ ਕਬਜ਼ਾ ਕਰ ਲਿਆ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦਾ ਸੁਣ ਕੇ ਅਨੇਕਾਂ ਸਿੱਖ ਜਦੋਂ ਓਥੇ ਪਹੁੰਚ ਗਏ ਤਾਂ ਪੁਲਿਸ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਵੇਖ ਕੇ ਹੋਰ ਵੀ ਬੌਖਲਾ ਗਈ ਤੇ ਫਿਰ ਭਾਰਤੀ ਫ਼ੌਜ ਦੀ ਇੱਕ ਟੁਕੜੀ ਵੀ ਓਥੇ ਆ ਗਈ। ਸਿੱਖਾਂ ਦੇ ਰੋਹ ਨੂੰ ਵੇਖਦਿਆਂ ਪੁਲਿਸ ਦੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜਾਣ ਦੀ ਹਿੰਮਤ ਨਾ ਪਈ, ਸਿੱਖਾਂ ਨੇ ਬੜੇ ਜੋਸ਼ ਨਾਲ ਉੱਚੀ-ਉੱਚੀ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਸ਼ਹੀਦੀਆਂ ਦੇਣ ਲਈ ਕਮਰਕੱਸੇ ਕਰ ਲਏ।
ਫਿਰ ਨਾਲ਼ ਹੀ ਪੁਲਿਸ ਨੇ ਸਿੱਖਾਂ ਉੱਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੰਜੀ ਸਾਹਿਬ ਵਿੱਚ ਗੈਸ ਛੱਡ ਦਿੱਤੀ। ਅਨੇਕਾਂ ਸਿੱਖ ਮੰਜੀ ਸਾਹਿਬ ਤੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਵੱਲ ਹੋ ਗਏ ਤੇ ਪੁਲਿਸ ਨੇ ਓਥੇ ਟੀਅਰ ਗੈਸ ਦੇ ਗੋਲੇ ਸੁੱਟੇ। ਉਹ ਅੱਥਰੂ ਗੈਸ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤਕ ਵੀ ਗਈ, ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਪੁਲਿਸ ਦੀਆਂ ਗੋਲ਼ੀਆਂ ਵੱਜੀਆਂ। ਪੁਲਿਸ ਨੇ ਲੰਗਰ ਹਾਲ ਅਤੇ ਪ੍ਰਕਾਸ਼ ਸਥਾਨ 'ਤੇ ਵੀ ਗੋਲੇ ਸੁੱਟੇ ਤੇ ਲੰਗਰ ਹਾਲ ਉੱਤੇ ਕਬਜ਼ਾ ਕਰ ਲਿਆ। ਪੁਲਿਸ ਨੇ ਗੁਰਦੁਆਰਾ ਬਾਬਾ ਅਟੱਲ ਰਾਏ ਅਤੇ ਗੁਰਦੁਆਰਾ ਬੀਬੀ ਕੌਲਸਰ ਸਾਹਿਬ ਉੱਤੇ ਵੀ ਹਮਲਾ ਕੀਤਾ, ਬਾਬਾ ਅਟੱਲ ਰਾਏ ਦੀ ਉੱਪਰਲੀ ਛੱਤ ਉੱਤੇ ਪੁਲਿਸ ਨੇ ਮੋਰਚੇ ਗੱਡ ਲਏ ਅਤੇ ਕੌਂਸਲ ਸਰੋਵਰ ਦੀ ਪ੍ਰਕਰਮਾ ਵਿੱਚ ਪਰੇਡ ਕੀਤੀ।
ਪੁਲਿਸ ਕਿਸੇ ਵੀ ਹਾਲਤ ਵਿੱਚ ਚਾਰ ਜੁਲਾਈ ਨੂੰ ਗ੍ਰਿਫ਼ਤਾਰੀ ਲਈ ਜਥਾ ਨਹੀਂ ਸੀ ਜਾਣ ਦੇਣਾ ਚਾਹੁੰਦੀ। ਪਰ ਹਮਲੇ ਦੇ ਬਾਵਜੂਦ ਵੀ ਸਿੱਖਾਂ ਨੇ ਪੁਲਿਸ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਮੰਜੀ ਸਾਹਿਬ ਹਾਲ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਦੀਵਾਨ ਸਜਾਇਆ ਅਤੇ ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਤਾਰਾ ਸਿੰਘ ਠੇਠਰਾ ਤੇ ਜਥੇਦਾਰ ਬੂਟਾ ਸਿੰਘ ਨੇ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਤੇ ਫਿਰ 63 ਨੌਜਵਾਨ ਸਿੰਘਾਂ ਦਾ ਜੱਥਾ ਅਰਦਾਸਾ ਸੋਧ ਕੇ ਗ੍ਰਿਫ਼ਤਾਰੀ ਦੇਣ ਲਈ ਤੁਰ ਪਿਆ ਤੇ ਉਹਨਾਂ ਨੇ ਪੁਲਿਸ ਦੀਆਂ ਡਾਂਗਾਂ ਆਪਣੇ ਸੀਨੇ 'ਤੇ ਸਹਾਰਦਿਆਂ ਡਟ ਕੇ ਗ੍ਰਿਫ਼ਤਾਰੀ ਦਿੱਤੀ।
ਪੁਲਿਸ ਨੇ ਹੋਰ ਵੀ ਮਰਿਆਦਾ ਭੰਗ ਕਰਦਿਆਂ ਕੜਾਹ ਪ੍ਰਸ਼ਾਦ ਅਤੇ ਲੰਗਰ ਦੇ ਪ੍ਰਸ਼ਾਦੇ ਬਣਾਉਣ ਤੇ ਲਿਆਉਣ 'ਤੇ ਵੀ ਰੋਕ ਲਾ ਦਿੱਤੀ ਤੇ ਅਨੇਕਾਂ ਬੀਬੀਆਂ ਤੋਂ ਪ੍ਰਸ਼ਾਦੇ ਖੋਹ ਕੇ, ਉਹਨਾਂ ਨਾਲ ਬਦਸਲੂਕੀ ਕਰਦਿਆਂ ਗ੍ਰਿਫ਼ਤਾਰ ਕਰ ਲਿਆ। ਪਰ ਫਿਰ ਵੀ ਸੰਗਤ ਘਬਰਾਈ ਨਾ ਤੇ ਅੰਦਰ ਫਸੇ ਸਿੰਘਾਂ ਦੇ ਲਈ ਲੰਗਰ ਲਿਆਉਣਾ ਜਾਰੀ ਰੱਖਿਆ। ਤਿੰਨ-ਚਾਰ ਦਿਨ ਇਹੋ ਕੁਝ ਵਾਪਰਦਾ ਰਿਹਾ ਪਰ ਇਸ ਦੇ ਬਾਵਜੂਦ ਵੀ ਪੁਲਿਸ ਸਿੱਖਾਂ ਦੇ ਮੋਰਚੇ ਨੂੰ ਫੇਲ੍ਹ ਨਾ ਕਰ ਸਕੀ। ਪੰਜ, ਛੇ, ਸੱਤ ਤੇ ਅੱਠ ਜੁਲਾਈ ਨੂੰ ਵੀ ਸਿੱਖਾਂ ਦੇ ਜਥੇ ਗ੍ਰਿਫ਼ਤਾਰੀ ਦੇਣ ਲਈ ਨਿਕਲੇ।
ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੇ ਖ਼ਿਲਾਫ਼ ਸਿੱਖਾਂ ਵਿੱਚ ਰੋਹ ਭੜਕ ਉੱਠਿਆ, ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ ਮੁਕੰਮਲ ਹੜਤਾਲ ਕਰ ਦਿੱਤੀ, ਫਿਰ ਅਗਲੇ ਦਿਨ ਪੰਜਾਬ ਦੇ ਸਾਰੇ ਸਿੱਖ ਦੁਕਾਨਦਾਰਾਂ ਨੇ ਹੜਤਾਲ ਕੀਤੀ। ਸਰਕਾਰ ਨੇ ਸਿੱਖਾਂ ਦੀਆਂ ਅਖ਼ਬਾਰਾਂ 'ਪ੍ਰਭਾਤ' ਅਤੇ 'ਅਕਾਲੀ' ਦੀ ਪ੍ਰੈੱਸ ਸੀਲ ਕਰ ਦਿੱਤੀ ਅਤੇ ਅਜੀਤ ਅਖ਼ਬਾਰ ਤੇ ਅਕਾਲੀ ਪੱਤ੍ਰਿਕਾ ਛਪਣ 'ਤੇ ਵੀ ਪਾਬੰਦੀ ਲਾ ਦਿੱਤੀ। ਪੁਲਿਸ ਨੇ ਚਾਰ ਦਿਨ ਦਰਬਾਰ ਸਾਹਿਬ ਵਿੱਚ ਕਹਿਰ ਮਚਾਈ ਰੱਖਿਆ, ਪਰ ਫਿਰ ਓਥੋਂ ਨਿਕਲਣ ਲਈ ਮਜਬੂਰ ਹੋ ਗਈ।
ਸ਼੍ਰੋਮਣੀ ਕਮੇਟੀ ਦੇ 138 ਵਿੱਚੋਂ 113 ਮੈਂਬਰ ਜੇਲ੍ਹਾਂ ਵਿੱਚ ਸਨ। 9 ਜੁਲਾਈ ਨੂੰ ਬੀਬੀ ਗੁਰਦਿਆਲ ਕੌਰ ਦੀ ਅਗਵਾਈ ਵਿੱਚ 139 ਬੀਬੀਆਂ ਦੇ ਜਥੇ ਨੇ ਸ਼ਹਿਰ ਵਿੱਚ ਮਾਰਚ ਕੀਤਾ, 10 ਜੁਲਾਈ ਨੂੰ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਦੀ ਸਿੰਘਣੀ ਬੀਬੀ ਮਨਮੋਹਨ ਕੌਰ 150 ਦੀ ਗਿਣਤੀ ਵਿੱਚ ਜੱਥਾ ਲੈ ਕੇ ਪਹੁੰਚੇ, ਇਸੇ ਦਿਨ ਜੰਮੂ ਦੇ ਮਾਸਟਰ ਤਾਰਾ ਸਿੰਘ ਸ਼ਾਂਤ ਦੀ ਅਗਵਾਈ ਵਿੱਚ ਵੀ 261 ਸਿੰਘਾਂ ਦਾ ਜੱਥਾ ਗ੍ਰਿਫ਼ਤਾਰੀ ਦੇਣ ਲਈ ਤੁਰਿਆ। 11 ਜੁਲਾਈ ਨੂੰ ਐਮ ਐਲ ਏ ਸਰਦਾਰ ਪ੍ਰੀਤਮ ਸਿੰਘ ਮੋਫ਼ਰ ਛੇ ਸੌ ਸਿੰਘਾਂ ਦਾ ਜੱਥਾ ਲੈ ਕੇ ਨਿਕਲੇ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ, 12 ਜੁਲਾਈ ਨੂੰ ਸਰਦਾਰ ਗੁਰਬਚਨ ਸਿੰਘ ਫ਼ਤਹਿਗੜ੍ਹ ਦੀ ਅਗਵਾਈ ਹੇਠ 250 ਸਿੰਘਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚਿਆ। ਅਜੇ ਜਥਾ ਤੁਰਨ ਹੀ ਲੱਗਾ ਸੀ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਜੋ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਆਏ ਤੇ ਸਰਕਾਰ ਵੱਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ 'ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿੱਤੀ ਤੇ ਜਥੇ ਨੂੰ ਰੋਕਣ ਲਈ ਬੇਨਤੀ ਕੀਤੀ। ਅਕਾਲੀ ਆਗੂਆਂ ਨੇ ਕਿਹਾ ਕਿ ਜਥੇ ਨੇ ਚਾਲਾ ਪਾਉਣ ਦੀ ਅਰਦਾਸ ਕਰ ਲਈ ਹੈ, ਇਹ ਜਥਾ ਹੁਣ ਜਰੂਰ ਤੁਰੇਗਾ। ਫਿਰ ਇਹ ਜਥਾ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੋਇਆ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚੋਂ ਹੋ ਕੇ ਵਾਪਸ ਮੰਜੀ ਸਾਹਿਬ ਆ ਗਿਆ।
ਇਸ ਤਰ੍ਹਾਂ 64 ਦਿਨਾਂ ਤੋਂ ਚੱਲਦਾ ਆ ਰਿਹਾ ਮੋਰਚਾ 12 ਜੁਲਾਈ 1955 ਨੂੰ ਖ਼ਾਲਸਾ ਪੰਥ ਨੇ ਜਿੱਤ ਲਿਆ ਤੇ ਸਰਕਾਰ ਨੂੰ ਆਪਣੀ ਹਾਰ ਮੰਨਣੀ ਪਈ। ਇਸ ਮੋਰਚੇ ਵਿੱਚ ਦੋ ਸਿੰਘਾਂ ਦੀ ਸ਼ਹੀਦੀ,‌ 200 ਦੇ ਕਰੀਬ ਸਿੰਘ ਜ਼ਖ਼ਮੀ ਅਤੇ 12 ਹਜ਼ਾਰ ਤੋਂ ਵੱਧ ਸਿੰਘਾਂ-ਸਿੰਘਣਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ। ਫਿਰ 10 ਅਕਤੂਬਰ 1955 ਨੂੰ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਮੰਜੀ ਸਾਹਿਬ ਵਿਖੇ ਖ਼ਾਲਸਾ ਪੰਥ ਅੱਗੇ ਪੇਸ਼ ਹੋ ਕੇ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਪੁਲਿਸ ਦੇ ਹਮਲੇ ਦੀ ਮੁਆਫ਼ੀ ਮੰਗੀ।
ਜਿਹੜੇ ਆਖਦੇ ਨੇ ਕਿ ਜੂਨ 1984 ਵਿੱਚ ਸੰਤ ਭਿੰਡਰਾਂਵਾਲਿਆਂ ਦੇ ਕਰਕੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਉਹ ਜਵਾਬ ਦੇਣਗੇ ਕਿ ਕੀ ਜੁਲਾਈ 1955 ਵਿੱਚ ਵੀ ਸੰਤ ਭਿੰਡਰਾਂਵਾਲੇ ਦਰਬਾਰ ਸਾਹਿਬ ਵਿੱਚ ਬੈਠੇ ਸਨ ? ਓਦੋਂ ਵੀ ਭਾਰਤੀ ਹਕੂਮਤ ਨੇ ਸਿੱਖਾਂ ਦੀ ਇੱਕ ਛੋਟੀ ਜਿਹੀ ਮੰਗ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਉੱਤੋਂ ਪਬੰਦੀ ਹਟਾਈ ਜਾਵੇ ਮੰਨਣ ਦੀ ਬਜਾਏ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ। ਜਿਹੜੇ ਕਹਿੰਦੇ ਨੇ ਸੰਤ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੋਰਚਾ ਲਾ ਕੇ ਇੱਥੋਂ ਗ੍ਰਿਫ਼ਤਾਰੀਆਂ ਲਈ ਜਥੇ ਨਹੀਂ ਸੀ ਭੇਜਣੇ ਚਾਹੀਦੇ ਉਹਨਾਂ ਨੂੰ ਜਵਾਬ ਹੈ ਕਿ ਜੁਲਾਈ 1955 ਵਾਲਾ ਮੋਰਚਾ ਵੀ ਸਿੱਖਾਂ ਨੇ ਇੱਥੋਂ ਹੀ ਇਸੇ ਤਰ੍ਹਾਂ ਚਲਾਇਆ ਸੀ ਤੇ ਇਸ ਤੋਂ ਪਹਿਲੇ ਮੋਰਚੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸਾ ਸੋਧ ਕੇ ਇੱਥੋਂ ਹੀ ਚਲਦੇ ਰਹੇ ਨੇ। ਪੰਥ ਦੇ ਹੱਕਾਂ-ਹਕੂਕਾਂ, ਪੰਥਕ ਮਸਲਿਆਂ ਅਤੇ ਰਾਜ ਵਾਸਤੇ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਗਵਾਈ ਕੀਤੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੇਵੇਂ ਪਾਤਸ਼ਾਹ ਨੇ ਸਿਰਜਣਾ ਹੀ ਇਸੇ ਲਈ ਕੀਤੀ ਸੀ।
ਜਿਹੜੇ ਆਖਦੇ ਨੇ ਕਿ ਸੰਤ ਭਿੰਡਰਾਂਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਚਲੇ ਜਾਣਾ ਚਾਹੀਦਾ ਸੀ ਉਹਨਾਂ ਨੂੰ ਜਵਾਬ ਹੈ ਕਿ ਸੰਤ ਭਿੰਡਰਾਂਵਾਲੇ ਧਰਮ ਯੁੱਧ ਮੋਰਚਾ ਛੱਡ ਕੇ ਕਿਉਂ ਜਾਂਦੇ, ਉਹ ਗੁਰੂ ਦੇ ਸਨਮੁੱਖ ਕੀਤੀ ਅਰਦਾਸ ਕਿਉਂ ਤੋੜਦੇ, ਉਹ ਕੌਮ ਨੂੰ ਪਿੱਠ ਕਿਉਂ ਵਿਖਾਉਂਦੇ ਉਹ ਲੌਂਗੋਵਾਲ ਵਾਂਗ ਕਾਇਰ ਅਤੇ ਡਰਪੋਕ ਨਹੀਂ ਸਨ, ਉਹਨਾਂ ਨੇ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਤੇ ਕੌਮ ਦੀ ਆਜ਼ਾਦੀ ਲਈ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਜਿਵੇਂ ਜੁਲਾਈ 1955 ਵਾਲੇ ਪੰਜਾਬੀ ਸੂਬਾ ਮੋਰਚੇ ਸਮੇਂ ਵੀ ਸਿੱਖ ਡਟੇ ਰਹੇ ਸਨ, ਉਹਨਾਂ ਨੇ ਪੁਲਿਸ ਦਾ ਜ਼ੁਲਮ ਝੱਲਿਆ ਤੇ ਪੁਲਿਸ ਦੇ ਹਮਲੇ ਦੇ ਬਾਵਜੂਦ ਵੀ ਗ੍ਰਿਫ਼ਤਾਰੀਆਂ ਦੇ ਜਥੇ ਭੇਜ ਕੇ ਮੋਰਚਾ ਜਾਰੀ ਰੱਖਿਆ। ਸੰਤ ਭਿੰਡਰਾਂਵਾਲੇ ਵੀ ਆਖਰੀ ਸਾਹਾਂ ਤਕ ਮੋਰਚੇ ਨੂੰ ਜਾਰੀ ਰੱਖਣ ਲਈ ਦ੍ਰਿੜ ਰਹੇ ਤੇ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਵਾਂਗ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਭਾਰਤੀ ਫ਼ੌਜ ਨੂੰ ਕਰਾਰਾ ਜਵਾਬ ਦਿੱਤਾ ਤੇ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ। ਅਸਲ ਵਿੱਚ ਭਾਰਤੀ ਹਕੂਮਤ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਮਾੜੀਆਂ ਹਨ, ਉਹ ਸਿੱਖਾਂ ਦੇ ਜਾਇਜ਼ ਹੱਕ ਦੇਣ ਦੀ ਬਜਾਏ ਸਿੱਖਾਂ ਦੇ ਗੁਰਧਾਮਾਂ 'ਤੇ ਹਮਲੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਇਸ ਕਰਕੇ ਸੰਤ ਭਿੰਡਰਾਂਵਾਲਿਆਂ ਅਤੇ ਹੋਰ ਯੋਧਿਆਂ 'ਤੇ ਉਂਗਲ ਚੁੱਕਣ ਦੀ ਬਜਾਏ ਭਾਰਤੀ ਹਿੰਦੂਤਵੀ ਹਕੂਮਤ ਦੀ ਫ਼ਿਰਕੂ ਸੋਚ ਨੂੰ ਸਮਝਣਾ ਚਾਹੀਦਾ ਹੈ। ਪੰਜਾਬੀ ਸੂਬਾ ਮੋਰਚਾ ਅਤੇ ਧਰਮ ਯੁੱਧ ਮੋਰਚਾ ਵਿੱਚ ਕੁਰਬਾਨੀਆਂ ਕਰਨ ਵਾਲੇ ਸਮੂਹ ਸਿੰਘਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ:+918872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.